ਸੰਗਰੂਰ ਤੋਂ ਕੇਵਲ ਢਿੱਲੋਂ ਤੇ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਕਾਂਗਰਸੀ ਉਮੀਦਵਾਰ, ਦੇਖੋ ਇੱਥੇ ਕੌਣ ਕੌਣ ਕਰਦੈ ਬਗਾਵਤ

ਚੰਡੀਗੜ੍ਹ : ਕੁੱਲ ਹਿੰਦ ਕਾਂਗਰਸ ਪਾਰਟੀ ਨੇ ਜਿੱਥੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ, ਉੱਥੇ ਫਿਰੋਜ਼ਪੁਰ ਤੇ ਬਠਿੰਡਾ ਹਲਕਿਆਂ ਬਾਰੇ ਅਜੇ ਵੀ ਫੈਸਲਾ ਨਹੀਂ ਹੋ ਪਾਇਆ ਹੈ। ਸੰਗਰੂਰ ਤੇ ਅਨੰਦਪੁਰ ਸਾਹਿਬ ਹਲਕਿਆਂ ਦੇ ਦਾਅਵੇਦਾਰਾਂ ਦੇ ਨਾਮਾਂ ‘ਤੇ ਚਰਚਾ ਕਰਨ ਲਈ ਹੋਈ ਮੀਟਿੰਗ ਦੌਰਾਨ ਕੁੱਲ ਹਿੰਦ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪਾਰਟੀ ਦੀ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ।

ਪਤਾ ਲੱਗਾ ਹੈ, ਕਿ ਹਲਕਾ ਸੰਗਰੂਰ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮਜਬੂਤ ਦਾਅਵੇਦਾਰੀ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨਤਕਾਰ ਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਵਾਉਣ ਵਿੱਚ ਕਾਮਯਾਬ ਰਹੇ ਹਨ। ਦੱਸ ਦਈਏ ਕਿ ਢਿੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਗੁਰੂ ਨਗਰੀ ਅਨੰਦਪੁਰ ਸਾਹਿਬ ਦੇ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਕਈ ਦਾਅਵੇਦਾਰਾਂ ‘ਤੇ ਭਾਰੀ ਪੈ ਕੇ ਟਿਕਟ ਲੈਣ ਵਿੱਚ ਕਾਮਯਾਬ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮਨੀਸ਼ ਤਿਵਾੜੀ ਦੀ ਹਿਮਾਇਤ ਯੂਪੀਏ ਦੀ ਚੇਅਰਪਰਸਨ ਸੋਨੀਆਂ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ।

ਅਨੰਦਪੁਰ ਸਾਹਿਬ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਕੁਝ ਯੂਥ ਕਾਂਗਰਸੀ ਆਗੂਆਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਅਤੇ ਕੁਝ ਹੋਰ ਆਗੂਆਂ ਨੇ ਵੀ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਹੋਈਆਂ ਸਨ। ਪਰ ਜਿਉਂ ਹੀ ਟਿਕਟ ਵੰਡ ਦਾ ਵੇਲਾ ਆਇਆ ਤਾਂ ਪਤਾ ਲੱਗਾ ਹੈ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਡਾ. ਮਨਮੋਹਨ ਸਿੰਘ ਤੇ ਸੋਨੀਆਂ ਗਾਂਧੀ ਨੇ ਵੀ ਮਨੀਸ਼ ਤਿਵਾੜੀ ‘ਤੇ ਭਰੋਸਾ ਜਤਾਇਆ ਹੈ। ਇੱਥੇ ਹੋਰਾਂ ਦਾ ਤਾਂ ਪਤਾ ਨਹੀਂ ਪਰ ਇੰਨਾ ਜਰੂਰ ਹੈ ਕਿ ਸੰਦੀਪ ਸਿੰਘ ਸੰਧੂ ਨੂੰ ਟਿਕਟ ਨਾ ਮਿਲਣ ਕਾਰਨ ਕਾਂਗਰਸੀਆਂ ਨੇ ਕੁਝ ਜਿਆਦਾ ਹੀ ਹੈਰਾਨੀ ਪ੍ਰਗਟ ਕੀਤੀ ਹੈ ਕਿਉਂਕਿ ਸਾਰਿਆਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਆਪਣੇ ਸਿਆਸੀ ਸਕੱਤਰ ਦੇ ਹੱਕ ਵਿੱਚ ਜਰੂਰ ਹਾਮੀ ਭਰਨਗੇ।

ਇੱਥੇ ਇਹ ਵੀ ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਦੇ ਉਮੀਦਵਾਰਾਂ ਦੇ ਨਾਮ ਅਜੇ ਵੀ ਫਾਇਨਲ ਨਹੀਂ ਕੀਤੇ ਹਨ, ਤੇ ਕਿਹਾ ਜਾ ਰਿਹਾ ਹੈ, ਕਿ ਆਉਂਦੇ ਕੁਝ ਦਿਨਾਂ ਵਿੱਚ ਇੱਥੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਦੇ ਐਲਾਨ ਦਾ ਇੰਤਜ਼ਾਰ ਜਿੱਥੇ ਕਾਂਗਰਸ ਪਾਰਟੀ ਦੇ ਟਿਕਟ ਦਾਅਵੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਉਸ ਤੋਂ ਵੀ ਬੇਸਬਰੀ ਨਾਲ ਇੱਥੋਂ ਦੇ ਉਮੀਦਵਾਰਾਂ ਦੇ ਨਾਮਾਂ ਦੀ ਉਡੀਕ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਵੀ ਅਜੇ ਇਨ੍ਹਾਂ ਦੋਵਾਂ ਹਲਕਿਆਂ ਤੋਂ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ, ਤੇ ਮੰਨਿਆ ਜਾ ਰਿਹਾ ਹੈ, ਕਿ ਅਕਾਲੀ ਕਾਂਗਰਸੀ ਉਮੀਦਵਾਰਾਂ ਦੇ ਨਾਮ ਦੇਖ ਕੇ ਹੀ ਬਠਿੰਡਾ ਤੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ।

ਜਿਵੇਂ ਕਿ ਹੁਣ ਤੱਕ ਹੁੰਦਾ ਆਇਆ ਹੈ ਪਟਿਆਲਾ ਤੇ ਗੁਰਦਾਸਪੁਰ ਸੀਟਾਂ ਨੰ ਛੱਡ ਕੇ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਜਿੱਥੇ ਵੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਉੱਥੇ ਟਿਕਟ ਦਾਅਵੇਦਾਰਾਂ ਵੱਲੋਂ ਕਿਤੇ ਘੱਟ ਤੇ ਕਿਤੇ ਵੱਧ, ਬਗਾਵਤੀ ਸੁਰ ਜਰੂਰ ਅਪਣਾਏ ਗਏ ਹਨ। ਜਲੰਧਰ ਅਤੇ ਹੁਸ਼ਿਆਰਪੁਰ ਦੇ ਦਾਅਵੇਦਾਰਾਂ ਮਹਿੰਦਰ ਸਿੰਘ ਕੇਪੀ ਤੇ ਸੰਤੋਸ਼ ਚੌਧਰੀ ਨੇ ਤਾਂ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਆਜ਼ਾਦ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਦਾਅਵੇਦਾਰੀਆਂ ਸੰਗਰੂਰ ਤੇ ਅਨੰਦਪੁਰ ਸਾਹਿਬ ਤੋਂ ਵੀ ਬਹੁਤ ਸਾਰੀਆਂ ਸਨ, ਤੇ ਇੱਕ ਵਾਰ ਫਿਰ ਬਾਜੀ ਵੱਡੀ ਪਹੁੰਚ ਵਾਲੇ ਆਗੂਆਂ ਨੂੰ ਮਿਲਦੀ ਦਿਖਾਈ ਦਿੱਤੀ ਹੈ। ਅਜਿਹੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਟਿਕਟ ਨਹੀਂ ਮਿਲੀ, ਨਿਰਾਸ਼ਾ ਦੇ ਆਲਮ ਵਿੱਚ ਹੁਣ ਉਹ ਕਿਹੜੇ ਸੁਰ ਅਪਣਾਉਂਦੇ ਹਨ, ਕਿਨ੍ਹਾਂ ਨੂੰ ਦਿੱਤਾ ਜਾਂਦਾ ਹੈ ਲਾਲਚ ਤੇ ਅੜਨ ਵਾਲੇ ਕਿਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

Check Also

ਡਾ. ਦਲਜੀਤ ਸਿੰਘ ਚੀਮਾ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ 168 ਦਿਨ ਬਾਅਦ ਜੇਲ੍ਹ ਵਿਚੋਂ …

Leave a Reply

Your email address will not be published.