ਅੰਮ੍ਰਿਤਸਰ : ਜਿਸ ਦਿਨ ਤੋਂ ਕਸ਼ਮੀਰ ‘ਚ ਧਾਰਾ 370 ਹਟਾਈ ਗਈ ਉਸ ਦਿਨ ਤੋਂ ਹੀ ਇੰਝ ਲਗਦਾ ਹੈ ਕਿ ਗੁਆਂਢੀ ਮੁਲਕ ਬੌਖਲਾਇਆ ਹੋਇਆ ਹੈ ਜਿਸ ਕਾਰਨ ਭਾਰਤ ਵਿਰੋਧੀ ਰਵੱਈਆ ਅਪਣਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਲੰਮੇਂ ਸਮੇਂ ਤੋਂ ਕੁਝ ਖਾਸ ਤਿਉਹਾਰਾਂ ‘ਤੇ ਦੋਵਾਂ ਦੇਸ਼ਾਂ ਵਿਚਕਾਰ ਵਾਹਘਾ ਬਾਰਡਰ ‘ਤੇ ਮਿਠਾਈਆਂ ਦਾ ਲੈਣ-ਦੇਣ ਕਰਨ ਦੀ ਚੱਲੀ ਆ ਰਹੀ ਪਰੰਪਰਾ ਨੂੰ ਵੀ ਪਾਕਿਸਤਾਨ ਨੇ ਤੋੜਨ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਅੱਜ ਈਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਦੋਵਾਂ ਦੇਸ਼ਾਂ ਵਿਚਕਾਰ ਵਾਹਘਾ ਬਾਰਡਰ ‘ਤੇ ਮਿਠਾਇਆਂ ਦਾ ਲੈਣ-ਦੇਣ ਹੋਣਾ ਸੀ, ਪਰ ਇਸ ਤੋਂ ਪਾਕਿਸਤਾਨੀ ਰੇਂਜਰਾਂ ਨੇ ਮਨ੍ਹਾ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਰੇਂਜਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਵਾਰ ਈਦ ਮੌਕੇ ਉਨ੍ਹਾਂ ਤੋਂ ਮਿਠਾਈਆਂ ਨਹੀਂ ਲੈਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਫੌਜ ਵੱਲੋਂ ਇਸ ਪਰੰਪਰਾ ਨੂੰ ਬਰਕਰਾਰ ਰੱਖਣ ਲਈ ਪੂਰੀ ਤਿਆਰੀ ਕੀਤੀ ਗਈ ਸੀ ਪਰ ਪਾਕਿਸਤਾਨੀ ਰੇਂਜਰਾਂ ਨੇ ਮਨ੍ਹਾਂ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜੇਕਰ ਪਾਕਿਸਤਾਨੀ ਰੇਂਜਰ ਸੁਤੰਤਰਾ ਦਿਹਾੜੇ ਨੂੰ ਸਮਰਪਿਤ ਮਿਠਾਈ ਦਿੰਦੇ ਹਨ ਤਾਂ ਬਿਨਾਂ ਕਿਸੇ ਭੇਦਭਾਵ ਦੇ ਭਾਰਤੀ ਰੇਂਜਰ ਮਿਠਾਈ ਲੈਣਗੇ ਕਿਉਂਕਿ ਭਾਰਤ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਹੁਕਮ ਜਾਰੀ ਨਹੀਂ ਹੋਇਆ।
ਦੱਸ ਦਈਏ ਕਿ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਮਾਹੌਲ ਇਸ ਕਦਰ ਤਣਾਅਪੂਰਨ ਹੋ ਗਿਆ ਹੈ ਕਿ ਪਾਕਿਸਤਾਨ ਨੇ ਵਪਾਰਕ ਸਬੰਧ ਵੀ ਤੋੜ ਲਏ ਹਨ ਅਤੇ ਉੱਥੋਂ ਦੇ ਸਿਆਸਤਦਾਨਾਂ ਵੱਲੋਂ ਲਗਾਤਾਰ ਭਾਰਤ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਅਤੇ ਦੋਸਤੀ ਬੱਸ ਨੂੰ ਵੀ ਰੋਕ ਦਿੱਤਾ ਗਿਆ ਹੈ।