ਕੁਲਵੰਤ ਸਿੰਘ
ਚੰਡੀਗੜ੍ਹ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਲਈ ਬਾਦਲਾਂ ਦੇ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਸਵਾਲਾਂ ‘ਚ ਘਿਰੇ ਹੋਣ ਅਤੇ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਦੋ ਧੜ੍ਹਿਆਂ ਵਿੱਚ ਵੰਡੇ ਹੋਣ ਦੀ ਖੁਸ਼ੀ ਅਤੇ ਜਿੱਤ ਦੀ ਆਸ ਲੈ ਕੇ ਆਈਆਂ ਹਨ, ਉੱਥੇ ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੂੰ ਇਹ ਖੁਸ਼ੀ ਉਸ ਵੇਲੇ ਗਾਇਬ ਹੁੰਦੀ ਦਿਖਾਈ ਦਿੱਤੀ, ਜਦੋਂ ਚੋਣਾਂ ਦੇ ਇਸ ਮਾਹੌਲ ਵਿੱਚ ਸੂਬੇ ਦੀਆਂ 13 ਸੀਟਾਂ ‘ਤੇ ਪਾਰਟੀ ਦੇ ਕੁੱਲ 201 ਉਮੀਦਵਾਰਾਂ ਨੇ ਚੋਣ ਲੜਨ ਲਈ ਦਾਅਵੇਦਾਰੀਆਂ ਠੋਕ ਦਿੱਤੀਆਂ। ਹਾਲਾਤ ਇਹ ਹਨ ਕਿ ਲਗਭਗ ਸਾਰੀਆਂ ਹੀ ਸੀਟਾਂ ‘ਤੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਕਾਂਗਰਸੀ ਆਗੂਆਂ ਨੇ ਦਾਅਵੇਦਾਰੀਆਂ ਠੋਕੀਆਂ ਹਨ, ਤੇ ਮਾਹਰ ਇਹ ਦਾਅਵਾ ਕਰਦੇ ਹਨ ਕਿ ਜਦੋਂ 201 ਵਿੱਚੋਂ 13 ਉਮੀਦਵਾਰਾਂ ਨੂੰ ਟਿਕਟਾਂ ਦਾ ਐਲਾਨ ਹੋਇਆ, ਉਸ ਤੋਂ ਬਾਅਦ ਬਾਕੀ ਬਚਦੇ 188 ਦਾਅਵੇਦਾਰਾਂ ‘ਚੋਂ ਜਿਆਦਾਤਰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਬਗਾਵਤ ਦਾ ਰਾਹ ਨਹੀਂ ਅਪਣਾਉਣਗੇ, ਇਹ ਹੋਣਾ ਸੰਭਵ ਨਹੀਂ ਹੈ। ਅਜਿਹੇ ਵਿੱਚ ਜੇਕਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਆਗੂਆਂ ਨੂੰ ਚੋਣਾਂ ਦੌਰਾਨ ਬਾਗੀ ਸੁਰ ਅਪਣਾਉਣ ‘ਤੇ ਬਾਹਰ ਦਾ ਰਸਤਾ ਦਿਖਾਉਣ ਦੀ ਧਮਕੀ ‘ਤੇ ਅਮਲ ਕਰਨਾ ਪਿਆ, ਤਾਂ ਵੇਖਣਾ ਇਹ ਹੋਵੇਗਾ ਕਿ ਉਹ ਕਿਸ ਕਿਸ ਨੂੰ ਬਾਹਰ ਕੱਢਣਗੇ?
ਕਾਂਗਰਸੀ ਸਫਾਂ ਤੋਂ ਨਿੱਕਲ ਕੇ ਬਾਹਰ ਆਈਆਂ ਜਾਣਕਾਰੀਆਂ ਅਨੁਸਾਰ ਪਾਰਟੀ ਦੇ ਟਿਕਟ ਦਾਅਵੇਦਾਰਾਂ ਦੀ ਲਿਸਟ ਨੂੰ ਪੁਣ-ਛਾਣ ਕੇ ਹਾਈ ਕਮਾਂਡ ਕੋਲੋ ਭੇਜਿਆ ਜਾ ਚੁਕਿਆ ਹੈ, ਤੇ ਹੁਣ ਕਿਸ ਨੂੰ ਟਿਕਟ ਦੇਣੀ ਹੈ ਤੇ ਕਿਸ ਨੂੰ ਨਹੀਂ ਇਹ ਫੈਸਲਾ ਹਾਈ ਕਮਾਂਡ ਦੇ ਹੱਥ ਵਿੱਚ ਹੈ। ਸੂਤਰਾਂ ਅਨੁਸਾਰ ਸੂਬੇ ਦੀਆਂ 13 ਵਿੱਚੋਂ ਜਿਸ ਸੀਟ ‘ਤੇ ਸਭ ਤੋਂ ਵੱਧ ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਠੋਕੀ ਹੈ ਉਹ ਹੈ ਫਰੀਦਕੋਟ ਸੀਟ, ਜਿੱਥੋਂ ਕੁੱਲ 31 ਕਾਂਗਰਸੀ ਉਮੀਦਵਾਰ ਚੋਣ ਲੜਨ ਦੀ ਆਸ ਲਾਈ ਬੈਠੇ ਹਨ। ਇਸ ਸੀਟ ਦਾ ਚੋਣ ਇਤਿਹਾਸ ਕਹਿੰਦਾ ਹੈ ਕਿ ਪਿਛਲੇ ਸਮੇਂ ਦੌਰਾਨ ਇੱਥੇ ਸਭ ਤੋਂ ਵੱਧ 6 ਵਾਰ ਸ਼੍ਰੋਮਣੀ ਅਕਾਲੀ ਦਲ, 3 ਵਾਰ ਕਾਂਗਰਸ, 1 ਵਾਰ ਮਾਨ ਅਕਾਲੀ ਦਲ ਅਤੇ ਪਿਛਲੀ ਵਾਰ ਸਾਲ 2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਜਿੱਤ ਹਾਸਲ ਕਰ ਚੁਕੇ ਹਨ। ਯਾਨੀਕਿ ਫਰੀਦਕੋਟ ਤੋਂ ਜਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀ ਜੇਤੂ ਰਹੇ ਹਨ। ਪਰ ਪਿਛਲੀ ਵਾਰ ਸੂਬੇ ਵਿੱਚ ਆਪ ਦੀ ਹਵਾ ਹੋਣ ਕਾਰਨ ਇੱਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਭਰੋਸਾ ਕਰਕੇ ਸਾਧੂ ਸਿੰਘ ਨੂੰ ਜਿਤਵਾਇਆ, ਪਰ ਕੁਝ ਚਿਰ ਬਾਅਦ ਹੀ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੂੰ ‘ਆਪ’ ਨੇ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ, ਤੇ ਸਾਧੂ ਸਿੰਘ ਨੇ ਅਣਦੱਸੇ ਕਾਰਨਾ ਕਾਰਨ ਕਈ ਚਿਰ ਚੁੱਪੀ ਧਾਰੀ ਰੱਖੀ। ਉਨ੍ਹਾਂ ‘ਤੇ ਹਲਕੇ ਵਿੱਚ ਬਹੁਤਾ ਕੰਮ ਨਾ ਕਰਵਾਉਣ ਦੇ ਦੋਸ਼ ਵੀ ਆਮ ਲੱਗੇ। ਲਿਹਾਜਾ ਇਸ ਵਾਰ ਨਾ ਸਿਰਫ ਫਰੀਦਕੋਟ ਸੀਟ ‘ਤੇ ਕਾਂਗਰਸ ਦੇ ਵੱਧ ਲੋਕਾਂ ਨੇ ਦਾਅਵੇਦਾਰੀ ਠੋਕੀ ਬਲਕਿ ਫਤਹਿਗੜ੍ਹ ਸਾਹਿਬ ਤੋਂ ਵੀ 27 ਦਾਅਵੇਦਾਰਾਂ ਨੇ ਚੋਣ ਲੜਨ ਦੀ ਇੱਛਾ ਜਤਾ ਕੇ ‘ਆਪ’ ਵਾਲਿਆਂ ਦੀ ਆਪਸੀ ਫੁੱਟ ਦਾ ਲਾਹਾ ਲੈਣ ਦੇ ਸੰਕੇਤ ਸਾਫ ਤੌਰ ‘ਤੇ ਦੇ ਦਿੱਤੇ। ਸਿਰਫ ਪਟਿਆਲਾ ਤੋਂ ਹੀ ਕਾਂਗਰਸ ਦੇ 2 ਉਮੀਦਵਾਰਾਂ ਨੇ ਦਾਅਵੇਦਾਰੀਆਂ ਠੋਕੀਆਂ ਹਨ ਜਿਨ੍ਹਾਂ ਵਿੱਚ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਇੱਥੋਂ 3 ਵਾਰ ਲੋਕ ਸਭਾ ਮੈਂਬਰ ਚੁਣੀ ਜਾ ਚੁਕੀ ਮਹਾਰਾਣੀ ਪਰਨੀਤ ਕੌਰ ਦਾ ਨਾਮ ਸ਼ਾਮਲ ਹੈ। ਇੱਥੋਂ ਕਾਂਗਰਸੀ ਉਮੀਦਵਾਰਾਂ ਵੱਲੋਂ ਘੱਟ ਦਾਅਵੇਦਾਰੀਆਂ ਦਾ ਕਾਰਨ ਇੱਕੋਂ ਹੈ ਕਿ ਇੱਕ ਤਾਂ ਮਹਾਰਾਣੀ ਪਰਨੀਤ ਕੌਰ ਇੱਥੋਂ 3 ਵਾਰ ਜੇਤੂ ਰਹਿ ਚੁਕੇ ਹਨ ਤੇ ਦੂਜਾ ਉਹ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹਨ, ਜਿਨ੍ਹਾਂ ਖਿਲਾਫ ਜਾਣ ਦੀ ਹਿੰਮਤ ਸ਼ਾਇਦ ਹੀ ਕੋਈ ਕਰ ਪਾਉਂਦਾ ਹੋਵੇ। ਅਜਿਹੇ ਹੀ ਹਲਾਤ ਗੁਰਦਾਸਪੁਰ ਸੀਟ ‘ਤੇ ਵੀ ਹਨ ਜਿੱਥੇ ਮੌਜੂਦਾ ਸੰਸਦ ਮੈਂਬਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹਨ, ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਆਪਣੇ ਪ੍ਰਧਾਨ ਅਤੇ ਪਿਛਲੀ ਵਾਰ ਇੱਥੋਂ ਜੇਤੂ ਰਹਿ ਚੁਕੇ ਸੁਨੀਲ ਜਾਖੜ ਵਿਰੁੱਧ ਜਾਣ ਦੀ ਵੀ ਹਿੰਮਤ ਬਹੁਤੇ ਕਾਂਗਰਸੀ ਆਗੂਆਂ ਨੇ ਨਹੀਂ ਵਿਖਾਈ।
ਸੂਬੇ ਦੀਆਂ ਜਿਹੜੀਆਂ ਹੋਰ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਨੇ ਦਾਅਵੇਦਾਰੀਆਂ ਠੋਕੀਆਂ ਸਨ ਉਨ੍ਹਾਂ ਵਿੱਚ ਅਨੰਦਪੁਰ ਸਾਹਿਬ ਸੀਟ ਤੋਂ 26, ਹੁਸ਼ਿਆਰਪੁਰ ਤੋਂ 17, ਖਡੂਰ ਸਾਹਿਬ ਤੋਂ 21, ਅੰਮ੍ਰਤਿਸਰ ਤੋਂ 13, ਬਠਿੰਡਾ ਤੋਂ 14, ਸੰਗਰੂਰ ਤੋਂ 14, ਫਿਰੋਜ਼ਪੁਰ 15, ਲੁਧਿਆਣਾ ਤੋਂ 9, ਅਤੇ ਜਲੰਧਰ ਤੋਂ ਵੀ 9 ਉਮੀਦਵਾਰਾਂ ਨੇ ਚੋਣ ਲੜਨ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਗੱਲ ਤੋਂ ਸੂਬੇ ਦੀ ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਹਾਈ ਕਮਾਂਡ ਵੀ ਭਲੀ ਭਾਂਤ ਜਾਣੂ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਦਾਅਵੇਦਾਰੀਆਂ ਠੋਕੀਆਂ ਹਨ, ਜੇਕਰ ਉਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ ਤਾਂ ਉਹ ਚੋਣਾਂ ਦੌਰਾਨ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ। ਪਿਛਲਾ ਇਤਿਹਾਸ ਗਵਾਹ ਹੈ ਜਦੋਂ ਜਦੋਂ ਪਾਰਟੀ ਨੇ ਟਿਕਟਾਂ ਦੀ ਦਾਅਵੇਦਾਰੀ ਕਰਨ ਵਾਲੇ ਉਮੀਦਵਾਰਾਂ ਨੂੰ ਨਿਰਾਸ਼ ਕੀਤਾ ਹੈ, ਉਦੋਂ ਉਦੋਂ ਨਿਰਾਸ਼ ਆਗੂਆਂ ਨੇ ਜਾਂ ਤਾਂ ਹੋਰਾਂ ਪਾਰਟੀਆਂ ਵਿੱਚ ਸ਼ਮੂਲੀਅਤ ਕੀਤੀ ਹੈ, ਤੇ ਜਾਂ ਫਿਰ ਉਨ੍ਹਾਂ ਨੇ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਹੈ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਮਿਲਿਆ ਕਿ ਨਾਰਾਜ਼ ਦਾਅਵੇਦਾਰਾਂ ਨੇ ਅੰਦਰ ਖਾਤੇ ਵਿਰੋਧੀ ਉਮੀਦਵਾਰਾਂ ਦੀ ਮਦਦ ਵੀ ਕੀਤੀ ਸੀ। ਅਜਿਹੇ ਦਾਅਵੇਦਾਰ ਉਸ ਪਾਰਟੀ ਦੇ ਵੋਟ ਬੈਂਕ ਨੂੰ ਹੀ ਖੋਰਾ ਲਾਉਂਦੇ ਹਨ, ਜਿਸ ਪਾਰਟੀ ਦੀ ਟਿਕਟ ਤੋਂ ਉਹ ਚੋਣ ਲੜਨ ਦੀ ਉਮੀਦ ਲਾਈ ਬੈਠੇ ਹੁੰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਇੰਨੇ ਦਾਅਵੇਦਾਰਾਂ ਦੀ ਨਬਜ਼ ਟੋਹਣ ਤੋਂ ਬਾਅਦ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਵੀ ਆਉਂਦੀਆਂ ਚੋਣਾਂ ਵਿੱਚ ਵਿਰੋਧੀ ਸੁਰ ਅਪਣਾਏਗਾ ਉਸ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ 201 ਵਿੱਚੋਂ 13 ਦਾਅਵੇਦਾਰਾਂ ਨੂੰ ਪਾਰਟੀ ਟਿਕਟ ਮਿਲਣ ਤੋਂ ਬਾਅਦ ਬਾਕੀ ਬਚਦੇ 188 ਦਾਅਵੇਦਾਰਾਂ ਵਿੱਚੋਂ ਕਿੰਨੇ ਬਗਾਵਤੀ ਸੁਰ ਅਪਣਾਉਂਦੇ ਹਨ ਤੇ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਮਨਾ ਲਿਆ ਜਾਂਦਾ ਹੈ ਤੇ ਜਿਹੜੇ ਨਹੀਂ ਮੰਨੇ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਇਸ ਤੋਂ ਬਾਅਦ ਹੀ ਇਹ ਜੋੜ ਘਟਾਓ ਕੀਤੇ ਜਾ ਸਕਣਗੇ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਹਨ ਤੇ ਕਿਸ ਦੀ ਚੋਣ ਬੇੜੀ ਡੁੱਬਣ ਵਾਲੀ ਹੈ।