ਫਤਹਿਵੀਰ ਦੇ ਮਾਮਲੇ ‘ਚ ਆਹ ਕੀ ਕਹਿਤਾ ਸੁਖਜਿੰਦਰ ਰੰਧਾਵਾ ਨੇ, ਪੀੜਤ ਪਰਿਵਾਰ ਨਰਾਜ਼ !

TeamGlobalPunjab
4 Min Read

ਗੁਰਦਾਸਪੁਰ : ਇੱਕ ਪਾਸੇ ਜਿੱਥੇ ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ ਧਰਤੀ ਹੇਠ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਫਸੇ 3 ਸਾਲਾ ਮਾਸੂਮ ਬੱਚੇ ਫਤਹਿਵੀਰ ਨੂੰ ਬਚਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਦਿਨ ਰਾਤ ਇੱਕ ਕਰ ਰੱਖਿਆ ਹੈ, ਜਿੱਥੇ ਲੋਕ ਮੌਤ ਦੇ ਮੂੰਹ ‘ਚ ਫਸੇ ਫਤਹਿਵੀਰ ਦੀ ਜਿੰਦਗੀ ਬਖਸ਼ਣ ਲਈ ਪਰਮ ਪਿਤਾ ਪ੍ਰਮੇਸ਼ਵਰ ਅੱਗੇ ਅਰਦਾਸਾਂ ਕਰ ਰਹੇ ਹਨ, ਜਿੱਥੇ ਦੁੱਖ ਦੀ ਇਸ ਘੜੀ ਵਿੱਚ ਪੀੜਤ ਮਾਂ ਬਾਪ ਨੂੰ ਹਰ ਕੋਈ ਹੌਂਸਲਾ ਦੇ ਰਿਹਾ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਕਹਿ ਕੇ ਲੋਕਾਂ ਦਾ ਧਿਆਨ ਮੱਲੋਂ ਮੱਲੀ ਆਪਣੇ ਵੱਲ ਖਿੱਚ ਲਿਆ ਹੈ ਕਿ ਜਿਹੜੇ ਲੋਕਾਂ ਦੇ ਬੋਰਵੈੱਲਾਂ ਅੰਦਰ ਡਿੱਗ ਕੇ ਲੋਕਾਂ ਦੀ ਮੌਤ ਹੋ ਜਾਂਦੀ ਹੈ, ਉਸ ਮਾਮਲੇ ਵਿੱਚ ਸਰਕਾਰ ਨੂੰ ਬੋਰਵੈੱਲ ਪੁੱਟਣ ਵਾਲਿਆਂ ਦੇ ਖਿਲਾਫ ਕਤਲ ਦਾ ਮੁਕੱਦਮਾਂ ਦਰਜ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਜਿਸ ਬੋਰਵੈੱਲ ਵਿੱਚ ਫਤਹਿਵੀਰ ਇਸ ਵੇਲੇ ਡਿੱਗ ਕੇ ਫਸਿਆ ਹੋਇਆ ਹੈ ਉਹ ਫਤਹਿਵੀਰ ਦੇ ਪਿਤਾ ਨੇ ਖੁਦਵਾਇਆ ਸੀ। ਲਿਹਾਜਾ ਰੰਧਾਵਾ ਵੱਲੋਂ ਦਿੱਤੇ ਗਏ ਬਿਆਨ ‘ਤੇ ਲੋਕਾਂ ਨੇ ਇਹ ਕਹਿ ਕੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਹੈ, ਕਿ ਇਹ ਪੀੜਤਾਂ ਦੇ ਜਖਮਾਂ ‘ਤੇ ਨੂਣ ਭੁੱਕਣ ਦੇ ਬਰਾਬਰ ਹੈ।

ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਇਹ ਬੜਾ ਮੰਦਭਾਗਾ ਹੈ ਕਿ ਬੋਰਵੈੱਲ ‘ਚ ਡਿੱਗਣ ਵਰਗੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਹੀ ਵੱਧ ਵਾਪਰਦੀਆਂ ਹਨ, ਜਦਕਿ ਬਾਹਰਲੇ ਮੁਲਕਾਂ ਵਿੱਚ ਅਜਿਹੀਆਂ ਘਟਨਾਵਾਂ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਇਹ ਚਾਹੀਦਾ ਹੈ ਕਿ ਜਿਹੜੇ ਬੋਰਵੈੱਲ ਨਹੀਂ ਚੱਲ ਰਹੇ, ਉਨ੍ਹਾਂ ਨੂੰ ਸਹੀ ਢੰਗ ਨਾਲ ਬੰਦ ਕੀਤਾ ਜਾਵੇ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ ਕਿ ਉਹ ਅਜਿਹੇ ਬੋਰਵੈੱਲਾਂ ਨੂੰ ਢਕੇ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਆਮ ਤੌਰ ‘ਤੇ ਲੋਕ ਇਹ ਕਰਦੇ ਹਨ ਕਿ ਇਹੋ ਜਿਹੇ ਬੋਰਵੈੱਲਾਂ ਨੂੰ ਢਕਣ ਲਈ ਉੱਤੇ ਬੋਰੀ ਰੱਖ ਦਿੰਦੇ ਹਨ ਤੇ ਇਸੇ ਬੋਰੀ ਨਾਲ ਢਕੇ ਹੋਏ ਬੋਰਵੈੱਲ ਅੰਦਰ ਹੀ ਫਤਹਿਵੀਰ ਵਾਲਾ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹ ਅਜਿਹਾ ਕਨੂੰਨ ਬਣਾਵੇ ਕਿ ਜਿਸ ਦੇ ਬੋਰਵੈੱਲ ਵਿੱਚ ਕੋਈ ਡਿੱਗਦਾ ਹੈ ਉਸ ‘ਤੇ ਹੱਤਿਆ ਦਾ ਪਰਚਾ  ਦਰਜ ਕੀਤਾ ਜਾਵੇ, ਤਾਂ ਕਿ ਲੋਕ ਇਸ ਵੱਲ ਧਿਆਨ ਦੇਣ। ਉਨ੍ਹਾਂ ਮੰਗ ਕੀਤੀ ਕਿ ਅਜਿਹਾ ਕਨੂੰਨ ਬਣਾ ਕੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਹੀ ਅਜਿਹੀਆਂ ਘਟਨਾਵਾਂ ਰੁਕਣਗੀਆਂ। ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਦੇ ਇੰਤਜਾਮ ਕਰਨ ਦੀ ਮੰਗ ਕਰਨ ਦੀ ਬਜਾਏ ਜਿਹੜੇ ਲੋਕਾਂ ਨੇ ਬੋਰਵੈੱਲ ਅਜੇ ਵੀ ਖੁੱਲ੍ਹੇ ਰੱਖੇ ਹਨ, ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਬੋਰਵੈੱਲਾਂ ਦੇ ਮਾਲਕਾਂ ‘ਤੇ ਪਰਚੇ ਕਰਨੇ ਚਾਹੀਦੇ ਹਨ, ਤੇ ਉਨ੍ਹਾਂ ਨੂੰ ਸਖਤ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਣ।

ਬੇਸ਼ੱਕ ਸੁਖਜਿੰਦਰ ਰੰਧਾਵਾ ਨੇ ਖੁੱਲ੍ਹੇ ਬੋਰਵੈੱਲਾਂ ਦੇ ਮਾਲਕਾਂ ਨੂੰ ਆਪਣੇ ਬੋਰਵੈੱਲ ਬੰਦ ਕਰਨ ਦੀ ਇਹ ਚੇਤਾਵਨੀ ਭਰਿਆ ਬਿਆਨ ਦਿੱਤਾ ਹੈ ਤਾਂ ਕਿ ਭਵਿੱਖ ਵਿੱਚ ਫਤਹਿਵੀਰ ਵਰਗੇ ਹੋਰ ਬੱਚੇ ਮੌਤ ਦੇ ਮੂੰਹ ਵਿੱਚ ਨਾ ਜਾ ਪੈਣ, ਪਰ ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਜਦੋਂ ਆਇਆ ਹੈ, ਜਦੋਂ ਸਾਰੀ ਦੁਨੀਆਂ ਦਾ ਧਿਆਨ ਫਤਹਿਵੀਰ ਦੀ ਜਾਨ ਬਚਾਉਣ ਅਤੇ ਉਸ ਦੇ ਮਾਪਿਆਂ ਨੂੰ ਦਿਲਾਸਾ ਦੇਣ ਵੱਲ ਲੱਗਾ ਹੋਇਆ ਹੈ। ਅਜਿਹੇ ਵਿੱਚ ਲੋਕਾਂ ਨੇ ਰੰਧਾਵਾ ਦੇ  ਇਸ ਬਿਆਨ ਨੂੰ ਫਤਹਿਵੀਰ ਦੇ ਪਿਤਾ ਵਿਰੁੱਧ ਪਰਚਾ ਦਰਜ ਕਰਨ ਦੀ ਧਮਕੀ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਰੰਧਾਵਾ ਆਪਣੇ ਇਸ ਬਿਆਨ ‘ਤੇ ਸਫਾਈ ਦਿੰਦੇ ਹਨ ਜਾਂ ਲੋਕ ਰੰਧਾਵਾ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਕੇ ਸੜਕਾਂ ‘ਤੇ ਹਾਏ ਹਾਏ ਕਰਦੇ ਹਨ। ਵੈਸੇ ਦੇਖਿਆ ਜਾਵੇ ਤਾਂ ਰੰਧਾਵਾ ਨੇ ਗੱਲ ਉਨ੍ਹਾਂ ਬੋਰਵੈੱਲ ਮਾਲਕਾਂ ਨੂੰ ਬੋਰ ਬੰਦ ਕਰਨ ਦੀ ਚੇਤਾਵਨੀ ਵਾਂਗ ਆਖੀ ਸੀ। ਪਰ ਲੋਕ ਨੇ ਕਿਹੜੀ ਗੱਲ ਨੂੰ ਕੀ ਦਾ ਕੀ ਬਣਾ ਕੇ ਕੀ ਸੋਚਣ ਲੱਗ ਪੈਣ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

- Advertisement -

Share this Article
Leave a comment