ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਤੀ ਬਹਾਲ ਕਰਨ ਲਈ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕਰ ਰਹੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਹਾਈ ਕਮਾਂਡ ਹੀ ਇਕੱਲਿਆਂ ਛੱਡ ਗਈ ਹੈ। ਇਸ ਸਬੰਧ ਵਿੱਚ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਨਵਜੋਤ ਸਿੱਧੂ ਦਾ ਇਹ ਬਿਆਨ ਕਾਂਗਰਸ ਪਾਰਟੀ ਦਾ ਨਹੀਂ ਬਲਕਿ ਉਨ੍ਹਾਂ ਦੀ ਆਪਣੀ ਨਿੱਜੀ ਰਾਏ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸੇ ਵੀ ਕੰਮ ਕਰਨ ਲਈ ਸਮਾਂ ਸਹੀਂ ਹੋਣਾ ਜਰੂਰੀ ਹੈ ਕਿਉਂਕਿ ਕਦੇ ਮਸਲਾ ਗੱਲਬਾਤ ਰਾਹੀਂ ਹੱਲ ਹੁੰਦਾ ਹੈ ਤੇ ਕਦੀ ਕਾਰਵਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਮਸਲਾਂ ਤਾਂ ਹੱਲ ਕਰ ਸਕਦੇ ਹਨ ਜੇਕਰ ਮਾਹੌਲ ਦੁੱਵਲੀ ਗੱਲਬਾਤ ਵਾਲਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਗੱਲਬਾਤ ਵਾਲਾ ਮਾਹੌਲ ਨਹੀਂ ਹੈ।
ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਰਾਏ ਭਾਰਤੀ ਰਾਸ਼ਟਰੀ ਕਾਂਗਰਸ ਦੀ ਰਾਏ ਨਹੀਂ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਦੋਵਾਂ ਪੱਖਾਂ ਦੀ ਗੱਲਬਾਤ ਅਤੇ ਕੂਟਨੀਤਕ ਦਬਾਅ ਪਾਏ ਜਾਣ ‘ਤੇ ਹੀ ਪਾਕਿਸਤਾਨ ਅੰਦਰ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਅਤੇ ਉੱਥੋਂ ਦੇ ਦਹਿਸ਼ਤਗਰਦ ਸੰਗਠਨਾ ‘ਤੇ ਲਗਾਮ ਕਸੀ ਜਾ ਸਕਦੀ ਹੈ।