ਲਓ ਬਈ ਪੈ ਗਿਆ ਪਟਾਕਾ, ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਕੋਲ ਦਰਜ਼ ਕਰਵਾਤੇ ਆਪਣੇ ਬਿਆਨ

Prabhjot Kaur
4 Min Read

ਅਸੀਂ ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਬਹੁਤ ਜਲਦ ਅਗਲੀ ਵੱਡੀ ਕਾਰਵਾਈ ਕਰਨ ਜਾ ਰਹੇ ਹਾਂ : ਕੁੰਵਰ ਵਿਜੈ ਪ੍ਰਤਾਪ ਸਿੰਘ
ਫਰੀਦਕੋਟ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਿਵੇਂ ਕਿ ਧਮਕੀ ਦਿੱਤੀ ਸੀ ਉਸ ਧਮਕੀ ਨੂੰ ਸੱਚ ਕਰ ਵਿਖਾਇਆ ਹੈ। ਜਾਣਕਾਰੀ ਮੁਤਾਬਿਕ ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਅਧਿਕਾਰੀਆਂ ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਨੂੰ ਲੈ ਕੇ ਆਪਣੇ ਲਿਖਤੀ ਬਿਆਨ ਦਰਜ਼ ਕਰਵਾ ਦਿੱਤੇ ਹਨ। ਜਿਸ ਬਾਰੇ ਐਸਆਈਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਉਹ ਠੋਸ ਕਾਰਵਾਈ ਕਰਨ ਜਾ ਰਹੇ ਹਨ, ਤੇ ਜੇਕਰ ਇਸ ਠੋਸ ਕਾਰਵਾਈ ਤਹਿਤ ਐਸਆਈਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਤਾਂ ਉਨ੍ਹਾਂ ਵੱਲੋਂ ਮਿਲੀਆਂ ਜਾਣਕਾਰੀਆਂ ਇਸ ਕੇਸ ਨੂੰ ਨਵਾਂ ਮੋੜ ਦੇ ਸਕਦੀਆਂ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਮੁਅੱਤਲ ਕੀਤਾ ਗਿਆ ਸੀ ਤਾਂ ਗਿਆਨੀ ਹੁਰਾਂ ਨੇ ਇਹ ਦੋਸ਼ ਲਾਏ ਸਨ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਿਨਾਂ ਮੰਗਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਿੱਤੀ ਗਈ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਰੱਖੇ ਕੰਪਿਊਟਰ ਰਾਹੀਂ ਉਸ ਵੇਲੇ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਦਿੱਲੀ ਤੋਂ ਆਪਣਾ ਇੱਕ ਬੰਦਾ ਬੁਲਾ ਕੇ ਇਸ ਮਾਫੀ ਪੱਤਰ ‘ਚ ‘ਖਿਮਾਂ ਦਾ ਜਾਚਕ’ ਸ਼ਬਦ ਬਾਅਦ ਵਿੱਚ ਸ਼ਾਮਲ ਕੀਤਾ ਸੀ। ਉਸ ਵੇਲੇ ਉਨ੍ਹਾਂ ਇਹ ਸਾਰੇ ਦੋਸ਼ ਲਾਉਣ ਤੋਂ ਬਾਅਦ ਇਹ ਤਾੜਨਾ ਵੀ ਕੀਤੀ ਸੀ ਕਿ ਉਹ ਜਲਦ ਹੀ ਆਪਣੇ ਇਹ ਬਿਆਨ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਜਾਂਚ ਟੀਮ ਕੋਲ ਦਰਜ਼ ਕਰਵਾਉਣਗੇ। ਜਿਸ ਵੇਲੇ ਗਿਆਨੀ ਇਕਬਾਲ ਸਿੰਘ ਨੇ ਮੀਡੀਆ ਰਾਹੀਂ ਐਸਆਈਟੀ ਅੱਗੇ ਪੇਸ਼ ਹੋਣ ਦੀ ਧਮਕੀ ਦਿੱਤੀ ਗਈ ਸੀ ਉਸ ਵੇਲੇ ਇਹ ਮੰਨਿਆ ਜਾ ਰਿਹਾ ਸੀ ਕਿ ਗਿਆਨੀ ਇਕਬਾਲ ਸਿੰਘ ਆਪਣੀ ਜਥੇਦਾਰੀ ਬਚਾਉਣ ਲਈ ਦਬਾਅ ਦੀ ਨੀਤੀ ਅਪਣਾ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਗਿਆਨੀ ਹੁਰਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇੱਧਰ ਗਿਆਨੀ ਇਕਬਾਲ ਸਿੰਘ ਨੇ ਵੀ ਹੁਣ ਆਪਣੀ ਉਸ ਧਮਕੀ ਨੂੰ ਸੱਚ ਕਰਕੇ ਵਿਖਾਉਂਦਿਆਂ ਆਪਣੇ ਬਿਆਨ ਐਸਆਈਟੀ ਕੋਲ ਦਰਜ਼ ਕਰਵਾ ਦਿੱਤੇ ਹਨ।
ਇਸ ਸਬੰਧੀ ਜਾਂਚ ਟੀਮ ਦੇ ਸੀਨੀਅਰ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਡੇਰਾ ਮੁਖੀ ਦੀ ਮਾਫੀ ਨੂੰ ਲੈ ਕੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਬਿਆਨ ਦਰਜ਼ ਕਰਵਾਏ ਹਨ ਅਤੇ ਬਹੁਤ ਜਲਦ ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਐਸਆਈਟੀ ਅਗਲੀ ਕਾਰਵਾਈ ਕਰਨ ਜਾ ਰਹੀ ਹੈ। ਹੁਣ ਇਸ ਕਾਰਵਾਈ ਦੇ ਅਧਾਰ ‘ਤੇ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਨੂੰ ਐਸਆਈਟੀ ਬਲਾਉਂਦੀ ਹੈ ਜਾਂ ਨਹੀਂ? ਜੇਕਰ ਬਲਾਉਂਦੀ ਹੈ ਤਾਂ ਉਹ ਦੋਵੇਂ ਐਸਆਈਟੀ ਕੋਲ ਕੀ ਬਿਆਨ ਦਰਜ਼ ਕਰਵਾਉਂਦੇ ਹਨ? ਦਰਜ਼ ਕਰਵਾਏ ਬਿਆਨਾਂ ਦੇ ਅਧਾਰ ‘ਤੇ ਇਹ ਕੇਸ ਅੱਗੇ ਕੀ ਰੁੱਖ ਅਖ਼ਤਿਆਰ ਕਰਦਾ ਹੈ? ਕੀ ਇਨ੍ਹਾਂ ਕੇਸਾਂ ਦੀ ਜਾਂਚਾਂ ਆਉਂਦੀਆਂ ਲੋਕ ਸਭਾ ਚੋਣਾਂ ‘ਤੇ ਵੀ ਅਸਰ ਪਾਉਣਗੀਆਂ? ਤੇ ਜੇਕਰ ਪਾਉਣਗੀਆਂ ਤਾਂ ਜਿਨ੍ਹਾਂ ਲੋਕਾਂ ‘ਤੇ ਇਹ ਅਸਰ ਪਵੇਗਾ ਉਹ ਅੱਗੇ ਕੀ ਰਣਨੀਤੀ ਅਪਣਾਉਣਗੇ? ਇਸ ਉੱਤੇ ਸਾਰਿਆਂ ਦੀ ਨਿਗ੍ਹਾ ਬਾਜ਼ ਵਾਂਗ ਟਿਕੀ ਹੋਈ ਹੈ।

Share this Article
Leave a comment