ਫਰੀਦਕੋਟ : ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਉਹ ਸਹੁੰ ਖਾ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਸਨ ਅਤੇ ਇਹ ਕਿਸੇ ਕੀਮਤ ‘ਤੇ ਨਹੀਂ ਹੋ ਸਕਦਾ ਕਿ ਉਹ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਸੋਚਣ ਵੀ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਘਟੀਆ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮਾਸਟਰ ਬਲਦੇਵ ਸਿੰਘ ਇੱਥੇ ਕਾਹਲੀ ਨਾਲ ਸੱਦੇ ਗਏ ਇੱਕ ਪੱਤਰਕਾਰ ਸੰਮੇਲਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਹਲਕਾ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾ ਐਲਾਨ ਕੇ ਕਿਸੇ ਹੋਰ ਨੂੰ ਵੀ ਚੋਣ ਲੜਨ ਦਾ ਮੌਕਾ ਦਿੰਦੀ ਹੈ ਤਾਂ ਵੀ ਉਹ ਤਨ, ਮਨ, ਧਨ ਨਾਲ ਦੂਜ਼ੇ ਉਮੀਦਵਾਰ ਦੀ ਮਦਦ ਕਰਨਗੇ। ਇਸ ਦੌਰਾਨ ਵਿਧਾਇਕ ਨੇ ਇਸ਼ਾਰਾ ਦਿੰਦਿਆਂ ਕਿਹਾ ਕਿ ਪੰਜਾਬ ਜ਼ਮਹੂਰੀ ਗੱਠਜੋੜ ਵੱਲੋਂ ਕੀਤੇ ਗਏ ਆਪਸੀ ਸਮਝੌਤਿਆਂ ਅਨੁਸਾਰ ਪੰਜਾਬ ਏਕਤਾ ਪਾਰਟੀ ਦੇ ਹਿੱਸੇ ਦੋ ਸੀਟਾਂ ਲੱਗਭੱਗ ਆ ਚੁੱਕੀਆਂ ਹਨ, ਤੇ ਫਰੀਦਕੋਟ ਦੇ ਬਠਿੰਡਾ ਬਾਰੇ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਏਕਤਾ ਪਾਰਟੀ ਦੀ ਅਗਵਾਈ ਵਿੱਚ ਚੋਣ ਲੜਨ ਦੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਦੀ ਡਿਊਟੀ ਹਲਕਾ ਫਰੀਦਕੋਟ ਤੋਂ ਚੋਣ ਲੜਨ ਦੀ ਲਾਉਂਦੀ ਹੈ ਤਾਂ ਉਹ ਇਸ ਹਲਕੇ ਤੋਂ ਚੋਣ ਜਰੂਰ ਲੜਨਗੇ।
- Advertisement -