ਕਿਹਾ ਮੈਨੂੰ ਧਮਕੀਆਂ ਦੇ ਕੇ ਰਾਮ ਰਹੀਮ ਦੇ ਮਾਫੀਨਾਮੇ ‘ਤੇ ਹਸਤਾਖ਼ਰ ਕਰਵਾਏ ਗਏ ਸਨ!
ਫ਼ਰੀਦਕੋਟ : ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਆਉਣ ਵਾਲੇ ਕੁਝ ਦਿਨਾਂ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਬਾਦਲਾਂ ਖਿਲਾਫ ਅਦਾਲਤ ਵਿੱਚ ਗਵਾਹ ਦੇ ਤੌਰ ‘ਤੇ ਪੇਸ਼ ਕਰ ਸਕਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਜਾਂਚ ਏਜੰਸੀ ਨੇ ਗਿਆਨੀ ਇਕਬਾਲ ਸਿੰਘ ਵੱਲੋਂ ਉਨ੍ਹਾਂ ਨੂੰ ਲਿਖੇ ਇੱਕ 7 ਪੇਜਾਂ ਦੇ ਪੱਤਰ ਨੂੰ ਉਸ ਚਲਾਨ ਦਾ ਹਿੱਸਾ ਬਣਾਇਆ ਹੈ, ਜਿਸ ਪੱਤਰ ਵਿੱਚ ਗਿਆਨੀ ਇਕਬਾਲ ਸਿੰਘ ਨੇ ਇਹ ਦਾਅਵਾ ਕੀਤਾ ਹੈ, ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਬਾਦਲਾਂ ਦੇ ਕਹਿਣ ‘ਤੇ ਦਿੱਤੀ ਗਈ ਸੀ। ਦੱਸ ਦਈਏ ਕਿ ਗਿਆਨੀ ਇਕਬਾਲ ਸਿੰਘ ਉਨ੍ਹਾਂ ਪੰਜਾਂ ਤਖਤਾਂ ਦੇ ਜਥੇਦਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦੇ ਹਸਤਾਖ਼ਰਾਂ ਦੇ ਨਾਲ ਰਾਮ ਰਹੀਮ ਨੂੰ ਪਹਿਲਾਂ ਮਾਫੀ ਦਿੱਤੀ ਗਈ ਸੀ ਤੇ ਫਿਰ ਜਦੋਂ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਤਾਂ ਉਸ ਤੋਂ 2 ਦਿਨ ਬਾਅਦ ਹੀ ਉਹ ਮਾਫੀ ਵਾਪਸ ਲੈ ਲਈ ਗਈ।
ਜ਼ਿਕਰਯੋਗ ਹੈ ਕਿ ‘ਸਿੱਟ’ ਵੱਲੋਂ ਉਹ ਚਲਾਨ ਅਦਾਲਤ ਵਿੱਚ ਲੰਘੇ ਦਿਨੀਂ ਹੀ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਗਿਆਨੀ ਇਕਬਾਲ ਸਿੰਘ ਦਾ ਇਹ ਪੱਤਰ ਨਾਲ ਨੱਥੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਗਿਆਨੀ ਇਕਬਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ 23 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਮੀਟਿੰਗ ਲਈ ਤਾਂ ਸੱਦਿਆ ਸੀ, ਪਰ ਇਸ ਮੀਟਿੰਗ ਦਾ ਵਿਸ਼ਾ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ। ਪੱਤਰ ਵਿੱਚ ਉਨ੍ਹਾਂ ਦਾ ਦੋਸ਼ ਹੈ ਕਿ ਉਹ ਮਿੱਥੇ ਦਿਨ ਅਤੇ ਸਮੇਂ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਏ ਜਿੱਥੇ ਉਨ੍ਹਾਂ ਨੂੰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਰਾਮ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਮਿਲੇ ਤੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਇਹ ਮੀਟਿੰਗ ਰਾਮ ਰਹੀਮ ਨੂੰ ਮਾਫੀ ਦੇਣ ਲਈ ਸੱਦੀ ਗਈ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇੱਥੇ ਗਿਆਨੀ ਇਕਬਾਲ ਸਿੰਘ ਦਾਅਵਾ ਕਰਦੇ ਹਨ ਕਿ ਇਸ ਵਿਰੋਧ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਤਾੜਦਿਆਂ ਕਿਹਾ ਸੀ ਕਿ ਡੇਰਾ ਮੁਖੀ ਨੂੰ ਸਾਨੂੰ ਇਹ ਮਾਫੀ ਦੇਣੀ ਹੀ ਪਵੇਗੀ ਕਿਉਂਕਿ ਇਹ ਇੱਛਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਜਾਹਰ ਕੀਤੀ ਹੈ।
ਗਿਆਨੀ ਇਕਬਾਲ ਸਿੰਘ ਦਾ ਦੋਸ਼ ਹੈ ਕਿ ਰਾਮ ਰਹੀਮ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਵੱਡੇ ਛੋਟੇ ਬਾਦਲਾਂ ਤੋਂ ਇਲਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾਂ ਨੇ ਵੀ ਅਹਿਮ ਰੋਲ ਅਦਾ ਕੀਤਾ ਹੈ। ਇੱਥੇ ਗਿਆਨੀ ਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਡੇਰਾ ਮੁਖੀ ਨੂੰ ਮਾਫੀ ਦੇਣ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਗਿਆਨੀ ਮੱਲ ਸਿੰਘ, ਅਤੇ ਗਿਆਨੀ ਗੁਰਮੁੱਖ ਸਿੰਘ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਸੱਦਿਆ ਗਿਆ ਸੀ। ਦੱਸ ਦਈਏ ਕਿ ਇਹੋ ਬਿਆਨ ਗਿਆਨੀ ਗੁਰਮੁੱਖ ਸਿੰਘ ਨੇ ਵੀ ਮੀਡੀਆ ਅੱਗੇ ਉਸ ਵੇਲੇ ਦਿੱਤਾ ਸੀ ਜਦੋਂ ਉਹ ਬਾਦਲਾਂ ਨਾਲ ਨਾਰਾਜ਼ ਹੋ ਗਏ ਸਨ।
ਗਿਆਨੀ ਇਕਬਾਲ ਸਿੰਘ ਵੱਲੋਂ ‘ਸਿੱਟ’ ਕੋਲ ਕੀਤੇ ਇਨ੍ਹਾਂ ਲਿਖਤੀ ਖੁਲਾਸਿਆਂ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੇ ਡੇਰਾ ਮੁਖੀ ਨੂੰ ਦਿੱਤੀ ਜਾਣ ਵਾਲੀ ਮਾਫੀ ਦੀ ਚਿੱਠੀ ਦੇਖੀ ਤਾਂ ਇਹ ਦੇਖ ਕੇ ਉਹ ਦੰਗ ਰਹਿ ਗਏ ਕਿ ਚਿੱਠੀ ਵਿੱਚ ਰਾਮ ਰਹੀਮ ਨੇ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਲਿਖੀ ਸੀ। ਗਿਆਨੀ ਇਕਬਾਲ ਸਿੰਘ ਅਨੁਸਾਰ ਇਸ ਗੱਲ ‘ਤੇ ਵੀ ਉਨ੍ਹਾਂ ਨੇ ਇਤਰਾਜ਼ ਜਾਹਰ ਕੀਤਾ ਸੀ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਿਰੋਧ ਦੇ ਬਾਅਦ ਹੀ ਡੇਰਾ ਮੁਖੀ ਦੀ ਉਸ ਚਿੱਠੀ ਵਿੱਚ ਉਨ੍ਹਾਂ ਲੋਕਾਂ ਨੇ ‘ਖਿਮਾਂ ਦਾ ਯਾਚਕ’ ਸ਼ਬਦ ਆਪ ਜੋੜ ਲਏ ਸਨ।
- Advertisement -
ਇਸ ਪੱਤਰ ਵਿੱਚ ਗਿਆਨੀ ਇਕਬਾਲ ਸਿੰਘ ਨੇ ਇਹ ਕਹਿ ਕੇ ਵੱਡਾ ਧਮਾਕਾ ਕਰ ਦਿੱਤਾ ਕਿ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਜਿਸ ਮਾਫੀਨਾਮੇ ‘ਤੇ ਹਸਤਾਖਰ ਕਰਕੇ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਉਸ ਮਾਫੀਨਾਮੇ ‘ਤੇ ਉਨ੍ਹਾਂ ਦੇ ਹਸਤਾਖਰ ਗਿਆਨੀ ਇਕਬਾਲ ਸਿੰਘ ਨੂੰ ਧਮਕੀਆਂ ਦਿੰਦੇ ਹੋਏ ਕਰਵਾਏ ਗਏ ਸਨ। ਗਿਆਨੀ ਇਕਬਾਲ ਸਿੰਘ ਨੇ ਪੱਤਰ ‘ਚ ਇਹ ਵੀ ਦਾਅਵਾ ਕੀਤਾ ਹੈ ਕਿ ਜਿਸ ਵੇਲੇ ਰਾਮ ਰਹੀਮ ਨੂੰ ਮਾਫੀ ਦਿੱਤੇ ਜਾਣ ਸਬੰਧੀ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਵਿੱਚ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਨੂੰ ਸੁਖਬੀਰ ਬਾਦਲ ਦੇ ਵਾਰ ਵਾਰ ਫੋਨ ਆ ਰਹੇ ਸਨ। ਇਕਬਾਲ ਸਿੰਘ ਨੇ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਸੁਖਬੀਰ ਦੇ ਧਾਰਮਿਕ ਮਾਮਲਿਆਂ ਨੂੰ ਦੇਖਣ ਵਾਲੇ ਪੀ.ਏ ਅਵਤਾਰ ਸਿੰਘ ਵੀ ਹਾਜਰ ਸਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਜਦੋਂ 14 ਅਕਤੂਬਰ 2015 ਵਾਲੇ ਦਿਨ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਵਾਪਰੀਆਂ ਤਾਂ ਉਸ ਤੋਂ 2 ਦਿਨ ਬਾਅਦ 16 ਅਕਤੂਬਰ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਸੱਦ ਕੇ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਏਜੰਡਾ ਰੱਖਿਆ ਗਿਆ। ਜਿਸ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਵੱਲੋਂ ਜਦੋਂ ਕੋਈ ਵੀ ਨਾ ਪੁੱਜਾ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਨੂੰ ਸੱਦ ਕੇ ਮਾਫੀਨਾਮਾ ਰੱਦ ਕਰਨ ਵਾਲੀ ਕਾਰਵਾਈ ਪੂਰੀ ਕੀਤੀ ਗਈ ਤਾਂ ਜੋ ਕੋਰਮ ਪੂਰਾ ਹੋ ਸਕੇ।
ਇਹ ਸਭ ਦੇਖ ਕੇ ਚਰਚਾ ਇਹ ਛਿੜ ਗਈ ਹੈ ਕਿ ਗਿਆਨੀ ਇਕਬਾਲ ਸਿੰਘ ਹੁਣ ਬਾਦਲਾਂ ਕੋਲੋਂ ਆਪਣੀ ਉਸ ਬੇਇੱਜ਼ਤੀ ਦਾ ਬਦਲਾ ਲੈਣ ‘ਤੇ ਉਤਾਰੂ ਹੋ ਗਏ ਹਨ ਜਿਹੜੀ ਕਿ ਉਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਖੋਹ ਲਏ ਜਾਣ ਤੋਂ ਮਹਿਸੂਸ ਹੋ ਰਹੀ ਹੈ। ਚਲੋ ਕੁਝ ਵੀ ਹੋਵੇ ਭਾਵੇਂ ਲੜ ਕੇ ਹੀ ਸਹੀ ਘੱਟੋ ਘੱਟ ਕੁਝ ਅਜਿਹੀਆਂ ਗੱਲਾਂ ਤਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਗੱਲਾਂ ਦਾ ਜਵਾਬ ਤਲਾਸ਼ਣ ਲਈ ਸਿੱਖ ਕੌਮ ਅੱਜ ਤੱਕ ਮਾਰੀ ਮਾਰੀ ਫਿਰ ਰਹੀ ਹੈ ਕਿ ਆਖਰ ਰਾਤੋ ਰਾਤ ਅਜਿਹਾ ਕੀ ਹੋਇਆ ਸੀ ਜਿਹੜਾ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਦਿੱਤੀ ਮਾਫੀ ਵਾਪਸ ਲੈ ਲਈ। ਇਸ ਵਿੱਚ ਕੀ ਸੱਚ ਹੈ ਤੇ ਕੀ ਝੂਠ ਇਸ ਦਾ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ, ਪਰ ਇਹ ਕਹਿਣ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਕਿ ਗਿਆਨੀ ਇਕਬਾਲ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਬਹੁਤ ਦਿਲਚਸਪ ਹਨ ਤੇ ਜੇਕਰ ਇਹ ਸੱਚ ਹੋਏ ਤਾਂ ਫਿਰ ਬਾਦਲਾਂ ਦੀ ਖ਼ੈਰ ਨਹੀਂ ਤੇ ਜੇਕਰ ਝੂਠ ਹੋਏ ਤਾਂ ਫਿਰ ਗਿਆਨੀ ਇਕਬਾਲ ਸਿੰਘ ਹੁਰਾਂ ਨਾਲ ਉਹ ਬਣੇਗੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ, “ਜਿਹੜੇ ਖਾਣਗੇ ਗਾਜਰਾਂ ਢਿੱਡੀਂ ਉਨ੍ਹਾਂ ਦੇ ਪੀੜ੍ਹ।”