ਪੁਲਿਸ ਦੀ ਵੱਡੀ ਕਾਰਵਾਈ, 6 ਨਸ਼ਾ ਤਸਕਰਾਂ ਦੀ 3 ਕਰੋੜ ਦੀ ਜ਼ਾਇਦਾਦ ਕੁਰਕ

TeamGlobalPunjab
2 Min Read

ਕਪੂਰਥਲਾ: ਜ਼ਿਲ੍ਹਾ ਪੁਲਿਸ ਨੇ ਸੁਲਤਾਨਪੁਰ ਲੋਧੀ ਦੇ ਛੇ ਨਸ਼ਾ ਤਸਕਰਾਂ ਦੀ ਤਿੰਨ ਕਰੋਡ਼ ਰੁਪਏ ਦੀ ਜ਼ਾਇਦਾਦ ਕੁਰਕ ਕਰ ਲਈ ਹੈ। ਇਹ ਤਸਕਰ ਸੁਲਤਾਨਪੁਰ ਲੋਧੀ ਦੇ ਨਸ਼ਾ ਤਸਕਰੀ ਲਈ ਬਦਨਾਮ ਤਿੰਨ ਪਿੰਡ ਸੇਂਚਾ , ਤੋਤੀ ਅਤੇ ਲਾਟਿਆਂਵਾਲ ਦੇ ਰਹਿਣ ਵਾਲੇ ਹਨ। ਇਨ੍ਹਾਂ ਪਿੰਡਾਂ ਵਿੱਚ ਇਨ੍ਹਾਂ ਦੀ ਜ਼ਾਇਦਾਦ ਹੈ।

ਉਥੇ ਹੀ ਇੱਕ ਤਸਕਰ ਦੀ ਲਗਭਗ 10 ਲੱਖ ਕੀਮਤ ਦੀ 9 ਕਨਾਲ 05 ਮਰਲੇ ਦੀ ਜ਼ਮੀਨ ਕੁਰਕ ਕਰਨ ਦੇ ਆਦੇਸ਼ ਦੇ ਦਿੱਤੇ ਹਨ । ਰੀਵੈਨਿਊ ਵਿਭਾਗ ਵਲੋਂ ਇਸਨੂੰ ਵੇਚਣ ਲਈ ਨੀਲਾਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੁਲਤਾਨਪੁਰ ਲੋਧੀ ਦੇ ਡੀਐਸਪੀ ਸਰਵਨ ਸਿੰਘ ਬਲ ਅਤੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਸੇਂਚਾ, ਤੋਤੀ ਅਤੇ ਲਾਟਿਆਂਵਾਲ ਦੇ ਨਸ਼ਾ ਤਸਕਰ ਪੂਰਨ ਸਿੰਘ, ਚਰਣ ਸਿੰਘ, ਕਹਿਰ ਸਿੰਘ, ਅਮਨਦੀਪ ਸਿੰਘ ਉਰਫ ਅਮਨਾ, ਮਲਕੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ 2.96 ਕਰੋਡ਼ ਦੀ ਜ਼ਾਇਦਾਦ ਕੰਪੀਟੇਟ ਅਥਾਰਿਟੀ ਦਿੱਲੀ ਵੱਲੋਂ ਫਰੀਜ਼ ਕੀਤੀ ਗਈ ਹੈ।

ਇਨ੍ਹਾਂ ਵਿਚੋਂ ਪਿੰਡ ਸੇਂਚਾ ਦੇ ਪੂਰਨ ਸਿੰਘ ਦੀ 10 ਲੱਖ ਕੀਮਤ ਦੀ 09 ਕਨਾਲ 05 ਮਰਲੇ ਜ਼ਮੀਨ ਕੁਰਕ ਕਰਨ ਦੇ ਆਦੇਸ਼ ਹਾਸਲ ਹੋਏ ਹਨ। ਫਰੀਜ਼ ਪ੍ਰਾਪਰਟੀ ਵਿੱਚ 2.45 ਕਰੋਡ਼ ਦੀ ਪੰਜ ਕੋਠੀਆਂ, 29.5 ਲੱਖ ਦੀ ਛੇ ਗੱਡੀਆਂ, 1.73 ਲੱਖ ਦੀ ਪੰਜ ਮੋਟਰਸਾਇਕਲ ਅਤੇ 19.50 ਲੱਖ ਦੀ ਤਿੰਨ ਕਾਸ਼ਤ ਜ਼ਮੀਨਾਂ ਸ਼ਾਮਲ ਹਨ। ਡੀਐਸਪੀ ਦੇ ਅਨੁਸਾਰ ਤਿੰਨ ਤਸਕਰ ਜੇਲ੍ਹ ਵਿੱਚ ਹਨ। ਇੱਕ ਜਮਾਨਤ, ਇੱਕ ਕੋਰੋਨਾ ਵਾਇਰਸ ਦੇ ਚਲਦੇ ਪੈਰੋਲ ਅਤੇ ਇੱਕ ਭਗੌੜਾ ਚੱਲ ਰਿਹਾ ਹੈ। ਇਹਨਾਂ ਵਿੱਚ ਕੁੱਝ ਤਸਕਰ ਉਹ ਹਨ ਜਿਨ੍ਹਾਂ ਨੇ ਰੇਡ ਕਰਨ ਵਾਲੀ ਪੁਲਿਸ ‘ਤੇ ਕਈ ਵਾਰ ਹਮਲੇ ਵੀ ਕੀਤੇ ਹਨ।

Share this Article
Leave a comment