ਕਿਹਾ ਉਹ ਜੰਗ ਜੰਗ ਨਹੀਂ ਸਿਆਸਤ ਜਿਸ ਵਿੱਚ ਰਾਜੇ ਦੀ ਜ਼ਿੰਦਗੀ ਸੁਰੱਖਿਅਤ
ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਰਤੀ ਸਖਤ ਰੁੱਖ ਅਪਣਾਉਂਦਿਆਂ ਗਵਾਂਢੀ ਦੇਸ਼ ਪਾਕਿ ਅੰਦਰ ਮੌਜੂਦ ਅੱਤਵਾਦੀ ਠਿਕਾਣਿਆਂ ‘ਤੇ ਹਮਲੇ ਕਰਵਾਉਣ ਨੂੰ ਸਹੀ ਠਹਿਰਾ ਰਹੇ ਹਨ ਉੱਥੇ ਦੂਜੇ ਪਾਸੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਹੈ ਕਿ ਫੇਲ੍ਹ ਹੋਈ ਸਰਕਾਰ ਹੀ ਜੰਗ ਤੱਕ ਪਹੁੰਚਦੀ ਹੈ। ਸਿੱਧੂ ਨੇ ਇਹ ਗੱਲ ਇੱਕ ਖੁਲ੍ਹੀ ਚਿੱਠੀ ਵਿੱਚ ਲਿਖਦਿਆਂ ਇਤਹਾਸ ਵਿੱਚ ਕੂਟਨੀਤੀ ਅਤੇ ਰਾਜਨੀਤੀ ਦਾ ਮਾਹਰ ਮੰਨੇ ਜਾਂਦੇ ਚਾਣਕਿਆ ਦੇ ਕਥਨਾਂ ਦਾ ਹਵਾਲਾ ਵੀ ਦਿੱਤਾ ਹੈ
ਆਪਣੀ ਇਸ ਚਿੱਠੀ ਵਿੱਚ ਸਿੱਧੂ ਨੇ ਜੰਗਬੰਦੀ ਦੀ ਦੁਹਾਈ ਦਿੰਦਿਆਂ ਕਿਹਾ ਹੈ ਕਿ ਚਾਣਕਿਆ ਦੇ ਕਥਨਾਂ ਨੂੰ ਉਦਾਹਰਨ ਵਜੋਂ ਪੇਸ਼ ਕਰਦਿਆਂ ਕਿਹਾ ਹੈ ਉਸ ਜੰਗ ਨੂੰ ਜੰਗ ਨਹੀਂ ਬਲਕਿ ਸਿਆਸਤ ਮੰਨਿਆ ਜਾਂਦਾ ਹੈ ਜਿਸ ਵਿੱਚ ਰਾਜੇ ਦੀ ਜਿੰਦਗੀ ਸੁਰੱਖਿਅਤ ਹੋਵੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕਰਕੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਰਿਹਾਅ ਕਰਨ ਦਾ ਐਲਾਨ ਕਰਨ ‘ਤੇ ਵੀ ਧੰਨਵਾਦ ਕੀਤਾ ਹੈ।
ਸਿੱਧੂ ਨੇ ਇਸ ਮੌਕੇ ਸਖਤ ਲਹਿਜ਼ਾ ਅਪਣਾਉਂਦਿਆਂ ਛੁਪੇ ਲਫਜਾਂ ਵਿੱਚ ਵਿਰੋਧੀਆਂ ‘ਤੇ ਵਾਰ ਕਰਦਿਆਂ ਕਿਹਾ ਹੈ ਕਿ ਝੂਠੇ ਰਾਜਨੀਤਕ ਹਿੱਤਾਂ ਨੂੰ ਪੂਰਾ ਕਰਨ ਲਈ ਕਿੰਨੇ ਕੁ ਅਜਿਹੇ ਜਵਾਨਾਂ ਅਤੇ ਆਮ ਲੋਕਾਂ ਦੀ ਬਲੀ ਲਿੱਤੀ ਜਾਵੇਗੀ ਜਿਨ੍ਹਾਂ ਦਾ ਕਿਸੇ ਪਾਸੋਂ ਕੋਈ ਕਸੂਰ ਨਹੀਂ। ਆਪਣੀ ਚਿੱਠੀ ਵਿੱਚ ਸਿੱਧੂ ਨੇ ਭਾਰਤੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਚੋਣ ਕਰਨ ਜਿਸ ਨਾਲ ਦੇਸ਼ ਦਾ ਮੁਕੱਦਰ ਤੈਅ ਹੋ ਸਕੇ।