ਪੈ ਗਿਆ ਪਟਾਕਾ, SIT ਮੈਂਬਰਾਂ ਨੂੰ ਸੱਦ ਲਿਆ DGP ਨੇ, ਪਹਿਲੀ ਵਾਰ ਨਹੀਂ ਦੂਜੀ ਵਾਰ ਦੋ ਫਾੜ ਹੋਈ SIT, ਅਕਾਲੀ ਖੁਸ਼

TeamGlobalPunjab
9 Min Read

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਪੰਜਾਬ ਦੇ ਪੁਲਿਸ ਮਹਾਂ ਨਿਦੇਸ਼ਕ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕੀਤੀ ਗਈ ਲਿਖਤੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਗਈ ਜ਼ੁਬਾਨੀ ਸ਼ਿਕਾਇਤ ਨੇ ਤੁਰੰਤ ਰੰਗ ਦਿਖਾਇਆ ਹੈ ਤੇ ਸੂਬੇ ਦੇ ਕਾਰਜਕਾਰੀ ਡੀਜੀਪੀ ਵੀ.ਕੇ. ਭਾਵਰਾ ਨੇ ਮਾਮਲੇ ਨੂੰ ਸੁਲਝਾਉਣ ਲਈ ਇਸ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਪੰਜਾਂ ਮੈਂਬਰਾਂ ਨੂੰ ਸੋਮਵਾਰ 3 ਜੂਨ 2019 ਨੂੰ ਮੀਟਿੰਗ ਲਈ ਸੱਦ ਲਿਆ ਹੈ। ਡੀਜੀਪੀ ਦੇ ਇਸ ਫੈਸਲੇ ਨੂੰ ਐਸਆਈਟੀ ਮੈਂਬਰਾਂ ਦੀ ਆਪਸੀ ਲੜਾਈ ਕਾਰਨ ਸੂਬਾ ਸਰਕਾਰ ਨੂੰ ਹੋਏ ਸਿਆਸੀ ਨੁਕਸਾਨ ਦੀ ਭਰਪਾਈ ਕੀਤੇ ਜਾਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਕਿਉਂ ਸੱਦਿਆ ਗਿਆ ਹੈ?

ਦੱਸ ਦਈਏ ਕਿ ਬੀਤੇ ਦਿਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਪੰਜਾਂ ਵਿੱਚੋਂ ਚਾਰ ਮੈਂਬਰਾਂ, ਏਡੀਜੀਪੀ ਪ੍ਰਬੋਧ ਕੁਮਾਰ, ਆਈ ਅਰੁਣਪਾਲ ਸਿੰਘ, ਐਸਐਸਪੀ ਕਪੁਰਥਲਾ ਸਤਿੰਦਰ ਸਿੰਘ ਤੇ ਐਸਪੀ ਭੁਪਿੰਦਰ ਸਿੰਘ ਨੇ ਡੀਜੀਪੀ ਪੰਜਾਬ ਨੂੰ ਇੱਕ ਚਿੱਠੀ ਲਿਖ ਕੇ ਇਸ ਜਾਂਚ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਇਨ੍ਹਾਂ ਮੈਂਬਰਾਂ ਦਾ ਇਹ ਦੋਸ਼ ਸੀ, ਕਿ ਲੰਘੀ 28 ਮਈ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਜਿਹੜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ, ਉਹ ਉਸ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਚਾਰਾਂ ਮੈਂਬਰਾਂ ਦਾ ਇਹ ਦੋਸ ਸੀ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚਲਾਨ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ, ਤੇ ਇਨ੍ਹਾਂ ਹਾਲਾਤਾਂ ਵਿੱਚ ਜੇਕਰ ਸਰਕਾਰ ਅਦਾਲਤ ਵਿੱਚ ਇਹ ਕੇਸ ਹਾਰਦੀ ਹੈ ਤਾਂ ਇਸ ਗੱਲ ਦੀ ਜ਼ਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ।

ਇਸ ਲਿਖਤੀ ਸ਼ਿਕਾਇਤ ਤੋਂ ਇਲਾਵਾ ਏਡੀਜੀਪੀ ਪ੍ਰਬੋਧ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਜ਼ੁਬਾਨੀ ਕਲਾਮੀ ਵੀ ਦੱਸ ਦਿੱਤੀ ਸੀ। ਜਿਉਂ ਹੀ ਇਸ ਘਟਨਾ ਨੂੰ ਮੀਡੀਆ ਨੇ ਰਿਪੋਰਟ ਕੀਤਾ ਇਸ ਤੋਂ ਤੁਰੰਤ ਬਾਅਦ ਪੰਜਾਬ ਦੀ ਗਲੀ-ਗਲੀ, ਕੂਚੇ-ਕੂਚੇ ਵਿੱਚ ਇਹ ਮਾਮਲਾ ਡੂੰਘੀ ਚਿੰਤਾ ਦੇ ਨਾਲ ਨਾਲ ਚਰਚਾ ਦਾ ਵਿਸ਼ਾ ਬਣ ਗਿਆ। ਸ਼ਾਇਦ ਇਹੋ ਕਾਰਨ ਹੈ, ਕਿ ਸਰਕਾਰ ਦੀ ਬਦਨਾਮੀ ਹੁੰਦੀ ਦੇਖ ਡੀਜੀਪੀ ਨੇ ਇਨ੍ਹਾਂ ਪੰਜਾਂ ਮੈਂਬਰਾਂ ਨੂੰ ਬਿਨਾਂ ਕੋਈ ਸਮਾਂ ਗਵਾਏ ਮੀਟਿੰਗ ਲਈ ਸੱਦ ਲਿਆ ਹੈ।

ਮੀਟਿੰਗ ਤੋਂ ਬਾਅਦ ਕੀ ਹੋਵੇਗਾ?

ਇਸ ਮੀਟਿੰਗ ਸਬੰਧੀ ਐਸਆਈਟੀ ਦੇ ਇੱਕ ਮੈਂਬਰ ਨੇ ਮੀਡੀਆ ਅੱਗੇ ਪੁਸ਼ਟੀ ਵੀ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਡੀਜੀਪੀ ਦਿਨਕਰ ਗੁਪਤਾ ਦੀ ਗੈਰ ਹਾਜ਼ਰੀ ਵਿੱਚ ਕਾਰਜਕਾਰਨੀ ਡੀਜੀਪੀ ਵੀਕੇ ਭਾਂਵਰਾ ਇਨ੍ਹਾਂ ਐਸਆਈਟੀ ਮੈਂਬਰਾਂ ਦਾ ਪੱਖ ਸੁਣ ਕੇ ਉਸੇ ਦਿਨ ਰਿਪੋਰਟ ਮੁੱਖ ਮੰਤਰੀ ਨੂੰ ਦੇਣਗੇ। ਭਾਵੇਂ ਕਿ ਡੀਜੀਪੀ ਭਾਂਵਰਾ ਵੱਲੋਂ ਉਨ੍ਹਾਂ ਪੰਜਾਂ ਮੈਂਬਰਾਂ ਨੂੰ ਸੱਦਣਾ ਸੂਬੇ ਵਿੱਚ ਇੱਕ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਨੂੰ ਇੱਕ ਆਮ ਮੀਟਿੰਗ ਮੰਨਿਆ ਹੈ, ਤੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਡੀਜੀਪੀ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਵਿਚਲੀ ਕਾਰਵਾਈ ਦੀ ਸਮੀਖਿਆ ਕਰਨਗੇ।

- Advertisement -

ਨਵਾਂ ਨਹੀਂ ਪਿਆ ਸਿੱਟ ਮੈਂਬਰਾਂ ਦਾ ਰੌਲਾ, ਇਸ ਤੋਂ ਪਹਿਲਾਂ ਵੀ ਪੈਦਾ ਹੋ ਚੁੱਕੇ ਹਨ ਵੱਖਰੇਵੇਂ

ਭਾਵੇਂ ਕਿ ਉਕਤ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਿੱਚ ਤਰੇੜ ਪੈਣ ਦੀਆਂ ਖ਼ਬਰਾਂ ਨੇ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਵਿੱਚ ਵੱਡੀ ਹਿਲਜੁਲ ਪੈਦਾ ਕੀਤੀ ਹੈ, ਪਰ ਇਸ ਦੇ ਬਾਵਜੂਦ ਜੇਕਰ ਉੱਚ ਪੱਧਰੀ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਇਸ ਕੇਸ ਦੀ ਜਾਂਚ ਦੌਰਾਨ ਇਨ੍ਹਾਂ ਐਸਆਈਟੀ ਮੈਂਬਰਾਂ ਦਾ ਆਪਸ ਵਿੱਚ ਰੌਲਾ ਪਿਆ ਹੋਵੇ। ਸੂਤਰ ਦਸਦੇ  ਹਨ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਮੈਂਬਰਾਂ ਦਾ ਆਪਸ ਵਿੱਚ ਵੱਖਰੇਵਾਂ ਹੋ ਚੁਕਿਆ ਹੈ, ਪਰ ਉੱਚ ਪੁਲਿਸ ਅਧਿਕਾਰੀਆਂ ਦੇ ਵਿੱਚ ਪੈ ਜਾਣ ਨਾਲ ਮਾਮਲੇ ਨੂੰ ਸੁਲਝਾ ਲਿਆ ਗਿਆ ਸੀ।

ਪੁਲਿਸ ਵਿਭਾਗ ਦੇ ਅੰਦਰੂਨੀ ਸੂਤਰਾਂ ਅਨੁਸਾਰ ਪਹਿਲੀ ਵਾਰ ਇਨ੍ਹਾਂ ਦਾ ਰੌਲਾ ਉਦੋਂ ਪਿਆ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਤੇ ਅਕਸ਼ੈ ਕੁਮਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਣ ਭੇਜੇ ਸਨ। ਸੂਤਰਾਂ ਦਸਦੇ ਹਨ ਕਿ ਉਸ ਵੇਲੇ ਇਸ ਐਸਆਈਟੀ ਦੇ ਸੀਨੀਅਰ ਮੈਂਬਰ ਪ੍ਰਬੋਧ ਕੁਮਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਣ ਭੇਜਣ ਦੇ ਹੱਕ ਵਿੱਚ ਨਹੀਂ ਸਨ।

ਇਹ ਗੱਲ ਵੀ ਵੱਡੇ ਪੱਧਰ ‘ਤੇ ਨਿੱਕਲਕੇ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਕਿਸ ਜਗ੍ਹਾ ‘ਤੇ ਬੁਲਾਇਆ ਜਾਵੇ ਇਸ ਗੱਲ ਨੂੰ ਲੈ ਕੇ ਵੀ ਸਿੱਟ ਮੈਂਬਰਾਂ ਦੀ ਰਾਏ ਇੱਕ ਨਹੀਂ ਸੀ। ਕੁਝ ਮੈਂਬਰ ਸੁਖਬੀਰ ਦੇ ਘਰ ਜਾ ਕੇ ਉਨ੍ਹਾਂ ਤੋਂ ਪੁੱਛ ਗਿੱਛ ਕਰਨਾ ਚਾਹੁੰਦੇ ਸਨ, ਪਰ ਉਸ ਵੇਲੇ ਅਕਾਲੀ ਦਲ ਪ੍ਰਧਾਨ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈਡਕੁਆਟਰ ‘ਚ ਬੁਲਾ ਕੇ ਪੁੱਛ ਗਿੱਛ ਕੀਤੀ ਗਈ ਸੀ।

ਇਹ ਸੂਤਰ ਅੱਗੇ ਦਸਦੇ ਹਨ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਦੂਜੀ ਵਾਰ ਵੱਖਰੇਵਾਂ ਉਦੋਂ ਪਿਆ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਫ਼ਰੀਦਕੋਟ ਦੇ ਇੱਕ ਵਿਅਕਤੀ ਸੁਹੇਲ ਸਿੰਘ ਬਰਾੜ ਦਾ ਇਸ ਕੇਸ ਵਿੱਚ ਨਾਮ ਆਇਆ ਸੀ। ਸੂਤਰਾਂ ਅਨੁਸਾਰ ਉਸ ਵੇਲੇ ਵੀ ਸਿੱਟ ਦੇ ਮੈਂਬਰਾਂ ਵਿੱਚ ਸੁਹੇਲ ਸਿੰਘ ਬਰਾੜ ਦਾ ਨਾਮ ਇਸ ਕੇਸ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਆਪਸੀ ਸਹਿਮਤੀ ਨਹੀਂ ਬਣੀ ਸੀ। ਦੱਸ ਦਈਏ ਕਿ ਸੁਹੇਲ ਸਿੰਘ ਬਰਾੜ ਬਾਰੇ ਸਿੱਟ ਦਾ ਦਾਅਵਾ ਹੈ ਕਿ ਇਸੇ ਵਿਅਕਤੀ ਦੇ ਘਰ ਉਸ ਘਟਨਾ ਦੌਰਾਨ ਐਸਐਸਪੀ ਦੀ ਜਿਪਸੀ ਨੂੰ ਲੈ ਜਾ ਕੇ ਫਾਇਰਿੰਗ ਕੀਤੀ ਗਈ ਸੀ ਤਾਂ ਕਿ ਪੁਲਿਸ ਦੇ ਹੱਕ ਵਿੱਚ ਝੂਠਾ ਸਬੂਤ ਤਿਆਰ ਕੀਤਾ ਜਾ ਸਕੇ।

ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ?

ਇੱਧਰ ਦੂਜੇ ਪਾਸੇ ਐਸਆਈਟੀ ਮੈਬਰਾਂ ਦੇ ਇਸ ਆਪਸੀ ਵੱਖਰੇਵੇਂ ਨੇ ਉਸ ਸ਼੍ਰੋਮਣੀ ਅਕਾਲੀ ਦਲ ਦੀਆਂ ਵਾਛਾਂ ਖਿੜਾ ਦਿੱਤੀਆਂ ਹਨ, ਜਿਹੜੀ ਪਹਿਲਾਂ ਹੀ ਇਹ ਦੋਸ਼ ਲਾਉਂਦੀ ਆ ਰਹੀ ਸੀ ਕਿ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਕੇਸ ਦੀ ਜਾਂਚ ਸਹੀ ਢੰਗ ਨਾਲ ਨਾ ਕਰਕੇ ਪੱਖ ਪਾਤ ਕਰ ਰਹੇ ਹਨ।

- Advertisement -

ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਦੱਸਿਆ  ਕਿ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਹਿੰਦੇ ਆਏ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਸਿਆਸੀ ਆਕਾਵਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਇਸ ਜਾਂਚ ਨੂੰ ਅੱਗੇ ਵਧਾ ਰਹੇ ਹਨ ਤਾਂ ਕਿ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ, ਤੇ ਹੁਣ ਸਾਰਾ ਮਾਮਲਾ ਸਾਫ ਹੋਗਿਆ ਹੈ, ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਵਾਰ ਵਾਰ ਕਿਉਂ ਕਹਿ ਰਹੇ ਸਨ ਕਿ ਜਾਂਚ ਉਨ੍ਹਾਂ ਤੋਂ ਹੀ ਕਰਵਾਵਾਂਗੇ। ਸ਼ਾਇਦ ਇਸੇ ਲਈ ਸਰਕਾਰ ਨੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਨੂੰ ਵੀ ਦਰ ਕਿਨਾਰ ਕਰਕੇ ਕੁੰਵਰ ਵਿਜੇ ਦੀ ਬਦਲੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰੇਗਾ ਕਿ ਸਰਕਾਰ ਨੇ ਕਮਿਸ਼ਨ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਸਬੰਧੀ ਝੂਠ ਬੋਲਿਆ ਹੈ।

ਠਾਹ ਸੋਟਾ?

ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਡੀਜੀਪੀ ਵੱਲੋਂ ਸਿੱਟ ਮੈਂਬਰਾਂ ਨੂੰ ਬੁਲਾਏ ਜਾਣ ਨਾਲ ਲੋਕਾਂ ਦੀ ਉਤਸਕਤਾ ਇਹ ਸੋਚ ਸੋਚ ਕੇ ਹੋਰ ਵਧ ਰਹੀ ਹੈ ਕਿ ਹੁਣ ਅੱਗੇ ਕੀ ਹੋਣ ਜਾ ਰਿਹਾ ਹੈ? ਕੀ ਸਰਕਾਰ ਸਿੱਟ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕੋਈ ਕਾਰਵਾਈ ਕਰਨ ਜਾ ਰਹੀ ਹੈ? ਜਾਂ ‘ਸਿੱਟ’ ਦੇ ਉਨ੍ਹਾਂ ਚਾਰ ਮੈਂਬਰਾਂ ਨੂੰ ਚੁੱਪ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੇ ਕੁੰਵਰ ਵਿਜੇ ਦੇ ਖਿਲਾਫ ਸ਼ਿਕਾਇਤ ਕੀਤੀ ਹੈ? ਜਾਂ ਇਸ ਤੋਂ ਵੀ ਅਲੱਗ ਕਮਰੇ ਅੰਦਰ ਬਠਾ ਕੇ ਇਨ੍ਹਾਂ ਨੂੰ ਵਿਭਾਗ ਵਿਚਲੀ ਆਪਸੀ ਸਾਂਝੀਵਾਲਤਾ ਦਾ ਪਾਠ ਪੜਾਇਆ ਜਾਵੇਗਾ, ਤਾਂ ਕਿ ਇਹ ਲੋਕ ਆਪਸ ਵਿੱਚ ਲੜ ਕੇ ਸਰਕਾਰ ਦੀ ਬਦਨਾਮੀ ਨਾ ਕਰਨ। ਇਸ ਗੱਲ ਦਾ ਸਿੱਟਾ ਕੀ ਨਿੱਕਲੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ, ਪਰ ਇੰਨਾ ਜਰੂਰ ਹੈ ਕਿ ਜੇਕਰ ਇਹ ਸ਼ਿਕਾਇਤ ਨਾ ਹੁੰਦੀ ਤਾਂ ‘ਸਿੱਟ’ ਦੇ ਅੰਦਰ ਕੀ ਚੱਲ ਰਿਹਾ ਹੈ? ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਸਾਰੇ ਮਾਮਲੇ ਨੂੰ ਹੈਂਡਲ ਕਿਉਂ ਕਰ ਰਹੇ ਹਨ? ਤੇ ਬਾਕੀ ਦੇ ਮੈਂਬਰ ਕਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਉਂਦੇ ਇਹ ਗੱਲਾਂ ਦੱਬੀਆਂ ਦੀਆਂ ਦੱਬੀਆਂ ਹੀ ਰਹਿ ਜਾਣੀਆਂ ਸਨ। ਹੁਣ ਇਸ ਗੰਭੀਰ ਮਾਮਲੇ ਦੀ ਬਿੱਲੀ ਭੁੜਕ ਕੇ ਥੈਲੇ ‘ਚੋਂ ਬਾਹਰ ਤਾਂ ਆ ਗਈ ਹੈ, ਪਰ ਵੇਖਣ ਇਹ ਹੋਵੇਗਾ ਕਿ ਬਾਹਰ ਆ ਕੇ ਇਹ ਬਿੱਲੀ ਕਿਸ ਨੂੰ ਸਿਆਸੀ ਦੰਦੀ ਵੱਢਦੀ ਹੈ ਤੇ ਕਿਸ ਸਿਆਸਤਦਾਨ ਦਾ ਨੁਕਸਾਨ ਕਰਨ ਵਾਲੇ ਮਸਲਿਆਂ ਰੂਪੀ ਉੱਠ ਖੜ੍ਹੇ ਹੋਏ ਚੂਹਿਆਂ ਨੂੰ ਇਹ ਬਿੱਲੀ ਖਾ ਜਾਂਦੀ ਹੈ। ਵੈਸੇ ਕਈ ਵਾਰ ਬਿੱਲੀ ਨੂੰ ਦਬਕਾ ਮਾਰ ਕੇ ਵਾਪਸ ਥੈਲੇ ਵਿੱਚ ਵੀ ਵਾੜ ਦਿੱਤਾ ਜਾਂਦਾ ਹੈ, ਹੁਣ ਵੇਖੋ ਅੱਗੇ ਇਹ ਬਿੱਲੀ ਦਾ ਕੀ ਬਣਦਾ ਹੈ?

 

Share this Article
Leave a comment