ਚੰਡੀਗੜ੍ਹ : ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਸਥਿਤ ਅੱਤਵਾਦੀ ਅੱਡਿਆਂ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਐਫ-16 ਜਹਾਜ਼ਾਂ ਰਾਹੀਂ ਭਾਰਤ ਅੰਦਰ ਜਵਾਬੀ ਕਰਵਾਈ ਕਰਨਾਂ ਮਹਿੰਗਾ ਪੈਣ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਭਾਰਤੀ ਫੌਜ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟ ਲਿਆ ਹੈ ਉੱਥੇ ਦੂਜੇ ਪਾਸੇ ਅਮਰੀਕਾ ਨੇ ਵੀ ਭਾਰਤ ਵਿਰੁੱਧ ਪਾਕਿਸਤਾਨ ਵੱਲੋਂ ਬਿਨਾਂ ਅਮਰੀਕਾ ਦੀ ਇਜ਼ਾਜ਼ਤ ਐਫ-16 ਜਹਾਜਾਂ ਰਾਹੀਂ ਫੌਜੀ ਕਾਰਵਾਈ ਕਰਨ ‘ਤੇ ਸਖਤ ਰੁੱਖ ਅਪਣਾਇਆ ਹੈ। ਅਮਰੀਕਾ ਪਾਕਿਸਤਾਨ ਤੋਂ ਇਹ ਸਵਾਲ ਕਰ ਰਿਹਾ ਹੈ ਕਿ ਉਸ ਨੇ ਬਿਨਾਂ ਇਜਾਜ਼ਤ ਐਫ-16 ਦਾ ਇਸਤੇਮਾਲ ਭਾਰਤ ਵਿਰੁੱਧ ਕਿਉਂ ਕੀਤਾ? ਦੱਸ ਦਈਏ ਕਿ ਐਫ-16 ਲੜਾਕੂ ਜਹਾਜ਼ ਪਾਕਿਸਤਾਨ ਨੂੰ ਅਮਰੀਕਾ ਨੇ ਇਸ ਸ਼ਰਤ ‘ਤੇ ਦਿੱਤੇ ਹਨ ਕਿ ਉਹ ਇਸ ਦਾ ਇਸਤਿਮਾਲ ਫੌਜੀ ਕਾਰਵਾਈ ਲਈ ਨਾ ਕਰਕੇ ਸਿਰਫ ਬਚਾਅ ਲਈ ਕਰੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਮੁੱਢੋਂ ਹੀ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਉਸ ਦੀ ਫੌਜ ਨੇ ਭਾਰਤ ਵਿਰੁੱਧ ਕਾਰਵਾਈ ਲਈ ਐਫ16 ਜਹਾਜਾਂ ਦਾ ਇਸਤਿਮਾਲ ਨਹੀਂ ਕੀਤਾ ਹੈ। ਜਦਕਿ ਵੀਰਵਾਰ ਨੂੰ ਭਾਰਤੀ ਫੌਜ ਨੇ ਇੱਕ ਪੱਤਰਕਾਰ ਸੰਮੇਲਣ ‘ਚ ਕੁਝ ਤਸਵੀਰਾਂ ਅਤੇ ਐਫ 16 ਜਹਾਜ਼ ਵੱਲੋਂ ਛੱਡੀ ਗਈ ਮਿਜ਼ਾਈਲ ਦੇ ਟੁਕੜੇ ਇੱਕ ਪੱਤਰਕਾਰ ਸੰਮੇਲਣ ‘ਚ ਦਿਖਾਉਂਦਿਆਂ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਵੱਲੋਂ ਹਮਲਾ ਐਫ 16 ਜਹਾਜਾਂ ਨਾਲ ਹੀ ਕੀਤਾ ਗਿਆ ਸੀ।
ਭਾਰਤੀ ਫੌਜ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਸਬੂਤਾਂ ਦੀ ਜਾਂਚ ਹੁਣ ਅਮਰੀਕੀ ਅਧਿਕਾਰੀਆਂ ਨੇ ਵੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਜਾਂਚ ਵਿੱਚ ਇਹ ਸਾਬਤ ਹੋ ਜਾਂਦਾ ਹੈ ਕਿ ਐਫ16 ਜਹਾਜਾਂ ਦਾ ਇਸਤਿਮਾਲ ਭਾਰਤ ਵਿਰੁੱਧ ਹਮਲਾ ਕਰਨ ਲਈ ਕੀਤਾ ਗਿਆ ਸੀ ਤਾਂ ਅਮਰੀਕਾ ਪਾਕਿਸਤਾਨ ਨਾਲ ਆਪਣਾ ਰੱਖਿਆ ਸੌਦਾ ਰੱਦ ਵੀ ਕਰ ਸਕਦਾ ਹੈ।
- Advertisement -