ਆਖ਼ਰਕਾਰ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਹੀ ਲਿਆ ਗਿਆ ਵਾਪਸ? ਪੈ ਗਿਆ ਰੌਲਾ

TeamGlobalPunjab
2 Min Read

ਚੰਡੀਗੜ੍ਹ : ਆਖ਼ਰ ਉਹ ਹੀ ਹੋਇਆ ਜਿਸ ਦਾ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਡਰ ਸੀ। ਪੰਜਾਬ ਦੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਨ ਵਾਲੀ ਫਾਇਲ ਪੰਜਾਬ ਦੇ ਰਾਜਪਾਲ ਨੂੰ ਮਨਜੂਰੀ ਲਈ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਫੇਰ ਬਦਲ ਵਿੱਚ  ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲਿਆ ਜਾ ਰਿਹਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਨਾ ਤਾਂ ਮੁੱਖ ਮੰਤਰੀ ਵੱਲੋਂ ਸੱਦੀ ਗਈ ਕੈਬਨਿਟ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਹਨ, ਤੇ ਨਾ ਹੀ ਉਹ ਚੁੱਪ ਬੈਠੇ ਹਨ। ਉਨ੍ਹਾਂ ਨੇ ਅੱਜ ਉਸੇ ਵੇਲੇ ਇੱਕ ਪੱਤਰਕਾਰ ਸੰਮੇਲਨ ਕਰਕੇ ਆਪਣੇ ਵਿਭਾਗ ਦੀਆਂ ਕਾਰਗੁਜਾਰੀਆਂ ਪੱਤਰਕਾਰਾਂ ਸਾਹਮਣੇ ਇੱਕ ਵਾਰ ਫਿਰ ਰੱਖ ਦਿੱਤੀਆਂ ਜਿਸ ਵੇਲੇ ਪੰਜਾਬ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ।

ਸੂਤਰਾਂ ਅਨੁਸਾਰ ਰਾਜਪਾਲ ਨੂੰ ਮੰਤਰੀਆਂ ਦੇ ਵਿਭਾਗ ਬਦਲਣ ਵਾਲੀ ਜਿਹੜੀ ਫਾਇਲ ਭੇਜੀ ਗਈ ਹੈ ਉਸ ਵਿੱਚ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਦਿੱਤੇ ਜਾਣ ਦੀ ਸ਼ਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਓਪੀ ਸੋਨੀ ਤੋਂ ਵੀ ਸਿੱਖਿਆ ਵਿਭਾਗ ਵਾਪਸ ਲਏ ਜਾਣ ਦੀਆਂ ਚਰਚਾਵਾਂ ਹਨ। ਉਨ੍ਹਾਂ ਨੂੰ ਵੀ ਕੋਈ ਇਸ ਤੋਂ ਵੀ ਬੇਹਤਰ ਵਿਭਾਗ ਦਿੱਤਾ ਜਾ ਸਕਦਾ ਹੈ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਇਹ ਐਲਾਨ ਕੀਤਾ ਸੀ ਕਿ ਜਿਨ੍ਹਾਂ ਮੰਤਰੀਆਂ ਦੀ ਕਾਰਗੁਜਾਰੀ ਉਨ੍ਹਾਂ ਦੇ ਆਪਣੇ ਹਲਕਿਆਂ ਵਿੱਚ ਚੋਣਾਂ ਦੌਰਾਨ ਮਾੜੀ ਰਹੇਗੀ ਉਨ੍ਹਾਂ ਤੋਂ ਮੰਤਰੀ ਦੇ ਆਹੁਦੇ ਵਾਪਸ ਲਏ ਜਾਣਗੇ। ਹੁਣ ਕਿਨ੍ਹਾਂ ਤੋਂ ਆਹੁਦੇ ਲੈ ਕੇ ਵਿਹਲਾ ਕੀਤਾ ਜਾ ਰਿਹਾ ਹੈ ਤੇ ਕਿੰਨ੍ਹਾਂ ਨੂੰ ਵੱਡੀਆਂ ਵਜ਼ੀਰੀਆਂ ਵਖਸ਼ੀਆਂ ਜਾ ਰਹੀਆਂ ਹਨ ਇਹ ਰਾਜਪਾਲ ਤੋਂ ਮਨਜੂਰੀ ਮਿਲ ਕੇ ਫਾਇਲ ਖੁੱਲ੍ਹਣ ਤੋਂ ਬਾਅਦ ਹੀ ਪਤਾ ਲੱਗੇਗਾ।

Share this Article
Leave a comment