ਬਾਦਲਾਂ ਤੋਂ ਬਾਅਦ ਖਹਿਰਾ ਨਾਲ ਲੜ ਪਏ ਟਕਸਾਲੀ, ਕਹਿੰਦੇ ਕੰਮ ਕਰੇ ਖਹਿਰਾ, ਅਸੀਂ ਇਕੱਲੇ ਲੜ ਸਕਦੇ ਹਾਂ ਚੋਣਾਂ

Prabhjot Kaur
3 Min Read

ਤਰਨ ਤਾਰਨ : ਇੰਝ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਬਾਦਲਾਂ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਵੀ ਲੜ ਪਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਇਨ੍ਹਾਂ ਸਾਰਿਆਂ ਵੱਲੋਂ ਬਣਾਏ ਜਾ ਰਹੇ ਮਹਾਂ ਗੱਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਰੌਲਾ ਪੈ ਗਿਆ ਹੈ। ਟਕਸਾਲੀਆਂ ਦਾ ਇਹ ਦਾਅਵਾ ਹੈ ਕਿ ਆਨੰਦਪੁਰ ਸਾਹਿਬ ਦੀ ਸੀਟ ‘ਤੇ ਹੱਕ ਉਨ੍ਹਾਂ ਦਾ ਹੈ ਤੇ ਖਹਿਰਾ ਦੀ ਸਹਿਯੋਗੀ ਬਹੁਜਨ ਸਮਾਜ ਪਾਰਟੀ ਵਾਲੇ ਇੱਥੋਂ ਚੋਣ ਲੜਨਾ ਆਪਣਾ ਹੱਕ ਸਮਝਦੇ ਹਨ। ਅਜਿਹੇ ਵਿੱਚ ਟਕਸਾਲੀਆਂ ਵੱਲੋਂ ਬੀਰਦਵਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨ ਦੇਣ ਤੋਂ ਬਾਅਦ ਇਨ੍ਹਾਂ ਦੇ ਗੱਠਜੋੜ ਵਿੱਚ ਭੂਚਾਲ ਤੋਂ ਬਾਅਦ ਧਰਤੀ ‘ਚ ਪਏ ਪਾੜ ਵਰਗੀ ਤੇੜ ਪੈ ਗਈ ਹੈ। ਬ੍ਰਹਮਪੁਰਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਖਹਿਰਾ ਭਗਵੰਤ ਮਾਨ ਆਦਿ ਲੋਕ ਉਨ੍ਹਾਂ ਕੋਲ 2-2,3-3 ਵਾਰ ਆਏ ਤੇ ਉਨ੍ਹਾਂ ਨੂੰ ਉਨ੍ਹਾਂ (ਬ੍ਰਹਮਪੁਰਾ) ਨੇ ਹੀ ਕਿਹਾ ਸੀ ਕਿ ਸਾਰੇ ਮਹਾਂ ਗੱਠਜੋੜ ਬਣਾ ਕੇ ਚੋਣਾਂ ਲੜੀਏ ਤਾਂ ਕਿ ਵੋਟਾਂ ਵੰਡੀਆਂ ਨਾ ਜਾਣ ਕਿਉਂਕਿ ਜੇਕਰ ਵੋਟਾਂ ਵੰਡੀਆਂ ਗਈਆਂ ਤਾਂ ਸਾਰੇ ਚੋਣ ਹਾਰ ਜਾਵਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਕੀ ਪਤਾ ਸੀ ਇਨ੍ਹਾਂ ਲੋਕਾਂ ਦੇ ਮਨਾਂ ਅੰਦਰ ਕੀ ਹੈ ਇਨ੍ਹਾਂ ਨੇ ਆਪ ਹੀ ਟਿਕਟਾਂ ਦੀ ਵੰਡ ਕਰ ਲਈ। ਬ੍ਰਹਮਪੁਰਾ ਅਨੁਸਾਰ ਆਨੰਦਪੁਰ ਸਾਹਿਬ ਦੀ ਸੀਟ ‘ਤੇ ਟਕਸਾਲੀ ਅਕਾਲੀ ਦਲ ਦਾ ਹੱਕ ਬਣਦਾ ਹੈ ਕਿਉਂਕਿ ਜੇਕਰ ਪਿਛਲੇ 20-25 ਸਾਲ ਦਾ ਇਤਹਾਸ ਚੁੱਕ ਕੇ ਦੇਖਿਆ ਜਾਵੇ ਤਾਂ ਉੱਥੇ ਜਾਂ ਤਾਂ ਕਾਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਹਨ ਤੇ ਜਾਂ ਫਿਰ ਅਕਾਲੀਆਂ ਦੇ।

ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਬਹੁਜਨ ਸਮਾਜ ਪਾਰਟੀ ਵਾਲਿਆਂ ਨੂੰ ਤਾਂ ਉੱਥੇ 2 ਪ੍ਰਤੀਸ਼ਤ ਵੋਟਾਂ ਹੀ ਪੈਂਦੀਆਂ ਆਈਆਂ ਹਨ ਤੇ ਇਨ੍ਹਾਂ ਦਾ ਕੋਈ ਉਮੀਦਵਾਰ ਕਦੇ ਵੀ ਉੱਥੇ ਚੋਣ ਨਹੀਂ ਜਿੱਤਿਆ। ਲਿਹਾਜ਼ਾ ਬੀਐਸਪੀ ਦਾ ਉੱਥੇ ਕੋਈ ਹੱਕ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਹੁਣ ਜੇਕਰ ਅਸੀਂ ਉੱਥੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਉਹ ਬਿਲਕੁਲ ਸਹੀ ਫੈਸਲਾ ਹੈ। ਬ੍ਰਹਮਪੁਰਾ ਅਨੁਸਾਰ ਇਸ ਤੋਂ ਬਾਅਦ ਜੇਕਰ ਖਹਿਰਾ ਅਤੇ ਉਸ ਦੇ ਸਾਥੀ ਸਾਨੂੰ ਸ਼ੀਟ ਛੱਡਣ ਲਈ ਕਹਿੰਦੇ ਹਨ ਤਾਂ ਇਹ ਸਾਡੇ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ 2-2, 3-3 ਪਾਰਟੀਆਂ ਬਣਾ ਕੇ ਕਹਿੰਦੇ ਨੇ ਕਿ ਸਾਰਿਆਂ ਨੂੰ 3-3 ਟਿਕਟਾਂ ਦਿਓ ਤੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਉਹ 2 ਸੀਟਾਂ ਲੈ ਲਓ ਜਿਹੜੀਆਂ ਰਹਿੰਦੀਆਂ-ਖੂੰਹਦੀਆਂ ਹਨ, ਇਹ ਟਕਸਾਲੀਆਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਹੈ ਕਿਉਂਕਿ ਅਜੇ ਵੀ ਗੱਲਬਾਤ ਜਾਰੀ ਹੈ, ਦੇਖੋ ਕੀ ਨਤੀਜਾ ਨਿਕਲਦਾ ਹੈ।

 

- Advertisement -

Share this Article
Leave a comment