ਮੈਨੂੰ ਕਪਿਲ ਦੇ ਸ਼ੋਅ ‘ਚੋਂ ਕੱਢਿਆ ਨਹੀਂ ਗਿਆ ਲੋਕ ਅਫਵਾਹਾਂ ਫੈਲਾਅ ਰਹੇ ਨੇ : ਨਵਜੋਤ ਸਿੱਧੂ

Prabhjot Kaur
2 Min Read

ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਵਾਲੇ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾਂ ਦੇ ਸ਼ੋਅ ‘ਚੋਂ ਬਾਹਰ ਨਹੀਂ ਕੱਢਿਆ ਗਿਆ ਤੇ ਇਹ ਸਾਰੀਆਂ ਕੋਰੀਆਂ ਅਫਵਾਹਾਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹਾ ਕਹਿ ਰਹੇ ਹਨ ਉਹ ਗਲਤ ਕਰ ਰਹੇ ਹਨ।  ਸਿੱਧੂ ਅਨੁਸਾਰ ਸੋਨੀ ਟੀ.ਵੀ ‘ਤੇ ਚੱਲ ਰਹੇ ਸ਼ੋਅ ਸਬੰਧੀ ਉਨ੍ਹਾਂ ਨੂੰ ਨਾ ਤਾਂ ਕਪਿਲ ਸ਼ਰਮਾਂ ਵੱਲੋਂ ਕੋਈ ਨੋਟਿਸ ਆਇਆ ਹੈ ਤੇ ਨਾ ਹੀ ਸੋਨੀ ਟੀਵੀ ਵੱਲੋਂ।

ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਨੂੰ ਬਕਾਇਦਾ ਤੌਰ ‘ਤੇ ਸੋਨੀ ਟੀ.ਵੀ ਜਾਂ ਕਪਿਲ ਸ਼ਰਮਾਂ ਵੱਲੋਂ ਅਧਿਕਾਰਤ ਬਿਆਨ ਵੀ ਦਿੱਤਾ ਜਾਂਦਾ ਜੋ ਕਿ ਅਜੇ ਤੱਕ ਕਿਸੇ ਨੇ ਨਹੀਂ ਦਿੱਤਾ। ਦੱਸ ਦਈਏ ਕਿ ਇੰਨੀ ਦਿਨੀਂ ਕਪਿਲ ਸ਼ਰਮਾਂ ਦੇ ਸ਼ੋਅ ਨੂੰ ਲੈ ਕੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਰਚਣਾ ਪੂਰਨ ਸਿੰਘ ਦਾ ਇੱਕ ਵੀਡੀਓ ਬਿਆਨ ਵੀ ਸ਼ੋਸਲ ਮੀਡੀਆ ‘ਤੇ ਘੁੰਮ ਰਿਹਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਬਿਆਨ 4-5 ਦਿਨ ਪਹਿਲਾਂ ਦਾ ਹੈ ਤੇ ਸਿੱਧੂ ਵੱਲੋਂ ਦਿੱਤੇ ਗਏ ਬਿਆਨ ‘ਤੇ ਰੌਲਾ 2 ਦਿਨ ਪਹਿਲਾਂ ਪਿਆ ਹੈ। ਇਸ ਬਿਆਨ ਵਿੱਚ ਅਰਚਣਾ ਪੂਰਨ ਸਿੰਘ ਕਪਿਲ ਸ਼ਰਮਾਂ ਦੇ ਸ਼ੋਅ ਵਿੱਚ ਇੱਕ ਵਾਰ ਫਿਰ ਤੋਂ ਕੰਮ ਕਰਨ ਦੀ ਗੱਲ ਕਰ ਰਹੀ ਹੈ। ਦੱਸ ਦਈਏ ਕਿ ਅਰਚਣਾ ਇਸ ਤੋਂ ਪਹਿਲਾਂ ਵੀ ਕਪਿਲ ਦੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ, ਤੇ ਜੇਕਰ ਇਹ ਬਿਆਨ ਵਾਕਿਆ ਹੀ ਸਿੱਧੂ ਦੇ ਬਿਆਨ ਤੋ਼ ਪਹਿਲਾਂ ਦਾ ਹੈ ਤਾਂ ਇਹ ਸਾਬਤ ਕਰਦਾ ਹੈ ਕਿ ਸਿੱਧੂ ਦੀ ਥਾਂ ਇਸ ਸ਼ੋਅ ਵਿੱਚ ਕਿਸੇ ਹੋਰ ਨੂੰ ਦਿੱਤੇ ਜਾਣ ਦਾ ਫੈਸਲਾ ਪਹਿਲਾਂ ਹੀ ਤਹਿ ਹੋ ਚੁੱਕਾ ਹੈ। ਪਰ ਜਿਸ ਤਰ੍ਹਾਂ ਹੁਣ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਕਪਿਲ ਸ਼ਰਮਾਂ ਦੇ ਸ਼ੋਅ ‘ਚੋ਼ਂ ਬਾਹਰ ਕੱਢੇ ਜਾਣ ਦਾ ਖੰਡਨ ਕੀਤਾ ਹੈ ਉਸ ਨੁੰ ਲੈ ਕੇ ਮਾਮਲਾ ਹੋਰ ਉਲਝ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਸਲੇ ‘ਤੇ ਸੋਨੀ ਟੀ.ਵੀ ਜਾਂ ਕਪਿਲ ਸ਼ਰਮਾਂ ਦਾ ਕੀ ਰੁੱਖ ਹੋਵੇਗਾ? ਉਹ ਇਸ ਮਾਮਲੇ ‘ਤੇ ਕੋਈ ਬਿਆਨ ਦਿੰਦੇ ਵੀ ਹਨ ਜਾਂ ਨਹੀਂ ?

 

 

- Advertisement -

Share this Article
Leave a comment