ਲਓ ਟਕਸਾਲੀਆਂ ਦੀ ਮੰਗ ਹੋਈ ਪੂਰੀ, ਸੁਖਬੀਰ ਨੇ ਦੇ ਤਾ ਅਸਤੀਫਾ, ਛੱਡ ਤੀ ਸੂਬੇ ਦੀ ਸਿਆਸਤ!

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਫਿਰੋਜ਼ਪੁਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਲਕਾ ਜਲਾਲਾਬਾਦ ਦੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਉਹ ਹੁਣ ਕੇਂਦਰ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ, ਤੇ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਵੱਲੋਂ ਭਾਵੇਂ ਮਜ਼ਬੂਰੀ ਵਸ਼ ਹੀ ਇਹ ਅਸਤੀਫਾ ਦਿੱਤਾ ਗਿਆ ਹੈ, ਪਰ ਇਹ ਜਾਣੇ ਅਣਜਾਣੇ ਵਿੱਚ ਇੰਝ ਟਕਸਾਲੀਆਂ ਵੱਲੋਂ ਸੁਖਬੀਰ ਨੂੰ ਸੂਬੇ ਦੀ ਸਿਆਸਤ ਵਿੱਚੋਂ ਲਾਂਭੇ ਕੀਤੇ ਜਾਣ ਦੀ ਮੰਗ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੁਖਬੀਰ ਦੇ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਕਾਂਗਰਸ ਖਿਲਾਫ ਜਿਹੜਾ ਪਹਿਲਾਂ ਪੱਤਰਕਾਰ ਸੰਮੇਲਨ ਕੀਤਾ ਗਿਆ ਹੈ ਉਸ ਵਿੱਚ ਸੁਖਬੀਰ ਬਾਦਲ ਕਿਤੇ ਦਿਖਾਈ ਨਹੀਂ ਦਿੱਤੇ।

ਦੱਸ ਦਈਏ ਕਿ ਕੋਈ ਵੀ ਅਜਿਹਾ ਵਿਅਕਤੀ ਜੋ ਵਿਧਾਇਕ ਹੁੰਦੇ ਹੋਏ ਸੰਸਦੀ ਚੋਣਾਂ ਲੜਦਾ ਹੈ ਤੇ ਉਸ ਵਿੱਚ ਜਿੱਤ ਹਾਸਲ ਕਰਕੇ ਸੰਸਦ ਮੈਂਬਰ ਬਣ ਜਾਂਦਾ ਹੈ ਤਾਂ ਕਨੂੰਨ ਮੁਤਾਬਕ ਉਸ ਨੂੰ ਸੰਸਦ ਮੈਂਬਰ ਚੁਣੇ ਜਾਣ ਦੇ 15 ਦਿਨ ਦੇ ਅੰਦਰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣਾ ਹੁੰਦਾ ਹੈ ਤੇ ਜੇਕਰ ਉਹ ਵਿਧਾਇਕ ਅਜਿਹਾ ਨਹੀਂ ਕਰਦਾ ਤਾਂ ਉਸ ਦੀ ਸੰਸਦ ਮੈਂਬਰ ਵਜੋਂ ਕੀਤੀ ਗਈ ਨਵੀਂ ਚੋਣ ਰੱਦ ਹੋ ਜਾਂਦੀ ਹੈ। ਭਾਵੇਂ ਕਿ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸੁਖਬੀਰ ਬਾਦਲ ਨੂੰ ਮਿੱਥੇ ਸਮੇਂ ਅੰਦਰ ਅਸਤੀਫਾ ਦੇਣਾ ਹੀ ਪੈਣਾ ਸੀ, ਪਰ ਜਿਉਂ ਹੀ ਇਸ ਅਸਤੀਫੇ ਦੀ ਖ਼ਬਰ ਆਈ ਸਿਆਸੀ ਹਲਕਿਆਂ ਵਿੱਚ ਸਿਰਫ ਆਪਣੇ ਮਨ ਅੰਦਰ ਰਾਹਤ ਲੈਣ ਵਾਲੇ ਲੋਕਾਂ ਨੇ ਇਸ ਨੂੰ ਸ਼ੋਸ਼ੇ ਦੇ ਰੂਪ ਵਿੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਚਲੋ ਭਾਵੇਂ ਕਿਵੇਂ ਵੀ ਸਹੀ, ਆਖ਼ਰਕਾਰ ਸੁਖਬੀਰ ਨੇ ਸੂਬੇ ਦੀ ਸਿਆਸਤ ‘ਚੋਂ ਲਾਂਭੇ ਹੋਣ ਦੀ ਸ਼ੁਰੂਆਤ ਤਾਂ ਕਰ ਹੀ ਦਿੱਤੀ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਸੀ ਤੇ ਢੀਂਡਸਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸੁਖਬੀਰ ਬਾਦਲ ਸੂਬੇ ਦੀ ਸਿਆਸਤ ਤੋਂ ਲਾਂਭੇ ਹੁੰਦੇ ਹਨ ਤਾਂ ਜਿਹੜੇ ਲੋਕ ਅਕਾਲੀ ਦਲ ਨਾਲੋਂ ਟੁੱਟ ਕੇ ਆਪੋ ਆਪਣੇ ਘਰਾਂ ‘ਚ ਜਾ ਬੈਠੇ ਹਨ ਉਹ ਇੱਕ ਵਾਰ ਫਿਰ ਅਕਾਲੀ ਦਲ ਨਾਲ ਜੁੜ ਜਾਣਗੇ। ਸੁਖਬੀਰ ਬਾਦਲ ਨੇ ਅਸਤੀਫਾ ਫਿਲਹਾਲ ਭਾਵੇਂ ਵਿਧਾਇਕੀ ਤੋਂ ਹੀ ਦਿੱਤਾ ਹੈ, ਪਰ ਇਸ ਅਸਤੀਫੇ ਤੋਂ ਬਾਅਦ ਅਕਾਲੀਆਂ ਦੇ ਪੱਤਰਕਾਰ ਸੰਮੇਲਨ ‘ਚੋਂ ਸੁਖਬੀਰ ਦਾ ਗਾਇਬ ਰਹਿਣਾ ਵੀ ਕਈਆਂ ਲਈ ਚਰਚਾ ਦਾ ਵਿਸ਼ਾ ਜਰੂਰ ਬਣਿਆ ਰਿਹਾ। ਫਿਰ ਸੁਖਬੀਰ ਬਾਦਲ ਭਾਵੇਂ ਉਸ ਵੇਲੇ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਹੀ ਕਿਉਂ ਨਾ ਗਏ ਹੋਣ। ਕਿਉਂ ਪੈ ਗਿਆ ਨਾ ਭੰਬਲਭੂਸਾ? ਕੋਈ ਗੱਲ ਨਹੀਂ ਸਿਆਸਤ ‘ਚ ਐਦਾਂ ਹੀ ਹੁੰਦੈ।

https://youtu.be/6TeuGjfuy-I

- Advertisement -

Share this Article
Leave a comment