ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸੂਬੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵਿਰੁੱਧ ਖੜ੍ਹੇ ਕੀਤੇ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਹੁਣ ਦੇਸ਼ ਵਿਦੇਸ਼ ‘ਚ ਵਸਦੇ ਬੀਬੀ ਖਾਲੜਾ ਨੂੰ ਪਿਆਰ ਕਰਨ ਵਾਲੇ ‘ਆਪ’ ਸਮਰਥਕਾਂ ਨੇ ਵੀ ਆਮ ਆਦਮੀ ਪਾਰਟੀ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ, ਕਿ ਉਹ ਵੀ ਬੀਬੀ ਖਾਲੜਾ ਦੇ ਹੱਕ ਵਿੱਚ ਆਪਣਾ ਉਮੀਦਵਾਰ ਵਾਪਸ ਲੈਣ। ਮਾਹਰਾਂ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਿਹਾ ਜਾ ਰਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਚੋਣ ਹਵਾ ਪੂਰੀ ਤਰ੍ਹਾਂ ਹੋ ਜਾਵੇਗੀ ਤੇ ਉਨ੍ਹਾਂ ਦੀ ਜਿੱਤ ਦੇ ਦਾਅਵੇ ਹੁਣੇ ਤੋਂ ਕੀਤੇ ਜਾਣ ਲੱਗ ਪਏ ਹਨ।
ਮਿਲੀ ਜਾਣਕਾਰੀ ਅਨੁਸਾਰ ‘ਆਪ’ ‘ਤੇ ਵਧਦੇ ਦਬਾਅ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਬੀਬੀ ਖਾਲੜਾ ਵਿਰੁੱਧ ਆਪਣਾ ਉਮੀਦਵਾਰ ਵਾਪਸ ਲੈਣ ਲਈ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਹੈ। ਪਰ ਇੱਥੇ ਆ ਕੇ ਵੀ ਉਹ ਹੀ ਪੇਚ ਫਸ ਰਿਹਾ ਹੈ, ਜਿਹੜਾ ਪੇਚ ‘ਆਪ’ ਦਾ ਟਕਸਾਲੀਆਂ ਨਾਲ ਗੱਠਜੋੜ ਵੇਲੇ ਫਸਿਆ ਸੀ, ਯਾਨੀਕਿ ਸੁਖਪਾਲ ਸਿੰਘ ਖਹਿਰਾ। ਕਿਉਂਕਿ ਬੀਬੀ ਖਾਲੜਾ ਇਹ ਚੋਣ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵੱਲੋਂ ਲੜ ਰਹੀ ਹੈ, ਤੇ ‘ਆਪ’ ਵਾਲਿਆਂ ਦੀ ਖਹਿਰਾ ਨਾਲ ਮੁੱਢੋਂ ਹੀ ਨਹੀਂ ਬਣਦੀ। ਸ਼ਾਇਦ ਇਹੋ ਕਾਰਨ ਹੈ, ਕਿ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਹੈ, ਕਿ ਜੇਕਰ ਸੁਖਪਾਲ ਖਹਿਰਾ ਆਪਣੀ ਆਕੜ ਛੱਡ ਕੇ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਹਿੰਦੇ ਹਨ ਤਾਂ ਆਮ ਆਦਮੀ ਪਾਰਟੀ ਬੀਬੀ ਖਾਲੜਾ ਦਾ ਸਮਰਥਨ ਕਰ ਸਕਦੀ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਨਿਤਰਣ ਦਾ ਐਲਾਨ ਕੀਤਾ ਹੋਇਆ ਹੈ ਤੇ ਇਨ੍ਹਾਂ ਵਿੱਚੋਂ ਵੀ ਕਈਆਂ ਨੇ ਬੀਬੀ ਖਾਲੜਾ ਅੱਗੇ ਮਾਨ ਵਾਲੀ ਹੀ ਸ਼ਰਤ ਦੁਹਰਾਈ ਹੈ।