ਕੈਮਰੇ ‘ਤੇ ਆਹ ਕੀ ਕਹਿ ਗਏ ਰਾਜਾ ਵੜਿੰਗ, ਕੈਪਟਨ ਦੀ ਬਜਾਏ ਮਾਨ ਨੂੰ ਆ ਗਿਆ ਗੁੱਸਾ, ਕਹਿੰਦੇ ਸ਼ਰਮ ਕਰੋ, ਮੜ੍ਹੀਆਂ ‘ਚ…

TeamGlobalPunjab
3 Min Read

ਗਿੱਦੜਬਾਹਾ : ਇੰਝ ਜਾਪਦਾ ਹੈ ਜਿਵੇ ਵਿਵਾਦਿਤ ਬਿਆਨਾਂ ਦਾ ਕਾਂਗਰਸੀ ਆਗੂਆਂ ਨਾਲ ਇੰਝ ਗੂੜਾ ਰਿਸ਼ਤਾ ਹੋ ਗਿਆ ਹੈ ਜਿਵੇਂ ਕੱਛੇ ਦਾ ਬਨੈਣ ਨਾਲ। ਕੁਝ ਦਿਨ ਨਹੀਂ ਬੀਤਦੇ ਕਿ ਇਸ ਪਾਰਟੀ ਦੇ ਆਗੂ ਲੋਕਾਂ ਦੀ ਕਚਿਹਰੀ ਵਿੱਚ ਕੋਈ ਅਜਿਹਾ ਬਿਆਨ ਦੇ ਦਿੰਦੇ ਹਨ ਕਿ ਇੰਟਰਨੈੱਟ ਦੇ ਇਸ ਦੌਰ ਵਿੱਚ ਕੈਮਰੇ ਰਾਹੀਂ ਸ਼ੂਟ ਕੀਤੇ ਉਨ੍ਹਾਂ ਦੇ ਉਹ ਬਿਆਨ ਵੀਡੀਓ ਦੇ ਰੂਪ ਵਿੱਚ ਚਾਰੇ ਪਾਸੇ ਇੰਝ ਵਾਇਰਲ ਹੁੰਦੇ ਘੁੰਮਦੇ ਰਹਿੰਦੇ ਹਨ, ਜਿਵੇਂ ਪੁਲਾੜ ਵਿੱਚ ਕੱਚਰਾ। ਕਦੇ ਭਾਰਤ ਭੂਸ਼ਣ ਆਸ਼ੂ ਦੀ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਵਿੱਚ ਉਹ ਸਿੱਖਿਆ ਅਫਸਰ ਨੂੰ ਸ਼ਰੇਆਮ ਝਿੜਕ ਰਹੇ ਹੁੰਦੇ ਹਨ, ਕਦੇ ਸਾਧੂ ਸਿੰਘ ਧਰਮਸੋਧ ਦਾ ਮਹਿਲਾ ਅਧਿਆਪਕ ਨਾਲ ਵਿਵਾਦ ਹੋ ਜਾਂਦਾ ਹੈ ਤੇ ਕਦੇ ਵਿਧਾਇਕ ਰਾਜਾ ਵੜਿੰਗ ਦੀ ਉਹ ਵੀਡੀਓ ਜਿਸ ਵਿੱਚ ਉਹ ਖੰਘ ਦੀ ਦਵਾਈ ਯਾਨੀ ਦਾਰੂ ਦੀ ਗੱਲ ਕਰਦੇ ਸੁਣਾਈ ਤੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚੋਂ ਰਾਜਾ ਵੜਿੰਗ ਨੇ ਹੁਣ ਇੱਕ ਵਾਰ ਫਿਰ ਉਸ ਵੇਲੇ ਸੁਰਖੀਆਂ ਬਟੋਰੀਆਂ ਹਨ, ਜਦੋਂ ਸਟੇਜ਼ ਤੋਂ ਆਪਣੀਆਂ ਪ੍ਰਾਪਤੀਆਂ ਤੇ ਵਿਕਾਸ ਕਾਰਜਾਂ ਦੇ ਦਾਅਵੇ ਕਰਦਿਆਂ ਵੜਿੰਗ ਨੇ ਇਹ ਕਹਿ ਦਿੱਤਾ ਕਿ ਉਹ ਅਜਿਹਾ ਸ਼ਮਸ਼ਾਨਘਾਟ ਬਣਾਉਣਗੇ ਕਿ ਬਜ਼ੁਰਗਾਂ ਦਾ ਆਪੇ ਮਰਨ ਨੂੰ ਜੀਅ ਕਰਨ ਲੱਗ ਪਏਗਾ।

ਰਾਜਾ ਵੜਿੰਗ ਨੇ ਇਹ ਬਿਆਨ ਕਿਸ ਸੰਦਰਭ ‘ਚ ਦਿੱਤਾ ਇਸ ਬਾਰੇ ਤਾਂ ਜਿਆਦਾ ਉਹ ਆਪ ਹੀ ਦੱਸ ਸਕਦੇ ਹਨ, ਪਰ ਇੰਨਾ ਸੁਣ ਕੇ ਉੱਥੇ ਮੌਜੂਦ ਕਈ ਲੋਕਾਂ ਨੂੰ ਹਾਸਾ ਆਇਆ ਤੇ ਕਈ ਇਹ ਸੋਚਦੇ ਰਹਿ ਗਏ ਕਿ ਉਹ ਹੱਸਣ ਜਾਂ ਗੁੱਸਾ ਕਰਨ। ਇਸ ਮੌਕੇ ਬਣਾਈ ਗਈ ਵੀਡੀਓ ਤੁਰੰਤ ਵਾਇਰਲ ਕਰ ਦਿੱਤੀ ਗਈ, ਜਿਸ ‘ਤੇ ਹੁਣ ਲੋਕ ਵੱਖ ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਤਾਂ ਵੜਿੰਗ ਦੇ ਇਸ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਤੇ ਪੁੱਛਿਆ ਹੈ ਕਿ, ਕੀ ਕਾਂਗਰਸੀ ਲੋਕਾਂ ਨੂੰ ਮਾਰ ਕੇ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਬਿਆਨ ਹੈ।

ਸਿਆਣਿਆਂ ਨੇ ਕਿਹਾ ਹੈ, ਕਿ ਮੱਛੀ ਉਹ ਹੀ ਫੜੀ ਜਾਂਦੀ ਹੈ ਜਿਹੜੀ ਆਪਣਾ ਮੂੰਹ ਖੋਲ੍ਹੇ, ਤੇ ਇੱਕ ਸਿਆਣਾ ਤਾਂ ਜਾਂਦੇ ਜਾਂਦੇ ਇਹ ਵੀ ਕਹਿ ਗਿਆ ਹੈ, ਕਿ ਇਨਸਾਨ ਬੋਲਣਾਂ ਤਾਂ ਇੱਕ ਸਾਲ ਦੀ ਉਮਰ ਤੋਂ ਹੀ ਸਿੱਖ ਲੈਂਦਾ ਹੈ, ਪਰ ਅਸਲ ‘ਚ ਕੀ ਬੋਲਣਾ ਹੈ ਇਹ ਕਈਆਂ ਨੂੰ ਸਾਰੀ ਉਮਰ ਹੀ ਨਹੀਂ ਪਤਾ ਲਗਦਾ।  ਮਾਹਰਾਂ ਅਨੁਸਾਰ ਸਿਆਸਤਦਾਨਾਂ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਲੋਕ ਸੁਣ ਕੇ ਗੱਲ ਆਈ ਗਈ ਕਰ ਦਿੰਦੇ ਹਨ।  ਸੱਚ ਇਹ ਹੈ, ਕਿ ਇਸ ‘ਚ ਸੁਧਾਰ ਤਾਂ ਹੀ ਆ ਸਕਦਾ ਹੈ, ਜੇਕਰ ਲੋਕ ਮੂੰਹ ‘ਤੇ ਹੀ ਠੋਕਵਾਂ ਜਵਾਬ ਦੇਣ। ਪਰ ਚੂਹੇ ਬਿੱਲੀ ਦੀ ਚੱਲ ਰਹੀ ਇਸ ਸਿਆਸੀ ਖੇਡ ਵਿੱਚ, ਬਿੱਲੀ ਰੂਪੀ ਕੁਝ ਸਿਆਸਤਦਾਨਾਂ ਦੇ ਗਲ਼ ਵਿੱਚ ਚੂਹੇ ਰੂਪੀ ਆਮ ਲੋਕਾਂ ਵਿੱਚੋਂ ਟੱਲੀ ਕੌਣ ਬੰਨ੍ਹੇਗਾ, ਹਰ ਕੋਈ ਇਹ ਸੋਚਦਾ ਰਹਿ ਜਾਂਦਾ ਹੈ ਤੇ ਚਲਾਕ ਬਿੱਲੀ ਬੇਇੱਜ਼ਤੀ ਕਰਨ ਦੇ ਬਾਵਜੂਦ ਲੋਕਾਂ ‘ਤੇ ਰਾਜ ਕਰਦੀ ਆਈ ਹੈ, ਰਾਜ ਕਰ ਰਹੀ ਹੈ, ਤੇ ਸ਼ਾਇਦ ਕਰਦੀ ਰਹੇਗੀ।

Share this Article
Leave a comment