ਨਵੀਂ ਦਿੱਲੀ : ਹੁਣ ਤੱਕ ਤਾਂ ਇਹ ਹੋ ਰਿਹਾ ਸੀ ਕਿ ਕਸ਼ਮੀਰ ਅੰਦਰ ਧਾਰਾ 370 ਖਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੀ ਕਸ਼ਮੀਰੀ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਮੁਜੱਫਰਨਗਰ ਤੋਂ ਬੀਜੇਪੀ ਵਿਧਾਇਕ ਵਿਕਰਮ ਸੈਣੀ ਵੱਲੋਂ ਕਸ਼ਮੀਰੀ ਲੜਕੀਆਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਦੀ ਅਜਿਹੀ ਪਿਰਤ ਪਈ ਕਿ ਇਸ ਦੀ ਲਾਗ ਹੁਣ ਹਰਿਆਣੇ ਨੂੰ ਵੀ ਆਣ ਲੱਗੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕਸ਼ਮੀਰੀ ਲੜਕੀਆਂ ਨੂੰ ਨੂੰਹ ਬਣਾ ਕੇ ਲਿਆਉਣ ਦਾ ਰਸਤਾ ਖੁੱਲ੍ਹ ਜਾਣ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਖੁੰਦਕ ‘ਚ ਆਏ ਲੋਕ ਇਹ ਸਵਾਲ ਕਰ ਰਹੇ ਹਨ ਕਿ ਖੱਟੜ ਸਾਬ੍ਹ ਨੂੰਹਾਂ ਧੀਆਂ ਬਰਾਬਰ ਹੁੰਦੀਆਂ ਹਨ ਤੇ ਜੇਕਰ ਹਰਿਆਣੇ ਵਾਸਤੇ ਕਸ਼ਮੀਰੀ ਨੂੰਹਾਂ ਲਿਆਉਣ ਦੀ ਗੱਲ ਕਰਦੇ ਹੋਂ ਤਾਂ ਕਸ਼ਮੀਰੀ ਜਵਾਈਆਂ ਦਾ ਜਿਕਰ ਕਰਨਾ ਕਿਉਂ ਭੁੱਲ ਗਏ? ਕਸ਼ਮੀਰੀ ਅੰਦਰ ਵਸਦੇ ਨੌਜਵਾਨਾਂ ਨਾਲ ਹਰਿਆਣਾਵੀ ਦੀਆਂ ਲੜਕੀਆਂ ਨੂੰ ਵਿਆਹੁਣ ਵਿੱਚ ਕੀ ਇਤਰਾਜ਼ ਹੈ?
ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਬਿਆਨ ਦਿੱਤਾ ਸੀ ਕਿ ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਕਹਿੰਦੇ ਸਨ ਕਿ ਉਹ ਆਪਣੀਆਂ ਨੂੰਹਾਂ ਨੂੰ ਬਿਹਾਰ ਤੋਂ ਲਿਆਉਣਗੇ ਪਰ ਮੈਂ ਕਹਾਂਗਾਂ ਕਿ ਹੁਣ ਕਸ਼ਮੀਰ ਦਾ ਰਸਤਾ ਵੀ ਸਾਫ ਹੋਇਆ ਹੈ ਤੇ ਅਸੀਂ ਕਸ਼ਮੀਰੀ ਕੁੜੀ ਨੂੰ ਨੂੰਹ ਬਣਾ ਕੇ ਲਿਆਂਵਾਗੇ। ਖੱਟੜ ਇੱਥੇ ਫਤਿਹਾਬਾਦ ਦੇ ਮਹਾਂਰਿਸ਼ੀ ਭਾਗੀਰਥ ਜੈਅੰਤੀ ‘ਚ ਬੋਲ ਰਹੇ ਸਨ।
ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਭਾਵੇਂ ਮੁੰਡੇ ਅਤੇ ਕੁੜੀਆਂ ਦੇ ਲਿੰਗ ਅਨੁਪਾਤ ਦੀ ਗੱਲ ਕਰਦਿਆਂ ਕਿਹਾ ਸੀ ਕਿ ਸੂਬੇ ਅੰਦਰ 1000 ਹਜ਼ਾਰ ਮੁੰਡਿਆਂ ਪਿੱਛੇ 933 ਕੁੜੀਆਂ ਹਨ ਜਿਸ ਕਾਰਨ ਕਸ਼ਮੀਰੀ ਬਹੂਆਂ ਲਿਆਂਦੀਆਂ ਜਾ ਸਕਦੀਆਂ ਹਨ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਖੱਟੜ ਦੀ ਗੱਲ ਕਸ਼ਮੀਰੀ ਲੜਕੀਆਂ ਵਿਰੁੱਧ ਇਤਰਾਜ਼ਯੋਗ ਲੱਗੀ ਤੇ ਇਹੋ ਕਾਰਨ ਹੈ ਕਿ ਇਸ ਦਾ ਵਿਰੋਧ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਕਸ਼ਮੀਰੀ ਕੁੜੀਆਂ ਵਿਰੁੱਧ ਕੀਤੀਆਂ ਜਾ ਰਹੀਆਂ ਇਨ੍ਹਾਂ ਭੱਦੀਆ ਟਿੱਪਣੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ।