ਸੰਗਰੂਰ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ, ਉਸੇ ਤਰ੍ਹਾਂ ਨਿੱਤ ਨਵੇਂ ਸਿਆਸੀ ਨਜਾਰੇ ਦੇਖਣ ਨੂੰ ਮਿਲ ਰਹੇ ਹਨ। ਕਿਤੇ ਕੋਈ ਬਗਾਵਤ ਦਾ ਝੰਡਾ ਬੁਲੰਦ ਕਰ ਰਿਹਾ ਹੈ, ਕਿਤੇ ਕੋਈ ਰੁੱਸਿਆਂ ਨੂੰ ਮਨਾਉਣ ਜਾ ਰਿਹਾ ਹੈ ਤੇ ਕਿਸੇ ਚੋਣ ਪ੍ਰਚਾਰ ਕਰਨ ਗਏ ਖਿਲਾਫ ਸ੍ਰੀ ਅਕਾਲ ਤਖ਼ਤ ਤੋਂ ਨਵੇਂ ਹੁਕਮ ਜਾਰੀ ਹੋ ਰਹੇ ਹਨ। ਇਸ ਦੌਰਾਨ ਜਿਹੜਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਉਹ ਹੈ ਰੁੱਸਿਆਂ ਨੂੰ ਮਨਾਉਣ ਦਾ। ਜਿਸ ਦਾ ਕਾਰਨ ਇਹ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟਿਕਟ ਨਾ ਮਿਲਣ ਕਾਰਨ ਕਈ ਸਿਆਸੀ ਪਾਰਟੀਆਂ ਦੇ ਆਗੂ ਨਰਾਜ਼ ਚੱਲ ਰਹੇ ਹਨ ਤੇ ਪਾਰਟੀਆਂ ਹੁਣ ਅਨੁਸ਼ਾਸ਼ਨਹੀਣਤਾ ਦਾ ਆਪਣਾ ਡੰਡਾ ਇੱਕ ਪਾਸੇ ਰੱਖ ਕੇ ਆਪਣੇ ਫਾਇਦੇ ਲਈ ਬਗਾਵਤੀ ਝੰਡਾ ਚੁੱਕੀ ਫਿਰਦੇ ਲੋਕਾਂ ਨੂੰ ਮਨਾਉਣ ਲਈ ਬੇਨਤੀਆਂ ਕਰਦੀਆਂ ਸ਼ਰੇਆਮ ਦਿਖਾਈ ਦਿੰਦੀਆਂ ਹਨ।
ਕੁਝ ਅਜਿਹੀਆਂ ਹੀ ਨਰਾਜ਼ਗੀਆਂ ਨੂੰ ਠੀਕ ਕਰਨ ਦਾ ਬੀੜਾ ਇੰਨੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੁੱਕ ਰੱਖਿਆ ਹੈ। ਜਿਨ੍ਹਾਂ ਸਾਹਮਣੇ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਤੋਂ ਬਾਅਦ ਉੱਠੀ ਬਗਾਵਤ ਨੂੰ ਠੀਕ ਕਰਨਾ ਵੱਡੀ ਚਨੌਤੀ ਬਣਿਆ ਹੋਇਆ ਹੈ। ਲਿਹਾਜਾ ਰੁੱਸਿਆਂ ਨੂੰ ਮਨਾਉਣ ਦਾ ਉਹ ਵੀ ਜਾ ਰਹੇ ਹਨ ਤੇ ਬੀਤੀ ਕੱਲ੍ਹ ਅਜਿਹੇ ਵੀ ਮੰਨਣ ਮਨਾਉਣ ਦਾ ਨਜਾਰਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਨਾਮਜ਼ਦਗੀ ਰੈਲੀ ਮੌਕੇ ਵੀ ਦੇਖਣ ਨੂੰ ਮਿਲਿਆ, ਜਿਥੇ ਪਾਰਟੀ ਤੋਂ ਨਰਾਜ਼ ਚੱਲ ਰਹੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧਿਮਾਨ ਦੇ ਪੁੱਤਰ ਜਸਵਿੰਦਰ ਸਿੰਘ ਧਿਮਾਨ ਆਪਣੀਆਂ ਨਰਾਜ਼ਗੀਆਂ ਦੂਰ ਕਰਦਿਆਂ ਕਾਂਗਰਸ ਵੱਲੋਂ ਸੰਗਰੂਰ ਤੋਂ ਐਲਾਨੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨਾਲ ਸਟੇਜ ‘ਤੇ ਜੱਫੀਆਂ ਪਾਉਂਦੇ ਦਿਖਾਈ ਦਿੱਤੇ। ਇਸ ਮੌਕੇ ਜਸਵਿੰਦਰ ਧਿਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈ ਗਈਆਂ ਹਨ ਤੇ ਉਹ ਹੁਣ ਪਾਰਟੀ ਲਈ ਦਿਨ ਰਾਤ ਕੰਮ ਕਰਨ ਲਈ ਤਿਆਰ ਹਨ। ਧਿਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਨਾ ਹੈ।
ਇਹ ਤਾਂ ਸੀ ਉਹ ਨਜਾਰਾ ਜੋ ਪ੍ਰਤੱਖ ਰੂਪ ਵਿੱਚ ਹੋਇਆ ਤੇ ਸਾਰਿਆਂ ਨੇ ਵੇਖਿਆ ਵੀ ਤੇ ਇੱਕ ਦੂਜੇ ਨਾਲ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਪਰ ਕੈਪਟਨ ਅਮਰਿੰਦਰ ਸਿੰਘ ਇਸ ਰੁੱਸੇ ਨੂੰ ਮਨਾਉਣ ਵਿੱਚ ਕਿੰਨੇ ਕੁ ਕਾਮਯਾਬ ਹੋਏ ਹਨ ਇਸ ਦਾ ਪਤਾ ਤਾਂ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਲੱਗੇਗਾ, ਕਿਉਂਕਿ ਪ੍ਰਤੱਖ ਰੂਪ ਵਿੱਚ ਤਾਂ ਇਹ ਰੁੱਸੇ ਹੋਏ ਪਿਛਲੀਆਂ ਚੋਣਾਂ ਵਿੱਚ ਵੀ ਮੰਨ ਗਏ ਸਨ, ਪਰ ਬਾਅਦ ਵਿੱਚ ਇਨ੍ਹਾਂ ਹੀ ਰੁੱਸਿਆਂ ਹੋਇਆਂ ਨੇ ਪੱਤਰਕਾਰਾਂ ਸਾਹਮਣੇ ਹਿੱਕ ਤਾਣ ਕੇ ਕਿਹਾ ਸੀ ਕਿ, “ਅਸੀਂ ਵਿਜੇਇੰਦਰ ਸਿੰਗਲਾ ਦੀ ਪਿੱਠ ‘ਚ ਨਹੀਂ ਕਹਿ ਕੇ ਛਾਤੀ ‘ਚ ਛੁਰਾ ਮਾਰਿਆ ਹੈ।” ਕੀ ਕੈਪਟਨ ਅਮਰਿੰਦਰ ਸਿੰਘ ਇਸ ਵੱਲ ਧਿਆਨ ਦੇਣਗੇ।