ਕੈਪਟਨ ਸਾਹਿਬ ਲੋਕ ਕਹਿੰਦੇ ਨੇ ਕਿ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ, ਕੋਈ ਹੱਲ ਕੱਢੋ : ਸੁਖਜਿੰਦਰ ਰੰਧਾਵਾ

Prabhjot Kaur
3 Min Read

ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵੀਜੀਲੈਂਸ ਪੁਲਿਸ ਵੱਲੋਂ ਗ੍ਰਿਫਾਤਰ ਕਰਕੇ ਭੇਜੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਰੀਆਂਵਾਲੀ ਨੂੰ ਅਦਾਲਤ ਵੱਲੋਂ ਜਮਾਨਤ ਦਿੱਤੇ ਜਾਣ ਦਾ ਮਾਮਲਾ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਦੱਬ ਕੇ ਗੁੰਜਿਆ। ਵੀਜੀਲੈਂਸ ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਨਾ ਪੇਸ਼ ਕੀਤੇ ਜਾਣ ਤੋਂ ਬਾਅਦ ਕੋਲੀਆਂਵਾਲੀ ਨੂੰ ਜਮਾਨਤ ਮਿਲ ਜਾਣ ਦੇ ਮੁੱਦੇ ‘ਤੇ ਪੰਜਾਬ ਦੇ ਕੈਬਨਿੱਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਮੁੱਖ ਮੰਤਰੀ ਨੂੰ ਆਹਮੋ-ਸਾਹਮਣੇ ਇਹ ਸਵਾਲ ਕਰ ਦਿੱਤਾ ਕਿ ਕੈਪਟਨ ਸਾਹਿਬ ਕੋਲਿਆਂਵਾਲੀ ਖਿਲਾਫ ਅਦਾਲਤ ‘ਚ ਚਲਾਨ 90 ਦਿਨਾਂ ਅੰਦਰ ਕਿਉਂ ਨਹੀਂ ਪੇਸ਼ ਕੀਤਾ ਜਾ ਸਕਿਆ? ਪਤਾ ਲੱਗਾ ਹੈ ਕਿ ਜਿਸ ਵੇਲੇ ਰੰਧਾਵਾ ਨੇ ਇਹ ਮੁੱਦਾ ਚੁੱਕਿਆ ਤਾਂ ਮੌਕੇ ‘ਤੇ ਮੌਜੂਦ ਕਈ ਹੋਰ ਮੰਤਰੀਆਂ ਨੇ ਵੀ ਰੰਧਾਵਾ ਵੱਲੋਂ ਚੁੱਕੇ ਗਏ ਸਵਾਲ ਦਾ ਸਮਰਥਨ ਕੀਤਾ। ਇਸ ‘ਤੋਂ ਅਸਹਿਜ ਹੋਏ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਬਕਾਇਦਾ ਜਾਂਚ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਆਲ ਸਿੰਘ ਕੋਲਿਆਂਵਾਲੀ ਦੇ ਖਿਲਾਫ ਵੀਜੀਲੈਂਸ ਵੱਲੋਂ ਅਦਾਲਤ ਵਿੱਚ  ਚਲਾਨ ਪੇਸ਼ ਨਾ ਕੀਤੇ ਜਾਣ ‘ਤੇ ਸਖਤ ਇਤਰਾਜ਼ ਜ਼ਾਹਰ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਲੋਕਾਂ ਵੱਲੋਂ ਤਾਂ ਪਹਿਲਾਂ ਹੀ ਇਹ ਦੋਸ਼ ਲਾਏ ਜਾ ਰਹੇ ਹਨ ਕਿ ਸਰਕਾਰ ਅਕਾਲੀਆਂ ਨਾਲ ਰਲ ਗਈ ਹੈ। ਜਿਸ ‘ਤੇ ਪੰਜਾਬ ਦਾ ਗ੍ਰਹਿ ਵਿਭਾਗ ਵੇਖ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆ ਰੰਧਾਵਾ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਮਾਮਲੇ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਕਿੱਥੇ ਕੋਤਾਹੀ ਹੋਈ ਹੈ?

ਇੱਥੇ ਦੱਸ ਦਈਏ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਰਹਿ ਚੁੱਕੇ ਦਿਆਲ ਸਿੰਘ ਕੋਲਿਆਂਵਾਲੀ ਵਿਰੱਧ ਦਰਜ਼ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਹ ਪਹਿਲਾਂ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਹੀ ਨਾਕਾਮ ਰਹੀ ਸੀ ਤੇ ਇਸ ਦੌਰਾਨ ਉਹ ਅਗਾਊਂ ਜਮਾਨਤ ਹਾਸਲ ਕਰਨ ਲਈ  ਸੁਪਰੀਮ ਕੋਰਟ ਤੱਕ ਜਾ ਪੁੱਜਾ। ਇਹ ਤਾਂ ਅਦਾਲਤ ਨੇ ਹੀ ਉਸ ਦੀ ਜਮਾਨਤ ਅਰਜੀਆਂ ਖਾਰਜ਼ ਕਰ ਦਿੱਤੀਆਂ ਤਾਂ ਜਾ ਕੇ ਹਾਰ ਕੇ ਉਸ ਨੇ ਬੜੀ ਮੁਸ਼ਕਲ ਨਾਲ 14 ਦਸੰਬਰ ਨੂੰ ਮੁਹਾਲੀ ਦੀ ਸ਼ੈਸ਼ਨ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।ਇਸ ਤੋਂ ਬਾਅਦ ਵੀ ਉਸ ਦੇ ਖਿਲਾਫ ਮਿੱਥੇ 90 ਦਿਨ ਦੇ ਅੰਦਰ ਵੀਜੀਲੈਂਸ ਵੱਲੋਂ ਚਲਾਨ ਨਾ ਪੇਸ਼ ਕੀਤੇ ਜਾਣ ਕਾਰਨ ਅਦਾਲਤ ਨੇ 2 ਦਿਨ ਪਹਿਲਾਂ ਹੀ ਉਸ ਨੂੰ ਜਮਾਨਤ ‘ਤੇ ਰਿਹਾ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਕੋਲਿਆਂਵਾਲੀ ਦੀ ਜਮਾਨਤਾ ਦਾ ਵਿਰੋਧ ਕਰਨ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਸ਼ੁਰੂ ਤੋਂ ਹੀ ਉਸ ਦੇ ਖਿਲਾਫ ਕਾਰਵਾਈ ਕਰਨ ਦਾ ਮੁੱਦਾ ਚੁੱਕਦੇ ਆ ਰਹੇ ਹਨ। ਪਰ ਹੁਣ ਜਿਸ ਤਰ੍ਹਾਂ ਇਹ ਮੁੱਦਾ ਭਰੀ ਕੈਬਨਿਟ ਦੀ ਮੀਟਿੰਗ ਵਿੱਚ ਚੁੱਕਿਆ ਗਿਆ ਹੈ। ਇਸ ਨੂੰ ਦੇਖਦਿਆਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਮੁੱਖ ਮੰਤਰੀ ਨੂੰ ਇਸ ‘ਤੇ ਸਖਤ ਰੁੱਖ ਅਪਣਾਉਣਾ ਹੀ ਪਏਗਾ।

- Advertisement -

 

Share this Article
Leave a comment