ਦਿੱਲੀ : ਵਿਸ਼ਵ ਪ੍ਰਸਿੱਧ ਪੰਜਾਬੀ ਪੌਪ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਆਪਣੇ ਕੁੜਮ ਹੰਸ ਰਾਜ ਹੰਸ ਦੇ ਨਕਸ਼ੇ ਕਦਮ ‘ਤੇ ਚਲਦਿਆਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਮਹਿੰਦੀ ਨੇ ਕੇਂਦਰੀ ਮੰਤਰੀ ਵਿਜੇ ਗੋਇਲ, ਕੇਂਦਰੀ ਮੰਤਰੀ ਹਰਸ਼ਵਰਧਨ, ਆਪਣੇ ਕੁੜਮ ਹੰਸ ਰਾਜ ਹੰਸ ਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੁੱਢਲੀ ਮੈਂਬਰਸ਼ਿੱਪ ਹਾਸਲ ਕੀਤੀ। ਇਸ ਮੌਕੇ ਜਿੱਥੇ ਮਨੋਜ ਤਿਵਾੜੀ ਨੇ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ‘ਚ ਆਉਣ ‘ਤੇ ਸਵਾਗਤ ਕੀਤਾ ਉੱਥੇ ਉਨ੍ਹਾ ਦੇ ਕੁੜਮ ਤੇ ਭਾਜਪਾ ਦੇ ਦਿੱਲੀ ਉੱਤਰ ਪੱਛਮੀ ਸੀਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਕਿਹਾ ਜਾ ਰਿਹਾ ਹੈ, ਕਿ ਦਲੇਰ ਮਹਿੰਦੀ ਨੂੰ ਭਾਜਪਾ ਪੰਜਾਬ ਵਿੱਚ ਆਪਣੇ ਕਿਸੇ ਉਮੀਦਵਾਰ ਦੀ ਟਿਕਟ ਵਾਪਸ ਲੈ ਕੇ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।