ਫਰੀਦਕੋਟ : ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਸਬੰਧ ‘ਚ ਪੰਜਾਬ ਸਰਕਾਰ ਵਲੋਂ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਸਾਹਮਣੇ ਕੁਝ ਅਜਿਹੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕਿਹਾ ਜਾਣ ਲੱਗ ਪਿਆ ਹੈ ਕਿ ਜਾਂਚ ਅਧਿਕਾਰੀ ਹੁਣ ਵੱਡੇ ਛੋਟੇ ਬਾਦਲ, ਅਕਸ਼ੈ ਕੁਮਾਰ ਤੇ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਤੋਂ ਬਾਅਦ ਭਗਵੰਤ ਮਾਨ ਨੂੰ ਵੀ ਇਸ ਮਾਮਲੇ ਦੀ ਜਾਂਚ ‘ਚ ਤਲਬ ਕਰ ਸਕਦੀ ਹੈ।ਪਤਾ ਲੱਗਾ ਹੈ ਕਿ ਇਸ ਬਾਰੇ ਪੁਲਿਸ ਅਧਿਕਾਰੀ ਡੂੰਘੀ ਵਿਚਾਰ ਚਰਚਾ ਕਰਕੇ ਹੀ ਕੋਈ ਫੈਸਲਾ ਲੈਣਾ ਚਾਹੁੰਦੇ ਹਨ।
ਇਸ ਸਬੰਧ ‘ਚ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੂੰ ਖੇਤਾ ਸਿੰਘ ਨਾਮ ਦੇ ਇੱਕ ਅਜਿਹੇ ਵਿਅਕਤੀ ਦੇ ਬਿਆਨ ਤੇ ਤਸਵੀਰ ਮਿਲੀ ਹੈ ਜਿਸ ਨੂੰ ਇਸ ਕੇਸ ਦੀ ਬੜੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਉਸ ਤਸਵੀਰ ‘ਚ ਖੇਤਾ ਸਿੰਘ ਘਟਨਾ ਵਾਲੇ ਦਿਨ ਮੌਕੇ ਤੇ ਪੁਲਿਸ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਖਾਲੀ ਖੋਲ ਦਿਖਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਖੇਤਾ ਸਿੰਘ ਉਸ ਧਰਨੇ ਦਾ ਇੰਚਾਰਚ ਸੀ ਜਿਹੜਾ ਬਹਿਬਲ ਕਲਾਂ ਵਿਖੇ ਉਸ ਵੇਲੇ ਲੱਗਾ ਹੋਇਆ ਸੀ ਜਿਸ ‘ਤੇ ਪੁਲਿਸ ਨੇ ਗੋਲੀ ਚਲਾਈ ਸੀ।
ਸੂਤਰਾਂ ਅਨੁਸਾਰ ਖੇਤਾ ਸਿੰਘ ਨੇ ਜਾਂਚ ਟੀਮ ਅੱਗੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਉਨ੍ਹਾਂ ਖੋਲਾਂ ‘ਚੋਂ ਇੱਕ ਖੋਲ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਦਿੱਤਾ ਸੀ। ਜਾਂਚ ਟੀਮ ਅੱਗੇ ਨਵੇਂ ਆਏ ਇਨ੍ਹਾਂ ਤੱਥਾਂ ਨੂੰ ਬੜਾ ਅਹਿਮ ਤੇ ਧਮਾਕੇਦਾਰ ਮੰਨਿਆ ਜਾ ਰਿਹਾ ਹੈ। ਲਿਹਾਜਾ ਜਾਂਚ ਅਧਿਕਾਰੀ ਇਸ ਨੂੰ ਅਦਾਲਤ ‘ਚ ਲਿਜਾਣ ਤੋਂ ਪਹਿਲਾਂ ਇਸਦਾ ਹਰ ਪਹਿਲੂ ਪੱਕਾ ਕਰ ਲੈਣਾ ਚਾਹੁੰਦੇ ਹਨ। ਇਸੇ ਲਈ ਕਿਹਾ ਜਾ ਰਿਹਾ ਕਿ ਜਾਂਚ ਟੀਮ ਹੁਣ ਭਗਵੰਤ ਮਾਨ ਨੂੰ ਵੀ ਇਸ ਮਾਮਲੇ ‘ਚ ਇੱਕ ਗਵਾਹ ਦੇ ਤੌਰ ਤੇ ਤਲਬ ਕਰਨ ਦੀ ਤਿਆਰੀ ਵਿਚ ਹੈ। ਕੁਲ ਮਿਲਾ ਕੇ ਇਸ ਮਾਮਲੇ ‘ਚ ਭਾਂਵੇ ਹਰ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਹੋਣ, ਪਰ ਵਿਰੋਧੀ ਧਿਰਾਂ ਅਜੇ ਵੀ ਇਹ ਕਹਿੰਦਿਆਂ ਆਮ ਸੁਣਾਈ ਦੇ ਜਾਣਗੀਆਂ, ਕਿ ਬਾਦਲਾਂ ਦਾ ਕੁਝ ਨਹੀਂ ਵਿਗੜਨਾ ਇਹ ਤਾਂ ਐਂਵੇਂ ਗੋਂਗਲੂਆਂ ਤੋਂ ਮਿੱਟੀ ਹੀ ਝਾੜ ਰਹੇ ਨੇ ।
ਵੱਡੀ ਖ਼ਬਰ, ਬਾਦਲਾਂ ਤੋਂ ਬਾਅਦ ਐਸ ਆਈ ਟੀ ਹੁਣ ਭਗਵੰਤ ਮਾਨ ਨੂੰ ਵੀ ਕਰੇਗੀ ਤਲਬ ? ਬੇਅਦਬੀ ਮਾਮਲੇ ‘ਚ ਸਾਹਮਣੇ ਆਏ ਹੈਰਾਨੀਜਨਕ ਤੱਥ ! ਬਾਦਲ ਸਕਦੀ ਹੈ ਕੇਸ ਦੀ ਤਸਵੀਰ !
Leave a Comment
Leave a Comment