ਬੀਬੀ ਜਗੀਰ ਕੌਰ ਦਾ ਐਨਆਰਆਈਆਂ ‘ਤੇ ਵੱਡਾ ਹਮਲਾ, ਕਿਹਾ ਜਿਹੜਾ ਵਿਦੇਸ਼ ਜਾਂਦੈ, ਉਹ ਕੱਟੜਪੰਥੀ ਤੇ ਬਾਦਲ ਵਿਰੋਧੀ ਹੋ ਜਾਂਦੈ

TeamGlobalPunjab
2 Min Read

ਤਰਨ ਤਾਰਨ : ਚੋਣਾਂ ਦੇ ਇਸ ਮਹੌਲ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਆਪੋ ਆਪਣੇ ਢੰਗ ਨਾਲ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਜੁਗਾੜ ਵਿੱਚ ਹਨ, ਤੇ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਤਾਂ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਸਹਿਯੋਗ ਦੇਣ ਲਈ ਅਪੀਲ ਕਰਦੇ ਅਕਸਰ ਦਿਖਾਈ ਦੇ ਜਾਂਦੇ ਹਨ, ਉੱਥੇ ਦੂਜੇ ਪਾਸੇ ਇਸ ਦੇ ਉਲਟ ਸ਼੍ਰੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਤੇ ਹਕਲਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਤਾਂ ਐਨਆਰਆਈਆਂ ‘ਤੇ ਵੱਡਾ ਸ਼ਬਦੀ ਹਮਲਾ ਕਰਕੇ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀ ਦੁਖਦੀ ਰਗ ਛੇੜ ਦਿੱਤੀ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ, ਕਿ ਜਿਹੜੇ ਲੋਕ ਵਿਦੇਸ਼ ਜਾ ਰਹੇ ਹਨ, ਉਹ ਉੱਥੇ ਜਾ ਕੇ ਕੱਟੜ ਪੰਥੀ ਅਤੇ ਬਾਦਲ ਵਿਰੋਧੀ ਬਣ ਜਾਂਦੇ ਹਨ। ਬੀਬੀ ਇੱਥੇ ਹਲਕਾ ਖਡੂਰ ਸਾਹਿਬ ‘ਚ ਪੈਂਦੇ ਤਰਨ ਤਾਰਨ ਦੇ ਚੋਹਲਾ ਸਾਹਿਬ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਨ ਆਏ ਹੋਏ ਸਨ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੀਨੀਅਰ ਅਕਾਲੀ ਦਲ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕੁਝ ਮਹੀਨੇ ਵਿਦੇਸ਼ ‘ਚ ਬਿਤਾਏ ਸਨ ਤੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਦੇਸ਼ ਜਾਂਦਾ ਹੈ ਉਹ ਬਾਦਲ ਵਿਰੋਧੀ ਤੇ ਕੱਟੜ ਪੰਥੀ ਹੋ ਜਾਂਦਾ ਹੈ। ਬੀਬੀ ਜਗੀਰ ਕੌਰ ਅਨੁਸਾਰ ਸਾਡੇ ਧਾਰਮਿਕ ਆਗੂ ਜਦੋਂ ਲੋਕਾਂ ਨੂੰ ਇਹ ਕਹਿੰਦੇ ਹਨ ਕਿ ਉਹ ਆਪਣੇ ਦੇਸ਼ ਵਿੱਚ ਹੀ ਰਹਿਣ, ਅਜਿਹਾ ਕਰਕੇ ਉਹ ਬਿਲਕੁਲ ਠੀਕ ਕਰਦੇ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ‘ਤੇ ਸਿਆਸੀ ਵਾਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ, ਕਿ ਆਪਣੀ ਪਾਰਟੀ ਵਿਰੁੱਧ ਬਗਾਵਤ ਕਰਨਾ ਬ੍ਰਹਮਪੁਰਾ ਲਈ ਸਿਆਸੀ ਮੌਤ ਸਾਬਤ ਹੋਵੇਗਾ। ਉਨ੍ਹਾਂ ਕਿਹਾ, ਕਿ ਬ੍ਰਹਮਪੁਰਾ ਵੱਲੋਂ ਜਨਰਲ ਜੇ ਜੇ ਸਿੰਘ ਨੂੰ ਚੋਣ ਲੜਾਉਣ ਦੀ ਥਾਂ ਆਪ ਖੁਦ ਮੈਦਾਨ ਵਿੱਚ ਉਤਰਨਾ ਚਾਹੀਦਾ ਸੀ। ਫਿਰ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਲੋਕ ਕਿੰਨੇ ਕੁ ਉਨ੍ਹਾਂ ਨਾਲ ਹਨ।

 

- Advertisement -

Share this Article
Leave a comment