ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਖੰਨਾ ਨਜਾਇਜ਼ ਸ਼ਰਾਬ ਫੈਕਟਰੀ ਮਾਮਲੇ ‘ਚ ਬੇਅੰਤ ਸਿੰਘ ਪਰਿਵਾਰ ਦੀ ਭੂਮਿਕਾ ਦੀ ਜਾਂਚ ਕਰਨ ਲਈ ਆਖਿਆ

TeamGlobalPunjab
2 Min Read

ਚੰਡੀਗੜ੍ਹ:- ਸ਼੍ਰੋਮਣੀ ਅਕਾਲੀ ਦਲ ਨੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ  ਖੰਨਾ ਨਜਾਇਜ਼ ਸ਼ਰਾਬ ਫੈਕਟਰੀ ਕੇਸ ਵਿਚ ਛੋਟੇ ਛੋਟੇ ਮੋਹਰਿਆਂ ਨੂੰ ਨਿਸ਼ਾਨਾ ਬਣਾ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਬਜਾਇ  ਬੇਅੰਤ ਸਿੰਘ ਪਰਿਵਾਰ ਦੀ ਭੂਮਿਕਾ ਦੀ ਜਾਂਚ ਕਰਵਾ ਕੇ ਇਸ ਕੇਸ ਦੇ ਮੁੱਖ ਸਰਗਨੇ ਖ਼ਿਲਾਫ ਕਾਰਵਾਈ ਕਰਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੇਸੱਕ ਸਰਕਾਰ ਨੇ 200 ਕਰੋੜ ਰੁਪਏ ਦੀ ਨਜਾਇਜ਼ ਸ਼ਰਾਬ ਦੀ ਫੈਕਟਰੀ ਦੇ ਮਾਮਲੇ ‘ਚ ਇੱਕ ਮੋਹਰੇ ਨੂੰ ਗਿਰਫ਼ਤਾਰ ਕਰਨ ਦੀ ਕਾਰਵਾਈ ਕੀਤੀ ਹੈ, ਪਰੰਤੂ ਇਹ ਕਾਰਵਾਈ ਦੇਰੀ ਨਾਲ ਕੀਤੀ ਗਈ ਬਹੁਤ ਹੀ ਛੋਟੀ ਕਾਰਵਾਈ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਖੰਨਾ ਵਿਧਾਇਕ ਗੁਰਕੀਰਤ ਕੋਟਲੀ, ਲੁਧਿਆਣਾ ਸਾਂਸਦ ਰਵਨੀਤ ਬਿੱਟੂ ਅਤੇ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾਂ ਸਮੇਤ ਉਹਨਾਂ ਕਾਂਗਰਸੀ ਲੀਡਰਾਂ ਦੀ ਭੂਮਿਕਾ ਦੀ ਜਾਂਚ ਕਰੇ, ਜਿਹਨਾਂ ਨੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਾਲਾ ਦੀ ਪੁਸ਼ਤਪਨਾਹੀ ਕੀਤੀ ਸੀ।

ਗਰੇਵਾਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਲੋਕਾਂ ਵੱਲੋਂ ਪਾਏ ਜਬਰਦਸਤ ਰੌਲੇ ਦੇ ਬਾਵਜੂਦ ਖੰਨਾ ਪੁਲਿਸ ਨੇ ਕਾਲੇ ਵਿਰੁੱਧ ਇਸ ਲਈ ਕਾਰਵਾਈ ਕਰਨ ਵਾਸਤੇ 15 ਦਿਨ ਲਗਾ ਦਿੱਤੇ ਹਨ ਕਿਉਂਕਿ  ਖੰਨਾ ਵਿਧਾਇਕ ਅਤੇ ਵੱਡੇ ਕਾਂਗਰਸੀ ਆਗੂਆਂ ਦਾ ਉਸ ਉੱਤੇ ਹੱਥ ਹੈ। ਉਹਨਾਂ ਕਿਹਾ ਕਿ ਇਹ ਦੂਜੀ ਵਾਰ ਹੋਇਆ ਹੈ ਕਿ ਕਾਂਗਰਸ ਸਰਕਾਰ ਨੇ 5600 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਵਿਚ ਸਿਰਫ ਇੱਕ ਛੋਟੇ ਅਪਰਾਧੀ ਖ਼ਿਲਾਫ ਕਾਰਵਾਈ ਕੀਤੀ ਹੈ। ਉੁਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਘਨੌਰ ਨਕਲੀ ਸ਼ਰਾਬ ਫੈਕਟਰੀ ਦੇ ਕੇਸ ਵਿਚ ਵੀ ਸਰਕਾਰ ਨੇ ਮੁੱਖ ਸਰਗਨਿਆਂ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਕੰਬੋਜ਼ ਖ਼ਿਲਾਫ ਕਾਰਵਾਈ ਦੀ ਬਜਾਇ ਇੱਕ ਸਰਪੰਚ ਸਮੇਤ ਦੋ ਸਥਾਨਕ ਕਾਂਗਰਸੀਆਂ ਨੂੰ ਗਿਰਫ਼ਤਾਰ ਕੀਤਾ ਸੀ।

Share this Article
Leave a comment