ਪੈ ਗਿਆ ਪਟਾਕਾ ਐਸਆਈਟੀ ਨੇ ਸੱਦ ਲਿਆ ਸੁਮੇਧ ਸੈਣੀ ਨੂੰ, ਕਿਤੇ ਵੱਡਾ ਬਾਦਲ ਤਾਹੀਓਂ ਤਾਂ ਨੀ ਆਪ ਪਹੁੰਚ ਗਿਆ ਗ੍ਰਿਫਤਾਰੀ ਦੇਣ ?

Prabhjot Kaur
2 Min Read

ਚੰਡੀਗੜ੍ਹ : ਲਓ ਬਈ ਆ ਗਈ ਵੱਡੀ ਖ਼ਬਰ, ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਲਈ  ਬਣਾਈ ਗਈ ਐਸਆਈਟੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੀ ਸੰਮਨ ਭੇਜ ਦਿੱਤੇ ਹਨ। ਇਹ ਖ਼ਬਰ ਉਸ ਵੇਲੇ ਮੀਡੀਆ ਵਿੱਚ ਆਈ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪ ਖੁਦ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ। ਐਸਆਈਟੀ ਵੱਲੋਂ ਸੁਮੇਧ ਸਿੰਘ ਨੂੰ ਸੰਮਨ ਭੇਜ ਕੇ 25 ਫਰਵਰੀ ਵਾਲੇ ਦਿਨ ਪੰਜਾਬ ਪੁਲਿਸ ਦੇ ਹੈਡਕੁਆਟਰ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਦੱਸ ਦਈਏ ਕਿ ਜਿਸ ਵੇਲੇ ਸਾਲ 2015 ਦੌਰਾਨ ਬੇਅਦਬੀ ਅਤੇ ਗੋਲੀ ਕਾਂਡਾ ਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਉਸ ਵੇਲੇ ਪੰਜਾਬ ਪੁਲਿਸ ਦੇ ਮੁਖੀ ਸਮੇਧ ਸਿੰਘ ਸੈਣੀ ਸਨ ਤੇ ਐਸਆਈਟੀ ਇਸ ਮਾਮਲੇ ਵਿੱਚ ਜਿਨ੍ਹਾਂ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕਰ ਚੁੱਕੀ ਹੈ ਤੇ ਕਰਨ ਜਾ ਰਹੀ ਹੈ ਸੈਣੀ ਉਨ੍ਹਾਂ ਵਿੱਚੋਂ ਸਭ ਤੋਂ ਉੱਚ ਪੁਲਿਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਐਸਆਈਟੀ ਜਿੰਨਾਂ ਅਧਿਕਾਰੀਆਂ ਨੂੰ ਜਾਂਚ ਲਈ ਬੁਲਾ ਚੁੱਕੀ ਹੈ ਉਨ੍ਹਾਂ ਵਿੱਚ ਏਡੀਜੀਪੀ ਇਕਬਾਲ ਪ੍ਰੀਤ ਸਹੋਤਾ, ਆਈਜੀ ਬਠਿੰਡਾ ਜੋਨ ਜਤਿੰਦਰ ਜੈਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਕਮਿਸ਼ਨਰ ਲੁਧਿਆਣਾ ਪੁਲਿਸ, ਡੀਆਈਜੀ ਫਿਰੋਜ਼ਪੁਰ ਰੇਂਜ ਰਣਵੀਰ ਸਿੰਘ ਖੱਟੜਾ, ਡੀਆਈਜੀ ਬਠਿੰਡਾ ਰੇਂਜ ਅਮਰ ਸਿੰਘ ਚਹਿਲ, ਡਵੀਜ਼ਨਲ ਕਮੀਸ਼ਨਰ ਵੀਕੇ ਮੀਨਾਂ, ਕੋਟਕਪੂਰਾ ਦੇ ਐਸ ਪੀ ਹਰਜੀਤ ਸਿੰਘ ਤੇ ਐਸਡੀਐਮ ਹਰਜੀਤ ਸਿੰਘ  ਸੰਧੂ  ਦੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਇਹੋ ਐਸਆਈਟੀ ਦੋਵੇਂ ਬਾਦਲਾਂ ਅਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਤੋਂ  ਵੀ ਪੁੱਛਗਿੱਛ ਕਰ ਚੁਕੀ ਹੈ। ਇੱਥੇ ਦੱਸ ਦਈਏ ਕਿ ਅਕਤੂਬਰ 2015 ਵਿੱਚ ਹੋਈਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਕੋਟਕਪੂਰਾ, ਬਹਿਬਲ ਕਲਾਂ ਅਤੇ ਫਰੀਦਕੋਟ ਵਿੱਚ ਦੋਸ਼ੀਆਂ ਨੂੰ ਫੜ੍ਹਨ ਦੀ ਮੰਗ ਲੈ ਕੇ ਸ਼ਾਤਮਈ ਪ੍ਰਦਰਸ਼ਨ ਕੀਤੇ ਸਨ ਜਿਸ ਦੌਰਾਨ ਚੱਲੀ ਪੁਲਿਸ ਦੀ ਗੋਲੀ ਤੋਂ ਬਾਅਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਨਾਮ ਦੇ 2 ਸਿੰਘ ਸ਼ਹੀਦ ਤੇ ਕਈ ਹੋਰ ਜ਼ਖਮੀ ਹੋਏ ਸਨ। ਇਸ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਸੁਮੇਧ  ਸਿੰਘ ਸੈਣੀ  ਸੀ ਜਿਨ੍ਹਾਂ ਨੂੰ ਬਾਅਦ ਵਿੱਚ ਹਟਾ ਕੇ  ਉਨ੍ਹਾ ਦੀ ਥਾਂ ਸੁਰੇਸ਼ ਅਰੋੜਾ ਨੂੰ ਡੀਜੀਪੀ ਲਾ ਦਿੱਤਾ ਗਿਆ ਸੀ।

Share this Article
Leave a comment