ਢੀਂਡਸਾ ਤੋਂ ਬਾਅਦ ਚੰਦੂਮਾਜਰਾ ਕਰ ਰਹੇ ਹਨ ਅਕਾਲੀ ਦਲ ‘ਚ ਘੁਟਣ ਮਹਿਸੂਸ? ‘ਜਿੱਥੇ ਬਾਦਲਾਂ ਦੀ ਫੋਟੋ ਲੱਗ ਗਈ ਉੱਥੇ ਸਿੱਖ ਦੀ ਵੋਟ ਨਹੀਂ ਮਿਲ ਸਕਦੀ’ : ਜੀਕੇ

TeamGlobalPunjab
2 Min Read

ਨਵੀਂ ਦਿੱਲੀ : ਅੱਜ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਾਰਟੀ ਵਿਰੋਧੀ ਮਨਜੀਤ ਸਿੰਘ ਜੀਕੇ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜੀਕੇ ਨੇ ਦੱਸਿਆ ਕਿ ਉਹ ਅੱਜ ਚੰਦੂਮਾਜਰਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਏ ਹਨ ਕਿਉਂਕਿ ਉਹ ਅਕਾਲੀ ਦਲ ਅੰਦਰ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਲਗਾਤਾਰ ਸਾਡੀਆਂ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ। ਜੀਕੇ ਨੇ ਦੋਸ਼ ਲਾਇਆ ਕਿ ਅੱਜ ਬਾਦਲ ਪਰਿਵਾਰ ਦਾ ਆਪਣਾ ਚੈਨਲ ਹੀ ਹੁਕਮਨਾਮਾ ਦੇ ਸਕਦਾ ਹੈ ਅਤੇ ਇਸ ਤੋਂ ਉਹ ਇਹ ਸਮਝਦੇ ਹਨ ਕਿ ਜਿਹੜੇ ਬਾਣੀ ‘ਤੇ ਵੀ ਪੈਸੇ ਕਮਾਉਣ ਤੋਂ ਨਹੀਂ ਹਟ ਰਹੇ ਹਨ ਉਨ੍ਹਾਂ ਨੂੰ ਛੱਡਣਾ ਚਾਹੀਦਾ ਹੈ। ਜੀਕੇ ਨੇ ਕਿਹਾ ਚੰਦੂਮਾਜਰਾ ਨੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਤੇ ਇਸੇ ਲਈ ਹੀ ਅੱਜ ਅਸੀਂ ਸਫਰ-ਏ-ਅਕਾਲੀ ਲਹਿਰ ਕਨਵੈਨਸ਼ਨ ਲਈ ਉਨ੍ਹਾ ਨੂੰ ਸੱਦਾ ਦੇਣ ਆਏ ਹਾਂ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਦਰ ਹੋਰ ਵੀ ਕਈ ਆਗੂ ਅਜਿਹੇ ਹਨ ਜਿਹੜੇ ਕਿ ਪਾਰਟੀ ‘ਚ ਘੁਟਣ ਮਹਿਸੂਸ ਕਰ ਰਹੇ ਹਨ ਤੇ ਆਉਣ ਵਾਲੇ ਦਿਨਾਂ ‘ਚ ਉਹ ਵੀ ਢੀਂਡਸਾ ਪਿਓ ਪੁੱਤ ਵਾਂਗ ਸਾਹਮਣੇ ਆਉਣਗੇ।

ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੂੰ ਟਿਕਟਾਂ ਜਰੂਰ ਮਿਲਣਗੀਆਂ ਪਰ ਬੀਜੇਪੀ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਾਦਲਾਂ ਦੀ ਫੋਟੋ ਲੱਗ ਗਈ ਉੱਥੇ ਸਿੱਖਾਂ ਦੀ ਵੋਟ ਨਹੀਂ ਮਿਲੇਗੀ। ਇੱਥੇ ਉਨ੍ਹਾਂ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਦੀ ਪਾਰਟੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਹੜਾ ਹਾਲ ਉੱਥੇ ਬਾਦਲ ਅਕਾਲੀ ਦਲ ਨੇ ਉਨ੍ਹਾ ਦਾ ਕੀਤਾ ਹੈ ਉਹ 90 ਸੀਟਾਂ ਤੋਂ ਇੱਕ ਸੀਟ ‘ਤੇ ਰਹਿ ਗਏ ਇਹ ਗੱਲ ਬੀਜੇਪੀ ਸਮਝ ਗਈ ਹੈ ਕਿ ਦਿੱਲੀ ‘ਚ ਕੀ ਹੋਣ ਵਾਲਾ ਹੈ।

ਪਰ ਇੱਧਰ ਦੂਜੇ ਪਾਸੇ ਜਦੋਂ ਇਸ ਬਾਰੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘਰ ਆਏ ਵਿਅਕਤੀ ਨੂੰ ਜੀ ਆਇਆਂ ਨੂੰ ਕਹਿਣਾ ਪੈਂਦਾ ਹੈ ਪਰ ਉਨ੍ਹਾਂ ਵੱਲੋਂ ਰੱਖੀ ਮੀਟਿੰਗ ਵਿੱਚ ਮੇਰੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਹੀ ਉਨ੍ਹਾਂ ਕਾਂਗਰਸ ਪਾਰਟੀ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅਜਿਹੀ ਜਮਾਤ ਕਦੇ ਵੀ ਸੱਤਾ ‘ਚ ਨਹੀਂ ਆਉਣੀ ਚਾਹੀਦੀ।

Share this Article
Leave a comment