ਫਿਰੋਜਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਸੁਖਬੀਰ ਬਾਦਲ ?

Prabhjot Kaur
4 Min Read

ਫਿਰੋਜ਼ਪੁਰ : ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਕਾਰਨ ਚਾਰੋਂ ਪਾਸੋਂ ਘਿਰਦੇ ਜਾ ਰਹੇ ਸ੍ਰੋਮਣੀ ਅਕਾਲੀ ਦਲ ਨੇ ਇਸ ਵਾਰ ਵੱਡੇ ਪੱਤੇ ਖੇਡਣ ਦੀ ਠਾਣ ਲਈ ਹੈ। ਜਿੱਥੇ ਇੱਕ ਪਾਸੇ ਪਾਰਟੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਲਈ ਮਜਬੂਤ ਦਾਅਵੇਦਾਰ ਮੰਨਦੀ ਹੈ, ਉੱਥੇ ਦੂਜੇ ਪਾਸੇ ਚਰਚਾਵਾਂ ਦਾ ਬਜ਼ਾਰ ਇਹ ਵੀ ਗਰਮ ਹੈ ਕਿ ਇਸ ਸੀਟ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਆਪ ਖੁਦ ਚੋਣ ਲੜ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਕਿ ਪਾਰਟੀ ਦੇ ਮੌਜੂਦਾ ਅਤੇ ਬਾਗੀ ਹੋ ਕੇ ਕਾਂਗਰਸ ‘ਚ ਜਾ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਇੱਥੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ, ਤੇ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਘੁਬਾਇਆ ਦੀ ਬਰਾਦਰੀ ਵਾਲੀ ਵੋਟ ਦੋਫਾੜ ਹੋਣ ਅਤੇ ਸਾਬਕਾ ਕਾਂਗਰਸੀ ਮੰਤਰੀ ਹੰਸ ਰਾਜ ਜੋਸ਼ਨ, ਮਹਿੰਦਰ ਸਿੰਘ ਰਿਣਵਾਂ ਅਤੇ ਰਾਣਾ ਸੋਢੀ ਦੀਆਂ ਵਿਰੋਧੀ ਸੁਰਾਂ ਦਾ ਅਹਿਸਾਸ ਕਰਕੇ ਇਸ ਸੀਟ ‘ਤੇ ਆਪਣਾ ਦਾਅ ਖੇਡਣਾ ਚਾਹੁੰਦੇ ਹਨ। ਅਜਿਹੇ ਵਿੱਚ ਜੇਕਰ ਇੰਝ ਹੁੰਦਾ ਹੈ ਤਾਂ ਇਸ ਵਾਰ ਇਹ ਚੋਣ ਸਮੀਕਰਨ ਕੋਈ ਵੀ ਪਾਸਾ ਪਲਟ ਸਕਦੇ ਹਨ।

ਸੁਖਬੀਰ ਬਾਦਲ ਦੇ ਇੱਥੋਂ ਚੋਣ ਲੜਨ ਦੇ ਦਾਅਵੇ ਇਸ ਲਈ ਵੀ ਕੀਤੇ ਜਾ ਰਹੇ ਹਨ ਕਿਉਂਕਿ ਬੀਤੇ 20 ਦਿਨ ਤੋਂ ਬਾਦਲ ਪਰਿਵਾਰ ਨੇ ਇਸੇ ਇਲਾਕੇ ਵਿੱਚ ਡੇਰਾ ਲਾਇਆ ਹੋਇਆ ਹੈ ਤੇ ਜਿੱਥੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਫਾਜ਼ਿਲਕਾ ਤੇ ਜਲਾਲਾਬਾਦ ਇਲਾਕਿਆਂ ਦੇ ਦੌਰੇ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸੁਖਬੀਰ ਬਾਦਲ ਫਾਜ਼ਿਲਕਾ,ਅਬੋਹਰ, ਬੱਲੂਆਣਾ ਇਲਾਕਿਆਂ ਦੇ ਲੋਕਾਂ ਵਿੱਚ ਵਿਚਰ ਰਹੇ ਹਨ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਅਤੇ ਗੁਲਜ਼ਾਰ ਸਿੰਘ ਰਣੀਕੇ ਅਬੋਹਰ ਅਤੇ ਜਨਮੇਜਾ ਸਿੰਘ ਸੋਖੋਂ ਫਿਰੋਜ਼ਪੁਰ ਦੇ ਵੋਟਰਾਂ ਦੀ ਨਬਜ਼ ਟੋਅ ਰਹੇ ਹਨ।

ਹਲਕਾ ਫਿਰੋਜ਼ਪੁਰ ਦੀ ਜੇਕਰ ਵੋਟ ਪ੍ਰਤੀਸ਼ਤ ‘ਤੇ ਇੱਕ ਪੰਛੀ ਝਾਤ ਮਾਰੀ ਜਾਵੇ ਤਾਂ ਸਾਨੂੰ ਪਤਾ ਲੱਗੇਗਾ ਕਿ ਮੌਜੂਦਾ ਸਮੇਂ ਇੱਥੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਰਾਏ ਸਿੱਖ ਬਰਾਦਰੀ ਨਾਲ ਸਬੰਧ ਰਖਦੇ ਹਨ। ਜਿਨ੍ਹਾਂ ਦਾ ਹਲਕੇ ਅੰਦਰ ਵੱਡਾ ਅਧਾਰ ਮੰਨਿਆਂ ਜਾਂਦਾ ਹੈ, ਇਸ ਤੋਂ ਇਲਾਵਾ ਤਰ੍ਹਾਂ ਇੱਥੇ 24 ਪ੍ਰਤੀਸ਼ਤ ਜੱਟ ਸਿੱਖ, 14 ਪ੍ਰਤੀਸ਼ਤ ਕੰਬੋਜ਼ ਭਾਈਚਾਰੇ, 32 ਪ੍ਰਤੀਸ਼ਤ ਹਿੰਦੂ ਅਰੋੜਾ ਖੱਤਰੀ, ਤੇ 11 ਪ੍ਰਤੀਸ਼ਤ ਹੋਰ ਬਰਾਦਰੀਆਂ ਨਾਲ ਸਬੰਧ ਰੱਖਦੇ ਲੋਕਾਂ ਦੀ ਹੈ, ਪਰ ਇਹ ਵੋਟਾਂ ਅਕਸਰ ਵੰਡੀਆਂ ਜਾਂਦੀਆਂ ਹਨ। ਇੱਥੋਂ 2-2 ਵਾਰ ਘੁਬਾਇਆ ਅਤੇ ਮੋਹਨ ਸਿੰਘ ਫਲੀਆਂਵਾਲਾ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਮੁੱਖ ਕਾਰਨ ਹੀ ਰਾਏ ਸਿੱਖ ਬਰਾਦਰੀ ਨੂੰ ਮੰਨਿਆਂ ਜਾਂਦਾ ਹੈ। ਜਿਸ ਦਾ ਵੋਟ ਪ੍ਰਤੀਸ਼ਤ  ਤਾਂ 19 ਹੈ ਪਰ ਇਹ ਵੋਟ ਬੈਂਕ ਜਿਸ ਆਗੂ ਨਾਲ ਵੀ ਜੁੜਦਾ ਹੈ ਇਮਾਨਦਾਰ ਹੋ ਕੇ ਜੁੜਦਾ ਹੈ ਤੇ ਜ਼ਿਆਦਾਤਰ ਉਸੇ ਦੀ ਜਿੱਤ ਪੱਕੀ ਹੁੰਦੀ ਹੈ। ਦੱਸ ਦਈਏ ਕਿ ਪਿਛਲੀਆਂ 15 ਲੋਕ ਸਭਾ ਚੋਣਾਂ ਦੌਰਾਨ ਇੱਥੋਂ 7 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ ਤੇ ਹੁਣ ਵੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਕੁੱਲ 9 ਹਲਕਿਆਂ ਵਿੱਚੋਂ ਜਲਾਲਾਬਾਦ ਤੇ ਮੁਕਤਸਰ ‘ਚ ਅਕਾਲੀ ਅਤੇ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਜਦਕਿ 6 ਹਲਕਿਆਂ ਤੇ ਅੱਜ ਵੀ ਕਾਂਗਰਸ ਕਾਬਜ਼ ਰਹੀ ਹੈ।

ਹੁਣ ਜੇਕਰ ਮੌਜੂਦਾ ਹਲਾਤ ‘ਤੇ ਨਿਗ੍ਹਾ ਮਾਰੀਏ ਤਾਂ ਇਸ ਵੇਲੇ ਬਾਦਲ ਪਰਿਵਾਰ ਪੰਜਾਬ ਵਿੱਚ ਆਉਂਦੀਆਂ ਲੋਕ ਸਭਾ ਚੋਣਾ ਦੌਰਾਨ ਕੋਈ ਵੀ ਅਜਿਹਾ ਮੌਕਾ ਨਹੀਂ ਖੁੰਝਣਾ ਚਾਹੁੰਦਾ, ਜਿਸ ਕਾਰਨ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੌਰਾਨ ਕੋਈ ਨੁਕਸਾਨ ਹੋਵੇ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਵਿਰੋਧੀ ਦਲਾਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਕੀਤੇ ਜਾਣ ਵਾਲੇ ਐਲਾਨਾਂ ਉੱਤੇ ਬਾਜ਼ ਅੱਖ ਰੱਖੀ ਬੈਠਾ ਹੈ, ਤੇ ਜੇਕਰ ਸ਼ੇਰ ਸਿੰਘ ਘੁਬਾਇਆ ਇੱਥੋਂ ਕਾਂਗਰਸ ਟਿਕਟ ਹਾਸਲ ਕਰਨ ਵਿੱਚ ਨਾਕਾਮ ਰਹਿੰਦੇ ਹਨ ਤਾਂ ਛੋਟੇ ਬਾਦਲ ਇੱਥੋਂ ਆਪ ਮੈਦਾਨ ਵਿੱਚ ਨਾ ਉਤਰ ਕੇ ਪੰਜਾਬ ਦੇ ਸਾਬਕਾ ਮੰਤਰੀ ਤੇ ਇੱਥੋਂ ਸਾਬਕਾ ਵਿਧਾਇਕ ਜਨਮੇਜ਼ਾ ਸਿੰਘ ਸੇਖੋਂ ਨੂੰ ਵੀ ਚੋਣ ਲੜਵਾ ਸਕਦੇ ਹਨ।

- Advertisement -

 

Share this Article
Leave a comment