ਰਾਜਾਮਹੇਂਦਰਵਰਮ: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਕਸ਼ਮੀਰ ਅਣਸੁਲਝਿਆ ਮੁੱਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਾਂਗਰਸ ਤੋਂ ਮੁੱਦੇ ਦਾ ਸਿਆਸੀਕਰਨ ਨਾ ਕਰਨ ਲਈ ਕਿਹਾ। ਸ਼ਾਹ ਨੇ ਕਿਹਾ ਜਵਾਹਰ ਲਾਲ ਨਹਿਰੂ ਦੇ ਕਾਰਨ ਕਸ਼ਮੀਰ ਦੀ ਸਮੱਸਿਆ ਬਣੀ ਹੋਈ ਹੈ। ਸਰਦਾਰ ਪਟੇਲ ਹੈਦਰਾਬਾਦ ਨਾਲ ਜਿਵੇਂ ਨਿਪਟੇ ਅਤੇ ਹੁਣ ਇਹ ਭਾਰਤ ਦਾ ਮਾਣਮੱਤਾ ਹਿੱਸਾ ਹੈ, ਪਰ ਨਹਿਰੂ ਕਸ਼ਮੀਰ ਨਾਲ ਨਿਪਟੇ ਅਤੇ ਇਹ ਅੱਜ ਵੀ ਸਮੱਸਿਆ ਬਣੀ ਹੋਈ ਹੈ।
ਭਾਜਪਾ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਕਾਰਨ ਪਾਕਿਸਤਾਨ ਅਤਿਵਾਦੀ ਕਾਰਵਾਈਆਂ ਵਿਚ ਸ਼ਾਮਲ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਸ਼ਮੀਰ ਸਮੱਸਿਆ ਜਵਾਹਰ ਲਾਲ ਨਹਿਰੂ ਦੀ ਦੇਣ ਹੈ। ਉਸ ਸਮੇਂ ਸਰਦਾਰ ਪਟੇਲ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਸ਼ਮੀਰ ਦੀ ਸਮੱਸਿਆ ਪੈਦਾ ਹੀ ਨਾ ਹੁੰਦੀ। ਪੁਲਵਾਮਾ ਵਿਚ ਅਤਿਵਾਦੀ ਹਮਲੇ ਦਾ ‘ਸਿਆਸੀਕਰਨ’ ਕਰਨ ਲਈ ਕਾਂਗਰਸ ‘ਤੇ ਵਰ੍ਹਦਿਆਂ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਇਸ ਨਾਲ ਕੋਈ ਫ਼ਾਇਦਾ ਨਹੀਂ ਮਿਲਣ ਵਾਲਾ। ਸ਼ਾਹ ਨੇ ਕਿਹਾ ਕਿਸ ਮੂੰਹ ਨਾਲ ਕਾਂਗਰਸ ਪ੍ਰਧਾਨ ਮੰਤਰੀ ਵਿਰੁਧ ਸਵਾਲ ਚੁੱਕ ਰਹੀ ਹੈ?
ਕਾਂਗਰਸ ਸੈਨਾ ਮੁਖੀ ਨੂੰ ਨਾਂ ਨਾਲ ਬੁਲਾਉਂਦੀ ਹੈ, ਉਹ ਸਰਜੀਕਲ ਸਟਰਾਈਕ ‘ਤੇ ਸ਼ੱਕ ਕਰਦੀ ਹੈ, ਉਸ ਨੇ ਪ੍ਰਧਾਨ ਮੰਤਰੀ ਦੇ ਬਾਰੇ ਕਿਹਾ ਕਿ ਖ਼ੂਨ ਦੀ ਦਲਾਲੀ ਕਰਦੇ ਹਨ। ਕਾਂਗਰਸ ਦੇ ਸਿੱਧੂ ਪਾਕਿਸਤਾਨੀ ਸੈਨਾ ਮੁਖੀ ਦੇ ਗਲੇ ਮਿਲਦੇ ਹਨ। ਕਾਂਗਰਸ ਦੀ ਸਾਬਕਾ ਪ੍ਰਧਾਨ ਅਤਿਵਾਦੀਆਂ ਦੀ ਮੌਤ ‘ਤੇ ਰੋ ਪਈ ਸੀ।” ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੇਸ਼ ਦੀ ਸੁਰੱਖਿਆ ਸੱਭ ਤੋਂ ਪਹਿਲਾਂ ਹੈ। ਉਹ 18 ਘੰਟੇ ਕੰਮ ਕਰਦੇ ਹਨ। ਕਾਂਗਰਸ ਸਾਨੂੰ ਦੇਸ਼ਭਗਤੀ ਨਾ ਸਿਖਾਵੇ। ਅਸੀਂ ਅਜਿਹੇ ਲੋਕ ਹਾਂ ਜੋ ਭਾਰਤ ਮਾਤਾ ਲਈ ਅਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ।