ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ, ਪਿਤਾ ਦੀ ਨਸੀਹਤ ਨਹੀਂ ਆਈ ਕੰਮ ?

Prabhjot Kaur
5 Min Read

ਕੁਲਵੰਤ ਸਿੰਘ

ਸੰਗਰੂਰ: ਪੰਜਾਬ ਦੇ ਹਲਕਾ ਸੰਗਰੂਰ ਤੋਂ ਇੱਕ ਵੱਡੀ ਖ਼ਬਰ ਆਈ ਹੈ, ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ। ਭਾਵੇਂ ਕਿ ਇਸ ਖ਼ਬਰ ਦੀ ਅਜੇ ਅਧਿਕਾਰਿਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਭਰੋਸੇਯੋਗ ਸੂਤਰਾਂ ਅਨੁਸਾਰ ਛੋਟੇ ਢੀਂਡਸਾ ਦੀ ਹਲਕਾ ਸੰਗਰੂਰ ਤੋਂ ਲੋਕ ਸਭਾ ਉਮੀਦਵਾਰੀ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀ 22 ਮਾਰਚ ਨੂੰ ਆਪਣੇ ਸੰਗਰੂਰ ਦੌਰੇ ਦੌਰਾਨ ਕਰ ਦੇਣਗੇ। ਇਹ ਖ਼ਬਰ ਆਉਂਦਿਆਂ ਹੀ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਇੱਕ ਸਵਾਲ ਨੇ ਬੜੀ ਤੇਜ਼ੀ ਨਾਲ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਕਿ, ਕੀ ਛੋਟੇ ਢੀਂਡਸਾ ਆਪਣੇ ਪਿਤਾ ਤੋਂ ਬਾਹਰ ਹੋ ਕੇ ਚੋਣ ਲੜਨ ਜਾ ਰਹੇ ਹਨ?

ਤੁਹਾਨੂੰ ਯਾਦ ਹੋਵੇਗਾ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ‘ਚੋਂ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ, ਤੇ ਉਨ੍ਹਾਂ ਨੇ ਨਾ ਸਿਰਫ ਆਪ ਇਹ ਐਲਾਨ ਕੀਤਾ ਸੀ ਕਿ ‘ਨਾ ਮੈਂ, ਤੇ ਨਾ ਹੀ ਮੇਰਾ ਕੋਈ ਪਰਿਵਾਰਕ ਮੈਂਬਰ ਆਉਂਦੀਆਂ ਲੋਕ ਸਭਾ ਚੋਣਾ ਲੜੇਗਾ’ ਬਲਕਿ ਉਨ੍ਹਾਂ ਨੇ ਆਪਣੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦੀ ਸਲਾਹ ਦਿੱਤੀ ਸੀ। ਢੀਂਡਸਾ ਵੱਲੋਂ ਅਕਾਲੀ ਦਲ ਵਿਚਲੇ ਆਪਣੇ ਆਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡੇ ਬਾਦਲ, ਦਲਜੀਤ ਸਿੰਘ ਚੀਮਾਂ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇੱਥੋਂ ਤੱਕ ਕਿ ਅੰਗਰੇਜ਼ੀ ਦੇ ਇੱਕ ਅਖ਼ਬਾਰ ਹਿੰਦੁਸਤਾਨ ਟਾਇਮਜ਼ ਨੂੰ ਦਿੱਤੀ ਗਈ ਇੱਕ ਇੰਟਰਵੀਊ ਵਿੱਚ ਤਾਂ ਢੀਂਡਸਾ ਨੇ ਅਕਾਲੀ ਦਲ ਦੇ ਪੰਜਾਬ ਵਿੱਚ ਨਿਘਾਰ ਅਤੇ ਪਿਛਲੀਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੀ ਹਾਰ ਦਾ ਕਾਰਨ ਵੀ ਸੁਖਬੀਰ ਬਾਦਲ ਨੂੰ ਕਰਾਰ ਦਿੰਦਿਆਂ ਕਿਹਾ ਸੀ ਕਿ ਛੋਟੇ ਬਾਦਲ ਨੂੰ ਆਪਣੀ ਪ੍ਰਧਾਨਗੀ ਵਾਲੇ ਆਹੁਦੇ ਤੋਂ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਨ ਦੇਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਆਪਣੀ ਵਾਪਸੀ ਦਾ ਇਸ਼ਾਰਾ ਦਿੰਦਿਆਂ ਵੱਡੇ ਢੀਂਡਸਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਜਿਹੜੇ ਆਗੂ ਨਰਾਜ਼ ਹੋ ਕੇ ਘਰਾਂ ‘ਚ ਜਾ ਬੈਠੇ ਹਨ, ਉਹ ਇੱਕ ਵਾਰ ਫਿਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਜਾਣਗੇ।

ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਨੇ ਕਈ ਵਾਰ ਮੀਡੀਆ ਰਾਹੀਂ ਇਹ ਬਿਆਨ ਦਿੱਤੇ ਸਨ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਪਰ ਇਸ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਨੇ ਨਾ ਤਾਂ ਸੁਖਦੇਵ ਸਿੰਘ ਢੀਂਡਸਾ ਦੇ ਕਿਸੇ ਬਿਆਨ ਦਾ ਬੁਰ ਮੰਨਾਉਂਦਿਆਂ ਉਸ ਨੂੰ ਅਨੁਸਾਸ਼ਨਹੀਨਤਾ ਕਰਾਰ ਦਿੱਤਾ ਤੇ ਨਾ ਹੀ ਢੀਂਡਸਾ ਪਰਿਵਾਰ ਨੂੰ ਹਲਕਾ ਸੰਗਰੂਰ ਤੋਂ ਚੋਣ ਲੜਾਉਣ ਸਬੰਧੀ ਕੀਤੇ ਜਾ ਰਹੇ ਯਤਨਾਂ ਸਬੰਧੀ ਹਾਰ ਮੰਨੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਕਈ ਮਹੀਨਿਆਂ ਦੇ ਯਤਨਾਂ ਤੋਂ ਬਾਅਦ ਉਨ੍ਹਾਂ ਨੇ ਛੋਟੇ ਢੀਂਡਸਾ ਨੂੰ ਹਲਕਾ ਸੰਗਰੂਰ ਤੋਂ ਚੋਣ ਲੜਨ ਲਈ ਮੰਨਾ ਹੀ ਲਿਆ। ਸੂਤਰ ਦੱਸਦੇ ਹਨ ਕਿ ਇਸ ਬਾਬਤ ਪਰਮਿੰਦਰ ਸਿੰਘ ਢੀਂਡਸਾ ਦੀ ਸੁਖਬੀਰ ਬਾਦਲ ਨਾਲ ਇੱਕ ਸਾਰਥਕ ਮੀਟਿੰਗ ਹੋ ਚੁੱਕੀ ਹੈ, ਪਰ ਸੁਖਦੇਵ ਸਿੰਘ ਢੀਂਡਸਾ ਅਜੇ ਵੀ ਆਪਣੇ ਪਹਿਲਾਂ ਵਾਲੇ ਬਿਆਨਾਂ ‘ਤੇ ਕਾਇਮ ਹਨ। ਢੀਂਡਸਾ ਅਨੁਸਾਰ ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਿਧਾਂਤਕ ਮਤਭੇਦ ਹੋ ਚੁੱਕੇ ਹਨ, ਤੇ ਉਨ੍ਹਾਂ ਨੂੰ ਦੂਰ ਕੀਤੇ ਬਿਨਾਂ ਉਹ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈਣਗੇ।

ਉੱਧਰ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਨਾਲ ਬੀਤੇ ਦਿਨੀਂ ਜਦੋਂ ਸੰਗਰੂਰ ਤੋਂ ਉਨ੍ਹਾਂ ਦੀ ਉਮੀਦਵਾਰੀ ‘ਤੇ ਮੀਡੀਆ ਨੇ ਸਵਾਲ ਕੀਤਾ ਸੀ ਤਾਂ ਉਨ੍ਹਾਂ ਨੇ ਇਹ ਤਾਂ ਮੰਨਿਆਂ ਸੀ, ਕਿ ਪਾਰਟੀ ਆਗੂ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਕਹਿ ਰਹੇ ਹਨ, ਪਰ ਛੋਟੇ ਢੀਂਡਸਾ ਅਨੁਸਾਰ ਉਹ ਇਹ ਫੈਸਲਾ ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਲੈਣਗੇ। ਜਦਕਿ ਮੀਡੀਆ ਰਿਪੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਪਰਮਿੰਦਰ ਸਿੰਘ ਢੀਂਡਸਾ ਦਾ ਹਲਕਾ ਸੰਗਰੂਰ ਤੋਂ ਆਉਂਦੀਆਂ ਲੋਕ ਸਭਾ ਚੋਣਾਂ ਲੜਨੀਆਂ ਤਹਿ ਹਨ, ਤੇ ਇਸ ਦਾ ਹੁਣ ਮਹਿਜ਼ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਆਉਂਦੀ 22 ਮਾਰਚ ਨੂੰ ਆਪਣੇ ਸੰਗਰੂਰ ਦੌਰੇ ਦੌਰਾਨ ਕਰ ਦੇਣਗੇ।

 

 

Share This Article
Leave a Comment