ਬੀਜ ਘੁਟਾਲੇ ‘ਤੇ ਭਖੀ ਸਿਆਸਤ, ਐਸਆਈਟੀ ਵੱਲੋਂ ਕੀਤੀ ਜਾਵੇਗੀ ਜਾਂਚ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਝੋਨਾ ਬੀਜ ਘੁਟਾਲੇ ‘ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਲੈ ਕੇ ਕੈਪ‍ਟਨ ਸਰਕਾਰ ‘ਤੇ ਵਾਰ ਤੇਜ ਕਰ ਦਿੱਤਾ ਹੈ। ਇਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ( ਐਸਆਈਟੀ ) ਤੋਂ ਕਰਾਉਣ ਦਾ ਫੈਸਲਾ ਲਿਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਸ ਦੀ ਜਾਂਚ ਲਈ ਐਸਆਈਟੀ ( ਸਪੈਸ਼ਲ ਇਨਵੈਸਟਿਗੇਸ਼ਨ ਟੀਮ) ਦਾ ਗਠਨ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਵੀ ਜਾਂਚ ਜਾਰੀ ਰੱਖੇਗਾ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਅਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਝੋਨੇ ਦੀ ਨਵੀਂ ਕਿਸਮ ਪੀਆਰ-128 ਅਤੇ ਪੀਆਰ-129 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਨਜ਼ੂਰੀ ਤੋਂ ਬਿਨਾਂ ਬਾਜ਼ਾਰ ਵਿੱਚ ਤਿੰਨ ਗੁਣਾ ਕੀਮਤ ਵਿੱਚ ਵਿਕਣ ‘ਤੇ ਸੂਬਾ ਸਰਕਾਰ ਘਿਰ ਗਈ ਹੈ।

ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਨੇ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਦੀ ਅਗਵਾਈ ਵਿੱਚ ਐਸਆਈਟੀ ਬਣਾਈ ਹੈ। ਇਸ ਵਿੱਚ ਏਡੀਸੀਪੀ ਸਪੈਸ਼ਲ ਬ੍ਰਾਂਚ ਜਗਤਪ੍ਰੀਤ ਸਿੰਘ, ਏਸੀਪੀ ਸਿਵਲ ਲਾਈਨਸ ਜਤਿੰਦਰ ਚੋਪੜਾ ਅਤੇ ਥਾਣਾ ਡਿਵੀਜ਼ਨ ਪੰਜ ਦੀ ਮੁਖੀ ਰਿਚਾ ਰਾਣੀ ਨੂੰ ਸ਼ਾਮਲ ਕੀਤਾ ਗਿਆ ਹੈ। ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਅਧਿਕਾਰੀ ਡਾ . ਨਰਿੰਦਰ ਸਿੰਘ ਬੈਨਿਪਾਲ ਨਾਲ ਗੱਲਬਾਤ ਕੀਤੀ ਸੀ।

Share this Article
Leave a comment