Breaking News

ਕੇਜਰੀਵਾਲ ਦੀ ‘ਤਿਰੰਗਾ ਯਾਤਰਾ’ ‘ਚ ਰੰਗਿਆ ਗਿਆ ਪਠਾਨਕੋਟ

ਪਠਾਨਕੋਟ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਸ਼ਾਲ ‘ਤਿਰੰਗਾ ਯਾਤਰਾ’ ਦੌਰਾਨ ਪਠਾਨਕੋਟ ਸ਼ਹਿਰੀ ਪੂਰੀ ਤਰਾਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਇਹ ਸਰਜ਼ਮੀਂ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਪਠਾਨਕੋਟ ਅਤੇ ਗੁਰਦਾਸਪੁਰ ਤੋਂ ਹੀ ਭਾਰਤੀ ਫੌਜ ‘ਚ ਸਭ ਤੋਂ ਵੱਧ ਜਵਾਨ ਭਰਤੀ ਹੁੰਦੇ ਹਨ ਅਤੇ ਦੇਸ਼ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਾਲ਼ਾ ਅੰਗਰੇਜ਼ ਕਹੇ ਜਾਣ ‘ਤੇ ਜਵਾਬੀ ਹਮਲਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ”ਪੰਜਾਬ ਦੀਆਂ ਮਾਵਾਂ ਨੂੰ ਆਪਣਾ ਕਾਲ਼ਾ ਪੁੱਤਰ ਕੇਜਰੀਵਾਲ ਅਤੇ ਭੈਣਾਂ ਨੂੰ ਕਾਲ਼ਾ ਭਰਾ ਪਸੰਦ ਹੈ, ਕਿਉਂਕਿ ਮੇਰੀ ਨੀਅਤ ਕਾਲੀ ਨਹੀਂ ਅਤੇ ਮੇਰੀ ਨੀਅਤ ਸਾਫ਼ ਹੈ। ਸਭ ਨੂੰ ਪਤਾ ਹੈ ਕਿਸ ਦੀ ਨੀਅਤ ਕਾਲ਼ੀ ਹੈ।” ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਇਹ ਕਾਲ਼ਾ ਬੰਦਾ (ਕੇਜਰੀਵਾਲ) ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਮੁੱਖ ਮੰਤਰੀ ਚੰਨੀ ਵੱਲੋਂ ਕੱਪੜਿਆਂ ਅਤੇ ਰੰਗ ਬਾਰੇ ਟਿਪਣੀ ਕਰਨ ‘ਤੇ ਜਵਾਬ ਦਿੰਦਿਆਂ ਕੇਜਰੀਵਾਲ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਮੁੱਖ ਮੰਤਰੀ ਚੰਨੀ ਉਨਾਂ ਨੂੰ ਗਾਲ਼ਾਂ ਕੱਢ ਰਹੇ ਹਨ। ਸਸਤੇ ਕੱਪੜੇ ਪਾਉਣ ਵਾਲਾ ਅਤੇ ਕਾਲ਼ੇ ਰੰਗ ਦਾ ਬੰਦਾ ਕਹਿ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨਾਂ ਦਾ ਰੰਗ ਕਾਲ਼ਾ ਪਿੰਡ ਪਿੰਡ ਅਤੇ ਧੁੱਪ ‘ਚ ਘੁੰਮ ਕੇ ਹੋਇਆ ਹੈ।

ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਪਠਾਨਕੋਟ ਅਤੇ ਪੰਜਾਬ ਵਾਸੀਆਂ ਨੂੰ ਵਿਸ਼ਾਲ ਤਿਰੰਗਾ ਯਾਤਰਾ ਲਈ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਸਦਾ ਬਣਾਈ ਰੱਖਣਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ‘ਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ਨਾਲੋਂ ਵੀ ਵਧੀਆ ਸਿੱਖਿਆ ਵਿਵਸਥਾ ਅਤੇ ਸਰਕਾਰੀ ਸਕੂਲ ਪ੍ਰਦਾਨ ਕਰੇਗੀ ਅਤੇ ਤਿਰੰਗੇ ਦੀ ਸ਼ਾਨ ਵਿੱਚ ਚਾਰ ਚੰਨ ਹੋਰ ਲਾਵੇਗੀ, ਜਦੋਂ ਪੰਜਾਬ ਦੇ ਸਾਰੇ ਬੱਚਿਆਂ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਮਿਲੇਗੀ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਰਹੱਦ ਦੇ ਰਾਖੇ ਸੂਰਬੀਰ ਸੈਨਿਕਾਂ ਨੂੰ ਸਮਰਪਿਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰ ਰਹੇ ਸਨ। ਵੱਡੀ ਗਿਣਤੀ ‘ਚ ਮੌਜ਼ੂਦ ‘ਆਪ’ ਆਗੂਆਂ, ਵਲੰਟੀਅਰਾਂ ਅਤੇ ਸਮਰਥਕਾਂ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਈ ‘ਤਿਰੰਗਾ ਯਾਤਰਾ’ ਸ਼ਹਿਰ ਦੇ ਵੱਖ-ਵੱਖ ਬਜਾਰਾਂ ‘ਚ ਹੁੰਦੀ ਹੋਈ ਡਲਹੌਜੀ ਰੋਡ ‘ਤੇ ਸਥਿਤ ਢਾਂਗੂ ਚੌਂਕ ਵਿਖੇ ਸਮਾਪਤ ਹੋਈ।

ਇਸ ਮੌਕੇ ਪਠਾਨਕੋਟ ਦੀਆਂ ਗਲੀਆਂ ਅਤੇ ਬਜ਼ਾਰਾਂ ‘ਚ ਸ਼ਹਿਰ ਵਾਸੀਆਂ ਨੇ ‘ਆਪ’ ਸੁਪਰੀਮੋਂ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਆਪਣੇ ਘਰਾਂ ਦੀਆਂ ਛੱਤਾਂ ਤੋਂ ਸ਼ਹਿਰ ਵਾਸੀਆਂ ਖ਼ਾਸ ਕਰਕੇ ਮਾਵਾਂ, ਭੈਣਾਂ ਅਤੇ ਬਹੁ ਬੇਟੀਆਂ ਵੱਲੋਂ ਕੇਜਰੀਵਾਲ ਦੇ ਕਾਫ਼ਲੇ ‘ਤੇ ਫੁੱਲ ਬਰਸਾਏ ਜਾਣ ਦੇ ਨਜ਼ਾਰੇ ਵੀ ਕਈ ਥਾਂ ਦੇਖਣ ਨੂੰ ਮਿਲੇ।

Check Also

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਿਸ਼ਵ ਜਲ ਦਿਵਸ ਮਨਾਇਆ

ਚੰਡੀਗੜ੍ਹ :ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ …

Leave a Reply

Your email address will not be published. Required fields are marked *