ਚੰਡੀਗੜ੍ਹ : ਪੰਜਾਬ ਦੇ ਕੈਬਨਿੱਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਤੇ ਸਦਾ ਸਹੀ ਗੱਲ ਕਹਿੰਦੇ ਰਹਿਣਗੇ। ਰੰਧਾਵਾ ਅਨੁਸਾਰ ਇਸ ਦੌਰਾਨ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੇ ਆਪਣੀ ਕਮਜੋਰੀ ਦਿਖਾਈ ਤਾਂ ਉਹ ਉਨ੍ਹਾਂ ਵਿਰੁੱਧ ਵੀ ਠੋਕ ਕੇ ਕਹਿਣਗੇ ਕਿ ਉਹ ਗਲਤ ਹਨ। ਰੰਧਾਵਾ ਨੇ ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਜਾਂਚ ਬਿਲਕੁਲ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਨੂੰ ਸਾਰਥਕ ਨਤੀਜਿਆਂ ਵੱਲ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਇਹ ਪਤਾ ਲੱਗ ਰਿਹਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਦਾ ਹੱਥ ਹੈ ਤੇ ਬਹਿਬਲ ਕਲਾਂ ਵਿਖੇ ਵੀ ਗੋਲੀ ਉਸੇ ਦੇ ਇਸ਼ਾਰੇ ‘ਤੇ ਚੱਲੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੈਣੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹ ਪੁੱਠਾ ਸਿੱਧਾ ਬੋਲ ਰਿਹਾ ਹੈ।
ਕੈਬਨਿੱਟ ਮੰਤਰੀ ਅਨੁਸਾਰ ਸਾਬਕਾ ਡੀਜੀਪੀ ਮੀਡੀਆ ਵਿੱਚ ਕੁਝ ਮੰਤਰੀਆਂ ਦੇ ਨਾਮ ਲੈ ਰਿਹਾ ਹੈ, ਜੋ ਕਿ ਉਸ ਦੀ ਬੌਖਲਾਹਟ ਦਾ ਨਤੀਜਾ ਹੈ। ਰੰਧਾਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਮਰਾਨੰਗਲ ਤੋਂ ਪਹਿਲਾਂ ਜੇਕਰ ਐਸਆਈਟੀ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਪੁੱਛਗਿੱਛ ਕਰਦੀ ਤਾਂ ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਦਾ ਪਤਾ ਲੱਗ ਸਕਦਾ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਸੈਣੀ ਦਾ ਸੇਵਾ ਕਾਲ ਹਰ ਵਾਰ ਵਿਵਾਦਾਂ ‘ਚ ਘਿਰਿਆ ਰਿਹਾ।