ਤਰਨ ਤਾਰਨ : ਭਾਰਤੀ ਫੌਜ ਦੇ ਸਾਬਕਾ ਮੁਖੀ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇ ਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਵਿਰੁੱਧ ਵੱਡਾ ਬਿਆਨ ਦਿੱਤਾ ਹੈ। ਜਨਰਲ ਜੇ ਜੇ ਸਿੰਘ ਨੇ ਪੁੱਛਿਆ ਹੈ, ਕਿ ਐਚ ਐਸ ਫੂਲਕਾ ਦੱਸਣ ਕਿ ਉਨ੍ਹਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕੀਤੇ ਜਾਣ ਦਾ ਅਸਲ ਮੰਤਵ ਕੀ ਹੈ? ਜਨਰਲ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਏਕਤਾ ਪਾਰਟੀ ਵੱਲੋਂ ਬੀਬੀ ਖਾਲੜਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਖਹਿਰਾ ਦੀ ਪਾਰਟੀ ਨੂੰ ਆਰਥਿਕ ਤੌਰ ‘ਤੇ ਕਾਫੀ ਮਜ਼ਬੂਤ ਹੋਈ ਹੈ, ਜਿਹੜਾ ਕਿ ਉਨ੍ਹਾਂ ਦੀਆਂ ਰੈਲੀਆਂ ਤੇ ਮੀਟਿੰਗਾਂ ਤੋਂ ਸਪੱਸ਼ਟ ਹੁੰਦਾ ਹੈ। ਜਨਰਲ ਜੇ ਜੇ ਸਿੰਘ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਜਨਰਲ ਜੇ ਜੇ ਸਿੰਘ ਨੇ ਫੂਲਕਾ ਨੂੰ ਵੰਗਾਰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਕਿਸੇ ਵੀ ਮੰਚ ‘ਤੇ ਖੁਲ੍ਹੀ ਬਹਿਸ ਕਰ ਲੈਣ, ਉਹ ( ਜਨਰਲ ਜੇ ਜੇ ਸਿੰਘ) ਤਿਆਰ ਹਨ। ਜਨਰਲ ਸਿੰਘ ਨੇ ਤਰਕ ਦਿੱਤਾ ਕਿ ਕਿਸੇ ਵੀ ਉਮੀਦਵਾਰ ਨੂੰ ਮੈਦਾਨ ਛੱਡਣ ਦੀ ਸਲਾਹ ਦੇਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ।