ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹੁਣ ਖਹਿਰਾ, ਸੰਦੋਆ, ਮਾਨਸ਼ਾਹੀਆ ਦੀ ਵਾਰੀ, ਪੈ ਗਿਆ ਵੱਡਾ ਰੌਲਾ, ਹੁਣ ਸਪੀਕਰ ਨੂੰ ਕਰਨੀ ਪਊ ਕਾਰਵਾਈ?

TeamGlobalPunjab
6 Min Read

ਪਟਿਆਲਾ : 10 ਮਹੀਨੇ ਦੇ ਲੰਮੇ ਇੰਤਜਾਰ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੇ ‘ਆਪ’ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀ ਸੁਪਰੀਮ ਕੋਰਟ ਜਾਣ ਵਾਲੀ ਧਮਕੀ ਨੇ ਅਸਰ ਵਿਖਾਇਆ ਤੇ ਆਖਰਕਾਰ ਉਨ੍ਹਾਂ ਨੂੰ ਫੂਲਕਾ ਦਾ ਅਸਤੀਫਾ ਮਨਜ਼ੂਰ ਕਰਨਾ ਹੀ ਪਿਆ। ਇਸ ਅਸਤੀਫੇ ਦੀ ਮਨਜ਼ੂਰੀ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਾਲੇ ਲੋਕ ਪ੍ਰਤੀਨਿਧ ਕਨੂੰਨ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ‘ਆਪ’ ਦੇ ਬਾਕੀ ਵਿਧਾਇਕਾਂ ਦੇ ਅਸਤੀਫੇ ਵੀ ਮਨਜ਼ੂਰ ਕਰਨ ਲਈ ਸੂਬਾ ਸਰਕਾਰ ਅਤੇ ਸਪੀਕਰ ‘ਤੇ ਦਬਾਅ ਪਾ ਰਹੇ ਹਨ, ਉੱਥੇ ਦੂਜੇ ਪਾਸੇ ਇੰਝ ਜਾਪਦਾ ਹੈ ਜਿਵੇਂ ਸੁਖਪਾਲ ਖਹਿਰਾ,  ਨਾਜ਼ਰ ਸਿੰਘ ਮਾਨਸ਼ਾਹੀਆ, ਤੇ ਅਮਰਜੀਤ ਸਿੰਘ ਸੰਦੋਆ ਰੂਪੀ ਜਿੰਨਾਂ ਵਿਧਾਇਕਾਂ ਨੇ ‘ਆਪ’ ਵਿੱਚੋਂ ਅਸਤੀਫੇ ਦਿੱਤੇ ਸਨ ਉਨ੍ਹਾਂ ਦੇ ਇਹ ਅਸਤੀਫੇ ਮਹਿਜ਼ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਕਾਰਵਾਈ ਮਾਤਰ ਸਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਹਰਵਿੰਦਰ ਸਿੰਘ ਫੂਲਕਾ ਨੇ ਆਪਣਾ ਅਸਤੀਫਾ ਮਨਜ਼ੂਰ ਕਰਵਾਉਣ ਲਈ ਸਰਕਾਰ ਤੇ ਸਪੀਕਰ ਨੂੰ ਵਾਰ ਵਾਰ ਬੇਨਤੀ ਕੀਤੀਆਂ ਤੇ ਆਖਰਕਾਰ ਉਨ੍ਹਾਂ ਨੇ ਅਸਤੀਫਾ ਮਨਜ਼ੂਰ ਕਰਾਉਣ ਲਈ ਸੁਪਰੀਮ ਕੋਰਟ ਦੀ ਧਮਕੀ ਵੀ ਦੇ ਦਿੱਤੀ ਉੱਥੇ ਦੂਜੇ ਪਾਸੇ ਇਨ੍ਹਾਂ ਨੇ ਆਪ ਖੁਦ ਤਾਂ ਆਪਣਾ ਅਸਤੀਫਾ ਮਨਜ਼ੂਰ ਕਰਾਉਣ ਲਈ ਸਰਕਾਰ ‘ਤੇ ਕੀ ਦਬਾਅ ਪਾਉਣਾ ਸੀ, ਇਹ ਲੋਕ ਉਸ ਵੇਲੇ ਵੀ ਚੁੱਪ ਰਹੇ ਜਦੋਂ ਫੂਲਕਾ ਨੇ ਰੌਲਾ ਪਾ ਕੇ ਆਪਣਾ ਅਸਤੀਫਾ ਮਨਜ਼ੂਰ ਕਰਵਾ ਲਿਆ। ਇਸ ਤੋਂ ਇਲਾਵਾ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਨਾ ਸਿਰਫ ਆਪਣੀ ਪਾਰਟੀ ਬਦਲ ਲਈ ਬਲਕਿ ‘ਆਪ’ ਵਿਧਾਇਕ ਰਹਿੰਦਿਆਂ ਪੰਜਾਬ ਏਕਤਾ ਪਾਰਟੀ ਵੱਲੋਂ ਲੋਕ ਸਭਾ ਚੋਣ ਵੀ ਲੜ ਲਈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ‘ਆਪ’ ਦੀ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ। ਇਹ ਸਾਰੇ ਉਹ ਮਾਮਲੇ ਹਨ ਜਿਹੜੇ ਇਨ੍ਹਾਂ ‘ਆਪ’ ਵਿਧਾਇਕਾਂ ਦੀ ਨੈਤਕਿਤਾ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਵਿੱਚੋਂ ਬਗਾਵਤ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਤੇ ਜਦੋਂ ਖਹਿਰਾ ਨੇ ਹਲਕਾ ਬਠਿੰਡਾ ਤੋਂ ਤੇ ਮਾਸਟਰ ਬਲਦੇਵ ਸਿੰਘ ਨੇ ਹਲਕਾ ਫਰੀਦਕੋਟ ਤੋਂ ਚੋਣ ਲੜੀ ਤਾਂ ਉਸ ਵੇਲੇ ਖਹਿਰਾ ਨੇ ਤਾਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਪਰ ਮਾਸਟਰ ਬਲਦੇਵ ਸਿੰਘ ਅੱਜ ਤੱਕ ਚੁੱਪ ਹਨ। ਇਸੇ ਤਰ੍ਹਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਹਲਕਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕੀਤੀ ਤਾਂ ਇਨ੍ਹਾਂ ਦੋਵਾਂ ਨੇ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਆਪੋ ਆਪਣੇ ਅਸਤੀਫੇ ਸੌਂਪ ਦਿੱਤੇ ਸਨ। ਪਰ 3 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਸਪੀਕਰ ਨੇ ਨਾ ਤਾਂ ਇਨ੍ਹਾਂ ਵਿਧਾਇਕਾਂ ਦੇ ਅਸਤੀਫੇ ਦੀ ਮਨਜ਼ੂਰ ਕੀਤੇ ਹਨ ਤੇ ਨਾ ਹੀ ਇਨ੍ਹਾਂ ਵਿਧਾਇਕਾਂ ਵੱਲੋਂ ਹੀ ਆਪਣੇ ਅਸਤੀਫੇ ਮਨਜ਼ੂਰ ਕਰਾਉਣ ਲਈ ਫੂਲਕਾ ਵਾਲਾ ਰਾਹ ਅਖਤਿਆਰ ਕੀਤਾ ਹੈ। ਅਜਿਹੇ ਵਿੱਚ ਇਨ੍ਹਾਂ ‘ਆਪ’ ਵਿਧਾਇਕਾਂ ‘ਤੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ।

ਇਸ ਸਬੰਧ ਵਿੱਚ ਜਦੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਹਿਲਾਂ ਤਾਂ ਗਲੋਬਲ ਪੰਜਾਬ ਟੀ.ਵੀ. ਦੇ ਦਫਤਰ  ਵਿੱਚ ਆ ਕੇ ਜਵਾਬ ਦੇਣ ਦੀ ਗੱਲ ਆਖੀ ਤੇ ਜਦੋਂ ਉਨ੍ਹਾਂ ਨੂੰ ਗਲੋਬਲ ਪੰਜਾਬ ਟੀ.ਵੀ ਦੇ ਦਫਤਰ ਵਿੱਚ ਆਉਣ ਦਾ ਸੱਦਾ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸਪੀਕਰ ਅਤੇ ਸਰਕਾਰ ਉੱਤੇ ਆਪਣਾ ਅਸਤੀਫਾ ਮਨਜ਼ੂਰ ਕਰਵਾਉਣ ਲਈ ਫੂਲਕਾ ਵਾਂਗ ਦਬਾਅ ਨਾ ਪਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ “ ਮੈਨੂੰ ਜਦੋਂ ਸਪੀਕਰ ਆਪਣਾ ਪੱਖ ਰੱਖਣ ਲਈ ਬੁਲਾਉਣਗੇ ਤਾਂ ਮੈ ਉੱਥੇ ਉਨ੍ਹਾਂ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖ ਦਿਆਂਗਾ” ਪੱਤਰਕਾਰ ਵੱਲੋਂ ਸੰਦੋਆ ਤੋਂ ਜਦੋਂ 3 ਮਹੀਨੇ ਬੀਤ ਜਾਣ ਦੇ ਬਾਵਜੂਦ ਸਪੀਕਰ ‘ਤੇ ਪੱਖ ਨਾ ਸੁਣੇ ਜਾਣ ਸਬੰਧੀ ਦਬਾਅ ਨਾ ਪਾਏ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਉਸੇ ਗੱਲ ‘ਤੇ ਅੜੇ ਰਹੇ ਕਿ ਜਦੋਂ ਸਪੀਕਰ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਆਪਣਾ ਪੱਖ ਰੱਖਣ ਲਈ ਜਰੂਰ ਜਾਣਗੇ ਤੇ ਉਨ੍ਹਾਂ ਨੂੰ ਸਪੀਕਰ ਨੇ 20 ਤਾਰੀਖ ਨੂੰ ਪੱਖ ਰੱਖਣ ਵਾਸਤੇ ਬੁਲਾਇਆ ਹੈ ਇਸ ਤੋਂ ਬਾਅਦ ਹੀ ਉਹ ਅੱਗੇ ਕੁਝ ਦੱਸ ਪਾਉਣਗੇ।

ਉੱਧਰ ਦੂਜੇ ਪਾਸੇ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਨੂੰ ਵੀ ਕਈ ਮਹੀਨੇ ਬੀਤ ਚੁਕੇ ਸਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਫੂਲਕਾ ਦੇ ਅਸਤੀਫੇ ‘ਤੇ ਕੋਈ ਫੈਸਲਾ ਨਹੀਂ ਲਿਆ ਸੀ। ਸ਼ਾਇਦ ਇਹੋ ਕਾਰਨ ਸੀ ਕਿ ਫੂਲਕਾ ਨੂੰ ਆਪਣਾ ਅਸਤੀਫਾ ਮਨਜ਼ੂਰ ਕਰਵਾਉਣ ਲਈ ਸਪੀਕਰ ਨੂੰ ਸੁਪਰੀਮ ਕੋਰਟ ਜਾਣ ਦੀ ਧਮਕੀ ਦੇਣੀ ਪਈ। ਅਜਿਹੇ ਵਿੱਚ ਉਹ ਵਿਧਾਇਕ ਜਿਨ੍ਹਾਂ ਨੂੰ 3 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਆਪਣਾ ਪੱਖ ਰੱਖਣ ਲਈ ਸਪੀਕਰ ਵੱਲੋਂ ਬੁਲਾਇਆ ਹੀ ਨਾ ਗਿਆ ਹੋਵੇ ਉਨ੍ਹਾਂ ਦਾ ਅਸਤੀਫਾ ਜਲਦ ਮਨਜ਼ੂਰ ਹੋ ਜਾਵੇਗਾ ਇਸ ‘ਤੇ ਸਵਾਲੀਆ ਨਿਸ਼ਾਨ ਲੱਗਣੇ ਲਾਜ਼ਮੀ ਹਨ।

- Advertisement -

ਇਸ ਤੋਂ ਇਲਾਵਾ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਨੇ ਸੁਖਪਾਲ ਸਿੰਘ ਖਹਿਰਾ ਨਾਲ ਵੀ 2 ਵਾਰ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਉਨ੍ਹਾਂ ਦੇ ਪੀਏ ਨੇ ਫੋਨ ਚੁੱਕ ਕੇ ਇਹ ਕਹਿ ਦਿੱਤਾ ਕਿ ਖਹਿਰਾ ਸਾਬ੍ਹ ਵਿਅਸਤ  ਹਨ, ਵਿਹਲੇ ਹੁੰਦੇ ਹੀ ਤੁਹਾਡੇ ਨਾਲ ਗੱਲ ਕਰਨਗੇ ਤੇ ਪੱਤਰਕਾਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦੇ ਵਿਹਲੇ ਹੋਣ ਦਾ ਇੰਤਜਾਰ ਕਰਦਾ ਰਿਹਾ ਤੇ ਵਾਅਦਾ ਹੈ ਕਿ ਜੇਕਰ ਖਹਿਰਾ ਨਾਲ ਸੰਪਰਕ ਹੋਇਆ ਤਾਂ ਇਸੇ ਖਬਰ ਵਿੱਚ ਉਨ੍ਹਾਂ ਦੇ ਪੱਖ ਤੋਂ ਵੀ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਵੇਗਾ।

Share this Article
Leave a comment