ਭੜ੍ਹਕ ਗਏ ਨਵਜੋਤ ਸਿੱਧੂ, ਕਿਹਾ ਰਾਹੁਲ ਸਾਹਮਣੇ ਮੈਨੂੰ ਦਿਖਾਈ ਗਈ ਮੇਰੀ ਔਕਾਤ

ਚੰਡੀਗੜ੍ਹ : ਕੁਝ ਮਹੀਨੇ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕੇਂਦਰੀ ਲੀਡਰਸ਼ਿੱਪ ਲਈ ਸਟਾਰ ਪ੍ਰਚਾਰਕ ਸਨ, ਤੇ ਸਿੱਧੂ ਵੱਲੋਂ ਕੀਤੇ ਗਏ ਪ੍ਰਚਾਰ ਸਦਕਾ ਕਾਂਗਰਸ ਨੇ ਉਨ੍ਹਾਂ-ਉਨ੍ਹਾਂ ਥਾਵਾਂ ‘ਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੋਣ ਪ੍ਰਚਾਰ ਕੀਤਾ ਸੀ। ਉਸ ਵੇਲੇ ਨਾ ਸਿਰਫ ਕਾਂਗਰਸ ਪਾਰਟੀ ਨੇ, ਖੁਦ ਸਿੱਧੂ ਦੇ ਇਸ ਪ੍ਰਚਾਰ ਦਾ ਲੋਹਾ ਮੰਨਿਆਂ ਤੇ ਉਨ੍ਹਾਂ ਦੇ ਵਧਦੇ ਸਿਆਸੀ ਕੱਦ ਨੂੰ ਦੇਖਦਿਆਂ ਸੂਬਾ ਸਰਕਾਰ ਨੂੰ ਸਿੱਧੂ ਦੀ ਸੁਰੱਖਿਆ ਵਧਾਏ ਜਾਣ ਲਈ ਕਿਹਾ ਸੀ, ਬਲਕਿ 3 ਸੂਬਿਆਂ ‘ਚ ਕਾਂਗਰਸ ਦੀ ਜਿੱਤ ਤੋਂ ਬਾਅਦ ਪਾਰਟੀ ਵੱਲੋਂ ਦਿੱਲੀ ਅੰਦਰ ਜਿਹੜਾ ਪੱਤਰਕਾਰ ਸੰਮੇਲਨ ਕੀਤਾ ਗਿਆ ਸੀ, ਉਸ ਵਿੱਚ ਰਾਹੁਲ ਗਾਂਧੀ ਨੇ ਸਿੱਧੂ ਨੂੰ ਆਪਣੇ ਨਾਲ ਬਿਠਾ ਕੇ ਪੂਰਾ ਸਨਮਾਨ ਦਿੱਤਾ ਸੀ। ਪਰ ਹੁਣ ਜਿਸ ਤਰ੍ਹਾਂ ਰਾਹੁਲ ਗਾਂਧੀ ਦੀ ਮੋਗਾ ਰੈਲੀ ਦੌਰਾਨ ਸਿੱਧੂ ਨੂੰ ਆਪਣੇ ਹੀ ਸੂਬੇ ਵਿੱਚ ਸਟੇਜ਼ ਤੋਂ ਬੋਲਣ ਦਾ ਮੌਕਾ ਨਾ ਦੇ ਕੇ ਉਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ, ਉਸ ਨੂੰ ਦੇਖਦਿਆਂ ਸੱਤਾਧਾਰੀ ਅਤੇ ਵਿਰੋਧੀ ਹਲਕਿਆਂ ਅੰਦਰ ਵੱਖ ਵੱਖ ਚਰਚਾਵਾਂ ਦਾ ਬਜ਼ਾਰ ਗਰਮ ਹੋਗਿਆ ਹੈ। ਇੱਥੇ ਹੀ ਬੱਸ ਨਹੀਂ ਨਵਜੋਤ ਸਿੰਘ ਸਿੱਧੂ ਨੇ ਖੁਦ ਵੀ ਪਾਰਟੀ ਵੱਲੋਂ ਉਨ੍ਹਾਂ ਨਾਲ ਅਜਿਹਾ ਕੀਤੇ ਜਾਣ ‘ਤੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਹੈ।

ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਚੰਗੇ ਪ੍ਰਚਾਰਕ ਹਨ ਤੇ ਨਾ ਹੀ ਚੰਗੇ ਬੁਲਾਰੇ। ਨਵਜੋਤ ਸਿੰਘ ਸਿੱਧੂ ਅਨੁਸਾਰ ਸਟੇਜ ਤੋਂ ਕਿਸ ਨੇ ਸੰਬੋਧਨ ਕਰਨਾ ਹੈ, ਤੇ ਕਿਸ ਨੇ ਨਹੀਂ, ਇਸ ਗੱਲ ਦਾ ਫੈਸਲਾ ਪਾਰਟੀ ਨੇ ਕਰਨਾ ਹੁੰਦਾ ਹੈ। ਪਰ ਇੰਨਾ ਜਰੂਰ ਹੈ ਕਿ ਮੈਨੂੰ (ਸਿੱਧੂ) ਸਟੇਜ ਤੋਂ ਬੋਲਣ ਦਾ ਮੌਕਾ ਨਾ ਦੇ ਕੇ ਮੇਰੀ ਥਾਂ ਦਿਖਾ ਦਿੱਤੀ ਗਈ ਹੈ।

ਇੱਧਰ ਦੂਜੇ ਪਾਸੇ ਇਸ ਸਾਰੇ ਮਸਲੇ ‘ਤੇ ਜਦੋਂ ਮੀਡੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਨਾਲ ਧੱਕਾ ਹੋਇਆ ਹੈ, ਕਿਉਂਕਿ ਸਿੱਧੂ ਇੱਕ ਚੰਗੇ ਬੁਲਾਰੇ ਹਨ ਤੇ ਮੋਗਾ ਰੈਲੀ ਦੌਰਾਨ ਇੱਕ ਬੁਲਾਰੇ ਵਜੋਂ ਉਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ। ਇਸ ਦੇ ਪਿੱਛੇ ਦੀ ਸੱਚਾਈ ਬਿਆਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਵੇਲੇ ਰਾਹੁਲ ਗਾਂਧੀ ਨੇ ਉਨ੍ਹਾਂ ਕੋਲੋ ਇਹ ਜਾਣਨਾ ਚਾਹਿਆ ਕਿ, ਕੀ ਸਟੇਜ ਤੋਂ ਸਾਰੇ ਬੋਲ ਹਟੇ ਹਨ, ਤਾਂ ਉਨ੍ਹਾਂ (ਜਾਖੜ) ਨੇ ਆਪਣੇ ਪ੍ਰਧਾਨ ਨੂੰ ਜਵਾਬ ਦਿੱਤਾ ਕਿ ਉਹ ਤਾਂ ਆਪ ਉਨ੍ਹਾਂ (ਰਾਹੁਲ) ਨਾਲ ਆਏ ਹਨ। ਜਾਖੜ ਨੇ ਕਿਹਾ ਕਿ ਮੋਗਾ ‘ਚ ਜਿਹੜਾ ਸਮਾਗਮ ਕਰਵਾਇਆ ਗਿਆ ਸੀ ਉਹ ਸਹਿਕਾਰੀ ਸਭਾਵਾਂ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਜਿਸ ਵਿੱਚ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ਿਆਂ ਨੂੰ ਮਾਫ ਕਰਨ ਲਈ ਚੈੱਕ ਵੰਡੇ ਜਾਣੇ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਸਟੇਜ ਨੂੰ ਸੰਭਾਲਣ ਦਾ ਕੰਮ ਸਹਿਕਾਰੀ ਸਭਾਵਾਂ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਸਨ, ਤੇ ਸਟੇਜ ‘ਤੇ ਮੌਜੂਦ ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਕਿਹਾ ਸੀ ਕਿ ਇੱਥੇ ਸਟੇਜ ‘ਤੇ 4 ਬੁਲਾਰੇ ਹੀ ਸੰਬੋਧਨ ਕਰਨਗੇ, ਕਿਉਂਕਿ ਰਾਹੁਲ ਗਾਂਧੀ ਦਾ ਅੱਗੇ ਹਿਮਾਚਲ ਦੇ ਕਾਂਗੜਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਸੁਨੀਲ ਜਾਖੜ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ ਤੇ ਉਨ੍ਹਾਂ ਦੇ ਸਿੱਧੂ ਨਾਲ ਬਹੁਤ ਨੇੜਲੇ ਅਤੇ ਸੁਖਾਵੇਂ ਸਬੰਧ ਹਨ।

ਇਹ ਤਾਂ ਸੀ ਉਹ ਗੱਲਾਂ ਜਿਹੜੀਆਂ ਸ਼ਰੇਆਮ ਹੋਈਆਂ ਤੇ ਲੀਡਰਾਂ ਨੇ ਵੀ ਉਸ ‘ਤੇ ਆਪੋ ਆਪਣੀਆਂ ਟੀਕਾ ਟਿੱਪਣੀਆਂ ਕਰ ਦਿੱਤੀਆਂ, ਪਰ ਸਿਆਸੀ ਵਿਸ਼ਲੇਸ਼ਕ ਇਸ ਨੂੰ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮਨ ਮਿਟਾਵ ਦੇ ਨਜ਼ਰੀਏ ਨਾਲ ਦੇਖਦੇ ਹਨ। ਵਿਸ਼ਲੇਸ਼ਕਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਰੋਕਣ ਦੇ ਬਾਵਜੂਦ ਸਿੱਧੂ ਦਾ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾਣਾ, ਜੰਮੂ ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਪਾਕਿਸਤਾਨ ਅਧਾਰਿਤ ਅੱਤਵਾਦੀ ਜਥੇਬੰਦੀ ਵੱਲੋਂ ਭਾਰਤੀ ਸੁਰੱਖਿਆ ਦਸਤਿਆਂ ‘ਤੇ ਆਤਮਘਾਤੀ ਹਮਲਾ ਕਰਕੇ 40 ਤੋਂ ਵੱਧ ਜਾਨਾਂ ਲਏ ਜਾਣ ਦੇ ਬਾਵਜੂਦ ਸਿੱਧੂ ਦਾ ਇਹ ਕਹਿਣਾ ਕਿ “ਅੱਤਵਾਦ ਦਾ ਕੋਈ ਦੇਸ਼ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ “ ਤੇ ਇਸ ਤੋਂ ਵੀ ਉੱਪਰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਦਾ ਸਿਹਰਾ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵਿੱਚੋਂ ਜ਼ਿਆਦਾਤਰ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸਿਰ ਬੰਨ੍ਹਣਾ, ਇਹ ਸਾਰੇ ਉਹ ਮਸਲੇ ਹਨ ਜਿਹੜੇ ਕੈਪਟਨ ਅਤੇ ਸਿੱਧੂ ਵਿਚਾਲੇ ਤਲਖੀਆਂ ਦਾ ਕਾਰਨ ਬਣੇ ਹਨ। ਜਿਸ ਦਾ ਮੂਲ ਕਾਰਨ ਨਿੱਜੀ ਸਿਆਸੀ ਫਾਇਦੇ ਅਤੇ ਨੁਕਸਾਨ ਵੀ ਦੱਸਿਆ ਜਾ ਰਿਹਾ ਹੈ। ਲਿਹਾਜਾ 2017 ‘ਚ ਸੱਤਾ ਹਾਸਲ ਕਰਨ ਤੋਂ ਬਾਅਦ ਜਦੋਂ ਪੰਜਾਬ ਵਿੱਚ ਕੇਂਦਰੀ ਲੀਡਰਸ਼ਿੱਪ ਦੇ ਸਾਹਮਣੇ ਪਹਿਲੀ ਵਾਰ ਸਟੇਜ ਤੋਂ ਬੋਲਣ ਦਾ ਮੌਕਾ ਆਇਆ ਤਾਂ ‘’ਜਿਸ ਦੀ ਚੱਲੀ ਉਸ ਨੇ ਚਲਾ ਲਈ’’ ਤੇ ਨਵਜੋਤ ਸਿੰਘ ਸਿੱਧੂ ਇਹ ਕਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕੇ ਕਿ ‘’ ਮੈਨੂੰ ਬੋਲਣ ਦਾ ਮੌਕਾ ਨਾ ਦੇ ਕੇ ਪਾਰਟੀ ਨੇ ਮੈਨੂੰ ਮੇਰੀ ਥਾਂ ਦਿਖਾ ਦਿੱਤੀ ਹੈ।’’

 

Check Also

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪਾਕਿ-ISI ਸਮਰਥਿਤ ਮਾਡਿਊਲ ਦਾ ਕੀਤਾ ਪਰਦਾਫਾਸ਼, 4 ਅੱਤਵਾਦੀ ਗ੍ਰਿਫਤਾਰ

ਚੰਡੀਗੜ੍ਹ: ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦੇ ਹੋਏ ਪੰਜਾਬ …

Leave a Reply

Your email address will not be published.