ਨਵੀਂ ਦਿੱਲੀ : ਇੱਥੋਂ ਦੀ ਇੱਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸੈਸੋਦੀਆ ਤੇ ਸਵਰਾਜ ਪਾਰਟੀ ਦੇ ਪ੍ਰਧਾਨ ਤੇ ਪ੍ਰਸਿੱਧ ਪੱਤਰਕਾਰ ਯੋਗੇਂਦਰ ਯਾਦਵ ਵਿਰੁੱਧ ਮਾਨਹਾਨੀ ਦੇ ਇੱਕ ਮਾਮਲੇ ‘ਚ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਹਨ। ਇਸ ਕੇਸ ਵਿਚ ਅਦਾਲਤ ਉਕਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਪੇਸ਼ ਹੋਣ ਦੇ ਹੁਕਮ ਦੇ ਚੁਕੀ ਹੈ, ਪਰ ਇਸ ਦੇ ਬਾਵਜੂਦ ਇਹ ਸਾਰੇ ਲੋਕ ਅਣਦੱਸੇ ਕਰਨਾ ਕਾਰਨ ਪੇਸ਼ ਨਹੀਂ ਹੋਏ। ਜਿਸ ਤੇ ਅਗਲੀ ਕਾਰਵਾਈ ਕਰਦਿਆਂ ਅਦਾਲਤ ਨੇ ਦਿੱਲੀ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਹ ਅਰਵਿੰਦ ਕੇਜਰੀਵਾਲ, ਮਨੀਸ਼ ਸੈਸੋਦੀਆ ਤੇ ਯੋਗੇਂਦਰ ਯਾਦਵ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰੇ। ਇਨ੍ਹਾਂ ਅਦਾਲਤੀ ਹੁਕਮਾਂ ਤੋਂ ਬਾਅਦ ਦਿੱਲੀ ਹੀ ਨਹੀਂ ਬਲਕਿ ਪੰਜਾਬ ਦੀ ਸਿਆਸਤ ‘ਚ ਵੀ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਹੈ।
ਦੱਸ ਦਈਏ ਕਿ ਸੁਰਿੰਦਰ ਸ਼ਰਮਾਂ ਨਾਮ ਦੇ ਇੱਕ ਵਕੀਲ ਨੂੰ ਆਮ ਆਦਮੀ ਪਾਰਟੀ ਵਲੋਂ ਦਿੱਲੀ ਦੇ ਸ਼ਾਹਦਰਾ ਇਲਾਕੇ ਤੋਂ ਵਿਧਾਇਕੀ ਦੀ ਚੋਣ ਲੜਨ ਲਈ ਟਿਕਟ ਦਿੱਤੀ ਗਈ ਸੀ, ਪਰ ਬਾਅਦ ਵਿੱਚ ਉਸ ‘ਤੇ ਇਹ ਦੋਸ਼ ਲਾਉਂਦਿਆਂ ਸ਼ਾਹਦਰਾ ਤੋਂ ਟਿਕਟ ਕਿਸੇ ਹੋਰ ਆਗੂ ਨੂੰ ਦੇ ਦਿੱਤੀ ਗਈ ਕਿ ਸੁਰਿੰਦਰ ਸ਼ਰਮਾਂ ‘ਤੇ ਤਾਂ ਅਪਰਾਧਿਕ ਮਾਮਲੇ ਦਰਜ਼ ਹਨ, ਲਿਹਾਜ਼ਾ ਉਸ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ।
ਆਪਣੇ ਉੱਤੇ ਲਾਏ ਗਏ ਦੋਸ਼ਾਂ ਨੂੰ ਸੁਰਿੰਦਰ ਸ਼ਰਮਾਂ ਨੇ ਇੱਜ਼ਤ-ਹਤਕ ਕਰਾਰ ਦਿੰਦਿਆਂ ਅਦਾਲਤ ਵਿੱਚ ਉਕਤ ਤਿੰਨਾਂ ਆਗੂਆਂ ਖਿਲਾਫ ਮਾਨਹਾਨੀ ਦਾ ਮੁਕੱਦਮਾਂ ਦਰਜ਼ ਕਰਵਾਇਆ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਬੀਤੇ ਦਿਨੀ ਪਟਿਆਲਾ ਹਾਉੂਸ ਅਦਾਲਤ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਯੋਗੇਂਦਰ ਯਾਦਵ ਖਿਲਾਫ ਦੋਸ਼ ਤਹਿ ਕੀਤੇ ਸਨ ।
ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੇਸ਼ ਭਰ ਦੀਆਂ ਅਦਾਲਤਾਂ ‘ਚ ਦਰਜ਼ਨਾਂ ਲੋਕਾਂ ਵੱਲੋਂ ਮਾਨਹਾਨੀ ਦੇ ਮੁਕੱਦਮੇ ਦਰਜ਼ ਕਰਵਾਏ ਗਏ ਸਨ, ਜਿਸ ਵਿੱਚੋਂ ਚੋਣਾਂ ਤੋਂ ਬਾਅਦ ਕੇਜ਼ਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੇ ਅਰੁਣ ਜੇਤਲੀ ਸਮੇਤ ਹੋਰ ਬਹੁਤ ਸਾਰੇ ਲੋਕਾਂ ਤੋ ਤਾਂ ਲਿਖਤੀ ਤੌਰ ‘ਤੇ ਮਾਫੀ ਮੰਗ ਕੇ ਉਨ੍ਹਾਂ ਵੱਲੋਂ ਦਾਇਰ ਕਰਵਾਏ ਮੁਕੱਦਮਿਆਂ ਤੋਂ ਪਿੱਛਾ ਛੁੜਵਾ ਲਿਆ ਸੀ,ਪਰ ਕੁਝ ਸੁਰਿੰਦਰ ਸ਼ਰਮਾਂ ਵਰਗੇ ਅਜਿਹੇ ਵੀ ਸਨ ਜਿਨ੍ਹਾਂ ਵੱਲੋਂ ਦਾਇਰ ਕੀਤੇ ਗਏ ਕੇਸ ਅੱਜ ਵੀ ਜਾਰੀ ਹਨ। ਲੋਕ ਸਭਾ ਚੋਣਾਂ ਦੌਰਾਨ ਅਦਾਲਤ ਵੱਲੋਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੋਸ਼ ਤਹਿ ਕਰਨ ਦੇ ਮਾਮਲੇ ਵਿੱਚ ਰਾਜਨੀਤੀ ਨੂੰ ਹੋਰ ਗਰਮਾ ਦਿੱਤਾ ਹੈ। ਜਿਸ ਦਾ ਲਾਹਾ ਵਿਰੋਧੀ ਲੈਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।
ਇਸ ਸਬੰਧ ‘ਚ ਅਪਰਾਧਕ ਮਾਮਲਿਆਂ ਦੇ ਪ੍ਰਸਿੱਧ ਵਕੀਲ ਸ੍ਰੀ ਐਚ ਵੀ ਰਾਏ ਕਹਿੰਦੇ ਹਨ ਕਿ ਅਦਾਲਤ ਜਿਸ ਵਿਅਕਤੀ ਦੇ ਖਿਲਾਫ ਗੈਰ ਜਮਾਨਤੀ ਵਰੰਟ ਜਾਰੀ ਕਰਦੀ ਹੈ ਪੁਲਿਸ ਵਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਨਾ ਹੁੰਦਾ ਹੈ। ਅਜਿਹੇ ਵਿੱਚ ਉਸ ਵਿਅਕਤੀ ਕੋਲ ਗ੍ਰਿਫਤਾਰੀ ਤੋਂ ਬਚਣ ਲਈ ਕਾਨੂੰਨੀ ਅਧਿਕਾਰ ਹੁੰਦਾ ਹੈ ਕਿ ਉਹ ਉਪਰਲੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਗੱਲ ਗੱਲ ਤੇ ਕੇਜਰੀਵਾਲ ਖਿਲਾਫ ਸਿਆਸੀ ਮੌਕੇ ਦੀ ਭਾਲ ‘ਚ ਰਹਿੰਦੀ ਭਾਜਪਾ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਉਣ ਦਾ ਮੌਕਾ ਦਿੰਦੀ ਹੈ, ਜਾਂ ਸਾਨੂੰ ਇਹ ਖ਼ਬਰਾਂ ਦੇਖਣ, ਸੁਣਨ ਤੇ ਪੜ੍ਹਨ ਨੂੰ ਮਿਲਣਗੀਆਂ, “ਅਰਵਿੰਦ ਕੇਜਰੀਵਾਲ, ਮਨੀਸ਼ ਸੈਸੋਦੀਆ ਤੇ ਯੋਗੇਂਦਰ ਯਾਦਵ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪੇਸ਼ ਕੀਤਾ ਅਦਾਲਤ ‘ਚ।