ਅਮਰੀਕਾ : ਕਹਿੰਦੇ ਨੇ ਵਿੱਦਿਆ ਇਨਸਾਨ ਦਾ ਤੀਸਰਾ ਨੇਤਰ ਹੁੰਦੀ ਹੈ, ਤੇ ਜਿੱਥੇ ਅੱਜ ਦੇ ਸਮੇਂ ‘ਚ ਹਰ ਇੱਕ ਇਨਸਾਨ ਵਿੱਦਿਆ ਗ੍ਰਹਿਣ ਕਰਨ ਲਈ ਪੁਖਤਾ ਕੋਸ਼ਿਸ਼ ਕਰਦਾ ਹੈ, ਉੱਥੇ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮਾਹੌਲ ‘ਚ ਜਿੱਥੇ ਅਮਰੀਕਾ ਵਰਗੇ ਦੇਸ਼ਾਂ ‘ਚ ਸਿਰਫ ਇੱਕ ਇੱਕ ਬੱਚੇ ਲਈ ਸਕੂਲ ਖੋਲ੍ਹੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਉੱਥੇ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬਿੱਲ ਭਰਨ ਤੋਂ ਵੀ ਮਨਾਹੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਏ ਹਨ। ਦਰਅਸਲ ਇਹ ਮਾਮਲਾ ਹੈ ਅਮਰੀਕਾ ਦੇ ਵਾਈਮਿੰਗ ਇਲਾਕੇ ਦਾ, ਇੱਥੋ ਦੀ ਸਰਕਾਰ ਵੱਲੋਂ ਸਿਰਫ ਇੱਕ ਬੱਚੀ ਨੂੰ ਸਿੱਖਿਆ ਹਾਸਲ ਕਰਵਾਉਣ ਲਈ ਇੱਕ ਕਰੋੜ ਰੁਪਏ ਖਰਚ ਕੇ ਸਕੂਲ ਖੋਲਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਇੱਥੋਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਸਾਲ 2004 ਦੌਰਾਨ ਵੀ ਇੱਥੋਂ ਦੇ ਇੱਕ ਲਾਰਾਮੀ ਸ਼ਹਿਰ ‘ਚ ਸਿਰਫ ਇੱਕ ਬੱਚੇ ਲਈ ਹੀ ਸਕੂਲ ਖੋਲਿਆ ਗਿਆ ਸੀ। ਉਸ ਸਮੇਂ ਪੜ੍ਹਨ ਵਾਲੇ ਇੱਕ ਬੱਚੇ ਅਨੁਸਾਰ ਸਕੂਲ ਅੰਦਰ ਬਹੁਤ ਹੀ ਅਨੋਖਾ ਮਾਹੌਲ ਹੁੰਦਾ ਸੀ ਕਿਉਂਕਿ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨ ਨਹੀਂ ਸੀ ਕਰਦਾ। ਦਰਅਸਲ ਇੱਥੇ ਸਿਰਫ ਇੱਕ ਬੱਚੇ ਲਈ ਸਕੂਲ ਖੋਲ੍ਹੇ ਜਾਣ ਪਿੱਛੇ ਇੱਕ ਕਾਰਨ ਸੀ ਕਿਉਂਕਿ ਇਹ ਇੱਕ ਪਹਾੜੀ ਇਲਾਕਾ ਹੈ ਤੇ ਦੂਸਰਾ ਵਾਈਮਿੰਗ ਕਾਨੂੰਨ ਮੁਤਾਬਿਕ ਕਿਸੇ ਬੱਚੇ ਨੂੰ ਉਸ ਦੀ ਰਹਾਇਸ਼ ਤੋਂ ਦੂਰ ਸਕੂਲ ਵਿੱਚ ਭਰਤੀ ਨਹੀਂ ਕੀਤਾ ਜਾ ਸਕਦਾ। ਪਹਾੜੀ ਇਲਾਕਾ ਹੋਣ ਕਾਰਨ ਇੱਥੇ ਸੜਕਾਂ ਦੀ ਸਥਿਤੀ ਬਹੁਤ ਖਰਾਬ ਹੈ ਜਿਸ ਕਾਰਨ ਕਿਸੇ ਵੀ ਬੱਚੇ ਨੂੰ ਰਹਾਇਸ਼ ਤੋਂ ਦੂਰ ਸਕੂਲ ਭੇਜਣਾ ਬੇਹੱਦ ਮੁਸ਼ਕਲ ਹੈ। ਇਸ ਤੋਂ ਇਲਾਵਾ ਇੱਥੋਂ ਦੀ ਸਰਕਾਰ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਕਿਸੇ ਅਧਿਆਪਕ ਦੀ ਗੈਰ ਮੌਜੂਦਗੀ ‘ਚ ਬੱਚੇ ਪੜ੍ਹਾਉਣਾ ਬਹੁਤ ਮੁਸ਼ਕਲ ਸੀ। ਖ਼ਬਰ ਅਨੁਸਾਰ ਇੱਥੇ ਸਕੂਲ ਤਾਂ ਪਹਿਲਾਂ ਤੋਂ ਹੀ ਮੌਜੂਦ ਹੈ ਪਰ ਸਾਲ 2004 ਤੋਂ ਇਹ ਸਕੂਲ ਬਿਲਕੁਲ ਸੁੰਨਸਾਨ ਪਿਆ ਹੈ। ਇਹ ਸਕੂਲ ਉਸ ਸਮੇਂ 240 ਬੱਚਿਆਂ ਨੂੰ ਪੜ੍ਹਾਉਣ ਦੀ ਸਹੂਲਤ ਨਾਲ ਬਣਾਗਿਆ ਸੀ।