ਪਾਕਿਸਤਾਨ ਦੇ ਉਕਸਾਉਣ ਤੋਂ ਬਾਅਦ ਜੈਸ਼-ਏ-ਮੁਹੰਮਦ ਨੇ ਮੁੰਬਈ ਤੇ ਜੰਮੂ ਕਸ਼ਮੀਰ ‘ਚ ਦਿੱਤੀ ਅੱਤਵਾਦੀ ਹਮਲਿਆਂ ਦੀ ਧਮਕੀ?

TeamGlobalPunjab
2 Min Read

ਨਵੀਂ ਦਿੱਲੀ : ਖ਼ਬਰ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਮੁੰਬਈ ਤੇ ਜੰਮੂ ਕਸ਼ਮੀਰ ‘ਚ ਸੁਰੱਖਿਆ ਫੋਰਸਾਂ ‘ਤੇ ਹਮਲਾ ਕਰਨ ਜਾ ਰਹੀ ਹੈ। ਖੂਫੀਆ ਏਜੰਸੀਆਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅੰਦਰੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੈਸ਼ ‘ਚ ਆ ਕੇ ਇਸ ਅੱਤਵਾਦੀ ਸੰਗਠਨ ਨੇ ਮੁੰਬਈ ਦੇ ਨਾਲ ਨਾਲ ਜੰਮੂ ਕਸ਼ਮੀਰ ਨੂੰ ਆਪਣਾ ਨਿਸ਼ਾਨਾ ਬਣਾਏ ਜਾਣ ਦੀ ਧਮਕੀ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਜਾਣਕਾਰੀ ਖੂਫੀਆ ਏਜੰਸੀਆਂ ਨੇ ਸਰਕਾਰ ਨੂੰ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਜਿਸ ਦਿਨ ਤੋਂ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਕੇ ਉਸ ਨੂੰ ਕੇਂਦਰ ਸਾਸ਼ਿਤ ਸੂਬਾ ਬਣਾਏ ਜਾਣ ਦੀ ਕਾਰਵਾਈ ਆਰੰਭੀ ਗਈ ਸੀ ਉਸ ਦਿਨ ਤੋਂ ਹੀ ਪਾਕਿਸਤਾਨ ਅਤੇ ਭਾਰਤ ਦਰਮਿਆਨ ਮਾਹੌਲ ਤਣਾਅਪੂਰਨ ਬਣਿਆ ਹੈ। ਪਾਕਿਸਤਾਨ ਅੰਦਰ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਤੇ ਇਹੋ ਜਿਹੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਲੋਕ ਭਾਰਤ ਵਿਰੁੱਧ ਜੰਗ ਛੇੜ ਸਕਦੇ ਹਨ। ਇਨ੍ਹਾਂ ਹੀ ਬਿਆਨਬਾਜੀਆਂ ‘ਚ ਬੀਤੇ ਦਿਨੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਨਾਲ ਮਾਹੌਲ ਵਿਗੜ ਜਾਵੇਗਾ ਅਤੇ ਦੇਸ਼ ਅੰਦਰ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਹੋ ਸਕਦੇ ਹਨ। ਜਿਸ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਕੇ ਫੌਜੀ ਕਾਰਵਾਈ ਕਰੇਗਾ ਤੇ ਪਾਕਿਸਤਾਨ ਜਦੋਂ ਉਸ ਦਾ ਜਵਾਬ ਦੇਵੇਗਾ ਤਾਂ ਦੋਵਾਂ ਦੇਸ਼ਾਂ ‘ਚ ਛਿੜੀ ਪ੍ਰਮਾਣੂ ਜੰਗ ਭਾਰਤ ਤੇ ਪਾਕਿਸਤਾਨ ਨੂ਼ੰ ਹੀ ਨਹੀਂ ਬਲਕਿ ਦੁਨੀਆਂ ਦੇ ਕਈ ਹੋਰ ਦੇਸ਼ਾਂ ਨੂੰ ਵੀ ਤਬਾਹ ਕਰ ਦੇਵੇਗੀ। ਲਿਹਾਜਾ ਵਿਸ਼ਵ ਦੀਆਂ ਤਾਕਤਾਂ ਨੂੰ ਭਾਰਤ ਵਿਰੁੱਧ ਦਬਾਅ ਪਾ ਕੇ ਇਹੋ ਜਿਹੀਆਂ ਕਾਰਵਾਈਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਹ ਬਿਆਨ ਆਉਣ ਤੋਂ ਬਾਅਦ ਖੂਫੀਆ ਏਜੰਸੀਆਂ ਇਸ ਨੂੰ ਅੱਤਵਾਦੀਆਂ ਵੱਲੋਂ ਮੁੰਬਈ ਅਤੇ ਜੰਮੂ ਕਸ਼ਮੀਰ ਵਿੱਚ ਹਮਲੇ ਕੀਤੇ ਜਾਣ ਦੀਆਂ ਧਮਕੀਆਂ ਨਾਲ ਜੋੜ ਕੇ ਦੇਖ ਰਹੀਆਂ ਹਨ। ਇਹ ਜਾਣਕਾਰੀ ਸਰਕਾਰ ਤੱਕ ਪਹੁੰਚਣ ਤੋਂ ਬਾਅਦ ਪੂਰੇ ਦੇਸ਼ ਅੰਦਰ ਚੌਕਸੀ ਵਧਾ ਦਿੱਤੀ ਗਈ ਹੈ।

Share this Article
Leave a comment