ਪੌਸ਼ਟਿਕ ਨਾਸ਼ਤਾ – ਬੱਚਿਆਂ ਲਈ ਸਿਹਤਮੰਦ ਜੀਵਨ ਦੀ ਨੀਂਹ

TeamGlobalPunjab
10 Min Read

ਨਿਊਜ਼ ਡੈਸਕ (ਅਵਨੀਤ ਕੌਰ ਅਹੂਜਾ ਅਤੇ ਮਨੀਸ਼ਾ ਭਾਟੀਆ) : ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਦਾ ਬਹੁਤ ਮਹੱਤਵ ਹੈ। ਵੈਸੇ ਤਾਂ ਜ਼ਿੰਦਗੀ ਦੇ ਹਰ ਪੜਾਅ ਅਤੇ ਹਰ ਉਮਰ ਵਿੱਚ ਪੌਸ਼ਟਿਕ ਖੁਰਾਕ ਦਾ ਹੋਣਾ ਲਾਜ਼ਮੀ ਹੈ, ਪਰ ਸਿਹਤਮੰਦ ਜੀਵਨ ਦੀ ਵਧੀਆ ਨੀਂਹ ਲਈ ਬੱਚਿਆਂ ਦੀ ਖੁਰਾਕ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਨਾਸ਼ਤੇ ਤੋਂ ਪੂਰੇ ਦਿਨ ਦੀ ਊਰਜਾ ਦਾ ਇਕ ਤਿਹਾਈ ਹਿੱਸਾ ਆਉਣਾ ਚਾਹੀਦਾ ਹੈ। ਰਾਤ ਦੇ ਖਾਣੇ ਤੋਂ 8-10 ਘੰਟੇ ਦੇ ਵਕਫ਼ੇ ਤੋਂ ਬਾਅਦ ਦਿਨ ਦੇ ਕੰਮਕਾਜ ਨੂੰ ਸ਼ੁਰੂ ਕਰਨ ਲਈ ਸਾਡੇ ਸਰੀਰ ਅਤੇ ਦਿਮਾਗ ਨੂੰ ਉਰਜਾ ਦੀ ਲੋੜ ਹੁੰਦੀ ਹੈ। ਨਾਸ਼ਤਾ ਕੀਤੇੇ ਬਿਨਾਂ ਜੇ ਤੁਸੀਂ ਸਰੀਰ ਨੂੰ ਚਲਾਉਣਾ ਚਾਹੋਗੇ ਤਾਂ ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਅਸੀਂ ਬਿਨਾ ਤੇਲ ਜਾਂ ਪੈਟਰੋਲ ਤੋਂ ਗੱਡੀ ਚਲਾਉਣ ਦੀ ਕੋਸ਼ਿਸ ਕਰੀਏ।ਸਵੇਰੇ ਉੱਠਣ ਵੇਲੇ ਸਾਡੇ ਸ਼ਰੀਰ ਵਿੱਚ ਗੁਲੂਕੋਜ਼ ਦਾ ਪੱਧਰ ਵੀ ਘੱਟ ਹੁੰਦਾ ਹੈ। ਨਾਸ਼ਤਾ ਸ਼ਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਜਿਵੇਂ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਕਾਰਬੋਜ਼ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦਾ ਹੈ।ਇਹ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ ਅਤੇ ਦਿਨ ਦੀ ਵਧੀਆ ਸ਼ੁਰੂਆਤ ਲਈ ਊਰਜਾ ਦਿੰਦਾ ਹੈ।ਇਸ ਲਈ ਬੱਚਿਆਂ ਨੂੰ ਪੌਸ਼ਟਿਕ ਨਾਸ਼ਤਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।

ਨਾਸ਼ਤਾ ਨਾ ਕਰਨ ਵਾਲੇ ਬੱਚਿਆਂ ਦੀ ਪੜ੍ਹਾਈ ਵਿੱਚ ਇਕਾਗਰਤਾ ਘੱਟਦੀ ਹੈ, ਯਾਦਾਸ਼ਤ ਕਮਜ਼ੋਰ ਹੁੰਦੀ ਹੈ, ਜਿਸ ਕਾਰਣ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ ਅਤੇ ਇਮਤਿਹਾਨ ਵਿੱਚ ਘੱਟ ਨੰਬਰ ਲਿਆਉਂਦੇ ਹਨ।ਇਹੋ ਜਿਹੇ ਬੱਚੇ ਘੱਟ ਰਚਨਾਤਮਕ ਅਤੇ ਸਰੀਰਕ ਤੌਰ ਤੇ ਕਮਜ਼ੋਰ ਹੁੰਦੇ ਹਨ। ਨਾਸ਼ਤਾ ਨਾ ਕਰਨ ਵਾਲੇ ਬੱਚੇ ਦਿਨ ਵਿੱਚ ਲੋੜ ਤੋਂ ਜ਼ਿਆਦਾ ਖਾ ਲੈਂਦੇ ਹਨ।ਇਸ ਲਈ ਬੱਚਿਆਂ ਨੂੰ ਪੌਸ਼ਟਿਕ ਨਾਸ਼ਤਾ ਜਿਸ ਵਿੱਚ ਸੰਤੁਲਿਤ ਮਾਤਰਾ ਵਿੱਚ ਪ੍ਰੋਟੀਨ, ਵਸਾ, ਊਰਜਾ ਹੋਵੇ ਖਾਣ ਨੂੰ ਦਿਉ।ਨਾਸ਼ਤੇ ਵਿੱਚ ਬੱਚਿਆਂ ਨੂੰ ਦੁੱਧ, ਦਹੀਂ, ਸਾਬਤ ਅਨਾਜ ਤੋਂ ਬਣਿਆ ਦਲੀਆ, ਦਹੀਂ ਨਾਲ ਭਰਵਾਂ ਜਾਂ ਮਿੱਠਾ ਪਰੌਂਠਾ/ਰੋਟੀ ਖਾਣ ਲਈ ਦਿਉ। ਬੱਚਿਆਂ ਨੂੰ ਤਾਜ਼ੇ ਅਤੇ ਮੌਸਮੀ ਫ਼ਲ, ਗਿਰੀਆਂ, ਪੁੰਗਰੀਆਂ ਦਾਲਾਂ ਆਦਿ ਵੀ ਨਾਸ਼ਤੇ ਵਿੱਚ ਦਿੱਤੇ ਜਾ ਸਕਦੇ ਹਨ ਜੋ ਕਿ ਘੱਟ ਊਰਜਾ ਵਾਲੇ, ਐਂਟੀਆੁਕਸੀਡੈਂਟ, ਵਿਟਾਮਿਨ ਅਤੇ ਖਣਿਜ ਪਦਾਰਥਾਂ ਵਿੱਚ ਭਰਪੂਰ ਹੁੰਦਾ ਹੈ।ਇੰਨ੍ਹਾਂ  ਵਿੱਚ ਰੇਸ਼ੇ ਵੀ ਹੁੰਦੇ ਹਨ ਅਤੇ ਬੱਚਿਆਂ ਨੂੰ ਖਾ ਕੇ ਛੇਤੀ ਭੁੱਖ ਨਹੀਂ ਲਗਦੀ ।

ਸਵੇਰ ਦੇ ਨਾਸ਼ਤੇ ਦੇ ਲਾਭ:

1.ਊਰਜਾ ਅਤੇ ਜ਼ਰੂਰੀ ਤੱਤਾਂ ਭਰਪੂਰ: ਨਾਸ਼ਤੇ ਤੋਂ ਵਿਟਾਮਿਨ ‘ਬੀ’, ਫੋਲਿਕ ਐਸਿਡ, ਲੋਹਾ ਅਤੇ ਰੇਸ਼ੇ ਮਿਲਦੇ ਹਨ।ਜਿਹੜੇ ਲੋਕ ਸਵੇਰ ਦਾ ਨਾਸ਼ਤਾ ਕਰਦੇ ਹਨ ਉਨਾਂ੍ਹ ਨੂੰ ਸਿਫਾਰਿਸ਼ ਕੀਤੇ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਪੂਰਤੀ ਇਸ ਤੋਂ ਹੋ ਜਾਂਦੀ ਹੈ।

- Advertisement -

2. ਇਕਾਗਰਤਾ, ਯਾਦ-ਸ਼ਕਤੀ, ਦਿਮਾਗੀ ਚੌਕਸੀ ਵਿੱਚ ਸੁਧਾਰ: ਨਾਸ਼ਤਾ ਨਾ ਕਰਨ ਨਾਲ ਬੱਚੇ ਦੀ ਇਕਾਗਰਤਾ ਘੱਟ ਹੁਦੀ ਹੈ, ਕਿਉਂਕਿ ਦਿਮਾਗ ਨੂੰ ਕੰਮ ਕਰਨ ਲਈ ਲੋੜੀਂਦੀ ਊਰਜਾ ਨਹੀਂ ਮਿਲਦੀ। ਨਾਸ਼ਤਾ ਕਰਨ ਨਾਲ ਪੌਸ਼ਟਿਕ ਤੱਤ ਸਰੀਰ ਅਤੇ ਦਿਮਾਗ ਨੂੰ ਮਿਲਦੇ ਹਨ, ਜਿਸ ਨਾਲ

3.ਭਾਰ ਨੂੰ ਵੱਧਣ ਤੋਂ ਰੋਕੇ: ਜਿਹੜੇ ਬੱਚੇ ਨਿਯਮਿਤ ਤੌਰ ਤੇ ਨਾਸ਼ਤਾ ਕਰਦੇ ਹਨ ਉਹਨਾਂ ਦਾ ਭਾਰ ਜਲਦੀ ਨਹੀਂ ਵੱਧਦਾ, ਕਿਉਂਕਿ ਉਹਨਾਂ ਨੂੰ ਨਾਸ਼ਤੇ ਵਿੱਚੋਂ ਰੇਸ਼ੇ, ਕੈਲਸ਼ੀਅਮ, ਪ੍ਰੋਟੀਨ ਆਦਿ ਜ਼ਰੂਰੀ ਤੱਤ ਮਿਲਦੇ ਹਨ।

ਬੱਚਿਆਂ ਦੇ ਨਾਸ਼ਤੇ ਲਈ ਕੁਝ ਪਕਵਾਨ
1.ਮਿੱਸਾ ਪਰਾਂਠਾ
ਕਣਕ ਦਾ ਆਟਾ :1 ਕੱਪ
ਵੇਸਣ : ਕੱਪ
ਕਸੂਰੀ ਮੇਥੀ :1 ਵੱਡਾ ਚਮਚ
ਦੇਸੀ ਘਿਉ :ਕੱਪ
ਨਮਕ : : ਸਵਾਦ ਅਨੁਸਾਰ
ਅਦਰਕ ਪੇਸਟ :ਛੋਟਾ ਚਮਚ
ਅਜਵਾਇਨ :ਛੋਟਾ ਚਮਚ
ਹਰੀ ਮਿਰਚ :1 (ਬਰੀਕ ਕੱਟੀ)

ਵਿਧੀ:
1.ਇੱਕ ਵੱਡੇ ਬਰਤਨ ਵਿੱਚ ਕਣਕ ਦਾ ਆਟਾ, ਵੇਸਣ, ਕਸੂਰੀ ਮੇਥੀ , ਨਮਕ, ਅਦਰਕ ਪੇਸਟ, ਅਜਵਾਇਨ, ਹਰੀ ਮਿਰਚ ਅਤੇ 2 ਚਮਚ ਦੇਸੀ ਘਿਉ ਪਾਉ ਅਤੇ ਕੋਸੇ ਪਾਣੀ ਨਾਲ ਆਟਾ ਗੁੰਨ ਲਉ।ਆਟੇ ਨੂੰ 10 ਮਿੰਟ ਲਈ ਢੱਕ ਕੇ ਰੱਖ ਦਿਉ।
2.ਆਟੇ ਦੇ ਪੇੜੇ ਕਰ ਕੇ ਪਰਾਂਠੇ ਵੇਲ ਲਉ।ਪਰਾਂਠਿਆਂ ਨੂੰ ਗੋਲ, ਤਿਕੋਣੇ ਜਾਂ ਚੋਕੋਰ ਵੇਲ ਸਕਦੇ ਹੋ।
3.ਤਵਾ ਗਰਮ ਕਰੋ ਅਤੇ ਪਰਾਂਠਿਆਂ ਨੂੰ ਦੋਨੋਂ ਪਾਸਿਆਂ ਤੋਂ ਸੇਕ ਲਉ।ਫਿਰ ਉਨਾਂ ਤੇ ਦੇਸੀ ਘਿਉ ਲਗਾ ਲਉ।
4.ਬਰੈੱਡ ਦਾ ਇੱਕ ਪਾਸਾ ਪੱਕਣ ਤੇ ਦੂਜਾ ਪਾਸਾ ਵੀ ਸੇਕ ਲਉ।
5.ਦਹੀਂ, ਅਚਾਰ ਜਾਂ ਮੱਖਣ ਨਾਲ ਪਰੋਸੋ।

2. ਪੌਸ਼ਟਿਕ ਦਲੀਆ
ਦਲੀਆ : ਕੱਪ
ਕੱਟੀ ਹੋਈ ਗਾਜਰ, ਫਰਾਂਸਬੀਨ : ਕੱਪ
ਟਮਾਟਰ : 1 (ਬਰੀਕ ਕੱਟਿਆ)
ਹਰੀ ਮਿਰਚ :1 (ਬਰੀਕ ਕੱਟੀ)
ਪਿਆਜ਼ :1 (ਬਰੀਕ ਕੱਟਿਆ)
ਧਨੀਆ ਪੱਤੇ: ਥੋੜ੍ਹੇ ਜਿਹੇ
ਦੇਸੀ ਘਿਉ : 1 ਵੱਡਾ ਚਮਚ
ਜੀਰਾ : 1 ਛੋਟਾ ਚਮਚ
ਨਮਕ : ਸਵਾਦ ਅਨੁਸਾਰ
ਪਾਣੀ :2 ਕੱਪ

- Advertisement -

ਵਿਧੀ:
1. ਦਲੀਏ ਨੂੰ ਇੱਕ ਪੈਨ ਵਿੱਚ ਸੁੱਕਾ ਭੁੰਨੋ।
2. ਪ੍ਰੈਸ਼ਰ ਕੁੱਕਰ ਵਿੱਚ ਘਿਉ ਗਰਮ ਕਰੋ ਅਤੇ ਜੀਰਾ ਪਾਉ।
3. ਜੀਰਾ ਤੜਕਣ ਤੇ ਪਿਆਜ਼ ਪਾਉ ਅਤੇ 2 ਮਿੰਟ ਲਈ ਪਕਾਉ ।
4. ਫਿਰ ਟਮਾਟਰ, ਕੱਟੀਆਂ ਸਬਜ਼ੀਆਂ, ਹਰੀ ਮਿਰਚ ਅਤੇ ਨਮਕ ਪਾ ਕੇ ਨਰਮ ਹੋਣ ਤੱਕ ਪਕਾਉ।
5. ਦਲੀਆ ਅਤੇ ਪਾਣੀ ਪਾ ਕੇ 2 ਵਿਸਲ ਆਉਣ ਤੱਕ ਮੱਧਮ ਸੇਕ ਤੇ ਪਕਾਉ।
6. ਧਨੀਏ ਦੇ ਪੱਤਿਆਂ ਨਾਲ ਸਜਾ ਕੇ ਪਰੋਸੋ।

3. ਪੁੰਗਰੀ ਦਾਲ ਦਾ ਪਰਾਂਠਾ
ਪੁੰਗਰੀਆਂ ਦਾਲਾਂ :ਕੱਪ

ਲ਼ੱਸਣ, ਕੁੱਟਿਆ :8 ਤੁਰੀਆਂ
ਹਰੀ ਮਿਰਚਾਂ :2-3
ਪਿਆਜ਼ : 1
ਅਦਰਕ : ਇੰਚ ਟੁਕੜਾ
ਨਮਕ : ਸਵਾਦ ਅਨੁਸਾਰ
ਤੇਲ : ਪਰਾਂਠੇ ਬਣਾਉਣ ਲਈ
ਗਰਮ ਮਸਾਲਾ : ਛੋਟਾ ਚਮਚ
ਵਿਧੀ:
1. ਪੁੰਗਰੀਆਂ ਦਾਲਾਂ ਨੂੰ ਚੰਗੀ ਤਰਾਂ ਧੋ ਲਓ।
2. ਪੁੰਗਰੀਆਂ ਦਾਲਾਂ ਵਿੱਚ ਅਦਰਕ, ਲੱਸਣ, ਪਿਆਜ਼ ਅਤੇ ਹਰੀ ਮਿਰਚਾਂ ਪਾ ਕੇ ਮੋਟਾ-ਮੋਟਾ ਕੁੱਟ ਲਉ।
3. ਇਸ ਵਿੱਚ ਨਮਕ, ਗਰਮ ਮਸਾਲਾ ਪਾ ਕੇ ਮਿਲਾ ਲਉ।
4. ਗੁੰਨ੍ਹੇ ਆਟੇ ਨੂੰ ਬਰਾਬਰ ਹਿੱਸਿਆਂ ਵਿੱਚ ਵੰਡ ਲਉ ਅਤੇ ਪੇੜੇ ਬਣਾ ਲਉ।
5. ਪੇੜਿਆਂ ਵਿੱਚ ਦਾਲ ਦਾ ਮਿਸ਼ਰਣ ਪਾ ਕੇ ਪਰਾਂਠੇ ਵੇਲ ਲਉ।
6. ਪਰਾਂਠਿਆਂ ਨੂੰ ਦੋਨੋਂ ਪਾਸੇ ਤੇਲ ਲਗਾ ਕੇ ਸੇਕ ਲਉ।

4. ਬਾਜਰੇ ਦੀ ਖਿਚੜੀ
ਬਾਜਰਾ : 1 ਕੱਪ
ਮੂੰਗੀ ਧੋਤੀ ਦਾਲ : ਕੱਪ
ਦੇਸੀ ਘਿਉ : 2 ਵੱਡੇ ਚਮਚ
ਨਮਕ : ਸਵਾਦ ਅਨੁਸਾਰ
ਜੀਰਾ : ਛੋਟਾ ਚਮਚ
ਹਿੰਗ ਪਾਊਡਰ : ਛੋਟਾ ਚਮਚ
ਗਰਮ ਮਸਾਲਾ :ਛੋਟਾ ਚਮਚ
ਧਨੀਆ ਪਾਊਡਰ : ਛੋਟਾ ਚਮਚ
ਕਾਲੀ ਮਿਰਚ ਪਾਊਡਰ : ਛੋਟਾ ਚਮਚ
ਵਿਧੀ:
1.ਬਾਜਰੇ ਨੂੰ ਮੋਟਾ-ਮੋਟਾ ਪੀਸ ਲਉ।ਇਸ ਵਿੱਚ ਪਾਣੀ ਪਾ ਕੇ 2-3 ਮਿੰਟ ਲਈ ਰੱਖ ਦਿਉ।ਬਾਜਰੇ ਦੇ ਛਿਲਕੇ ਪਾਣੀ ਉੱਪਰ ਆ ਜਾਣਗੇ। ਇਸ ਪਾਣੀ ਨੂੰ ਸੁੱਟ ਦਿਉ। ਇਸ ਤਰਾਂ੍ਹ 2-3 ਵਾਰੀ ਕਰੋ।
2.ਮੂੰਗੀ ਦੀ ਦਾਲ ਨੂੰ ਵੀ ਧੋ ਲਉ।
3.ਪ੍ਰੈਸ਼ਰ ਕੁੱਕਰ ਵਿੱਚ 3 ਕੱਪ ਪਾਣੀ ਪਾਉ ਅਤੇ ਜਦੋਂ ਪਾਣੀ ਉਬਲ ਜਾਏ ਬਾਜਰਾ ਅਤੇ ਦਾਲ ਪਾ ਕੇ 4-5 ਵਿਸਲ ਆਉਣ ਤੱਕ ਮੱਧਮ ਸੇਕ ਤੇ ਪਕਾਉ ।
4.ਇੱਕ ਪੈਨ ਵਿੱਚ ਘਿਉ ਗਰਮ ਕਰੋ ਅਤੇ ਜੀਰਾ ਪਾਓ। ਜਦੋਂ ਜੀਰਾ ਤੜਕਣ ਲੱਗੇ ਤਾਂ ਹਿੰਗ,ਗਰਮ ਮਸਾਲਾ, ਧਨੀਆ ਪਾਊਡਰ ਅਤੇ ਕਾਲੀ ਮਿਰਚ ਪਾਊਡਰ ਪਾ ਦਿਉ।
5.ਇਸ ਤੜਕੇ ਨੂੰ ਖਿਚੜੀ ਉੱਪਰ ਪਾ ਕੇ ਪਰੋਸੋ।
ਵਿਧੀ:

5. ਵੇਸਣ ਦਾ ਚੀਲਾ
ਵੇਸਣ :1 ਕੱਪ
ਸੂਜੀ :2 ਵੱਡੇ ਚਮਚ
ਪਿਆਜ਼ :1 (ਬਰੀਕ ਕੱਟਿਆ)
ਟਮਾਟਰ :1 (ਬਰੀਕ ਕੱਟਿਆ)
ਗਾਜਰ (ਕੱਦੂਕਸ ਕੀਤੀ) :1 ਛੋਟੀ
ਧਨੀਆ ਪੱਤੇ (ਬਰੀਕ ਕੱਟੇ) : ਕੱਪ
ਹਰੀ ਮਿਰਚ :1 (ਬਰੀਕ ਕੱਟੀ)
ਜੀਰਾ : ਛੋਟਾ ਚਮਚ
ਨਮਕ : ਸਵਾਦ ਅਨੁਸਾਰ
ਤੇਲ :ਤੱਲਣ ਲਈ
ਵਿਧੀ:
1. ਇੱਕ ਵੱਡੇ ਭਾਂਡੇ ਵਿੱਚ ਵੇਸਣ, ਸੂਜੀ, ਨਮਕ ਅਤੇ ਅਜਵਾਇਨ ਪਾ ਕੇ ਮਿਲਾ ਲਉ।
2. ਇਸ ਤੋਂ ਬਾਅਦ ਪਿਆਜ਼, ਟਮਾਟਰ, ਗਾਜਰ, ਹਰੀ ਮਿਰਚ ਅਤੇ ਧਨੀਆ ਪੱਤੇ ਪਾ ਕੇ ਹਿਲਾਉ।
3. ਇਸ ਵਿੱਚ ਹੌਲੀ-ਹੌਲੀ ਪਾਣੀ ਪਾਉ ਤਾਂ ਜੋ ਗੱਠਾਂ ਨਾ ਪੈਣ।
4. ਤਵਾ ਗਰਮ ਕਰ ਕੇ ਤੇਲ ਪਾਉ। ਇਸ ਉੱਪਰ ਕੜਛੀ ਨਾਲ ਵੇਸਣ ਪਾਉ ਅਤੇ ਫੈਲਾ ਲਉ।
5. ਦੋਨੋਂ ਪਾਸਿਆਂ ਤੋਂ ਭੂਰਾ ਹੋਣ ਤੱਕ ਪਕਾਉ।
6. ਟਮਾਟਰ ਅਤੇ ਪੁਦੀਨੇ ਦੀ ਚੱਟਣੀ ਨਾਲ ਪਰੋਸੋ।

ਬੱਚਿਆਂ ਲਈ ਨਾਸ਼ਤਾ ਬਣਾਉਣ ਲੱਗਿਆਂ ਹੇਠ ਲਿੱਖੀਆਂ ਗੱਲਾਂ ਦਾ ਧਿਆਨ ਰੱਖੋ:

• ਹਮੇਸ਼ਾਂ ਤਾਜ਼ੀਆਂ ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਉਪਯੋਗ ਕਰੋ ਅਤੇ ਬਜ਼ਾਰੀ ਡੱਬਾ ਬੰਦ ਭੋਜਨ ਤੋਂ ਬਚੋ।
• ਚੇ ਨੂੰ ਨਾਸ਼ਤਾ ਸਵੇਰੇ ਤਾਜ਼ਾ ਹੀ ਬਣਾ ਕੇ ਦਿਉ।
• ਇਹ ਧਿਆਨ ਰੱਖੋ ਕਿ ਬੱਚਾ ਸਮੇਂ ਸਿਰ ਸੋਂਵੇ ਤਾਂ ਕਿ ਉਸ ਦੀ ਨੀਂਦ ਪੂਰੀ ਹੋਵੇ ਕਿਉਂਕਿ ਇਸ ਨਾਲ ਭੁੱਖ ਠੀਕ ਲੱਗਦੀ ਹੈ।
• ਬੱਚਿਆਂ ਨੂੰ ਖਾਣ ਵੇਲੇ ਟੀ. ਵੀ. ਅਤੇ ਮੋਬਾਈਲ ਵੇਖਣ ਦੀ ਆਦਤ ਨਹੀ ਪਾਉਣੀ ਚਾਹੀਦੀ ਜਿਸ ਨਾਲ ਬੱਚੇ ਖਾਣੇ ਦੇ ਸੁਆਦ ਅਤੇ ਸੁਗੰਧ ਦਾ ਆਨੰਦ ਲੈ ਸਕਣ ਅਤੇ ਖਾਣੇ ਨੂੰ ਚੰਗੀ ਤਰਾਂ ਚਿੱਥ ਸਕਣ।
• ਭੋਜਣ ਦੇ ਵਧਿਆ ਪਾਚਣ ਲਈ ਉਸ ਵਿੱਚ ਰੇਸ਼ੇ ਅਤੇ ਤਰਲ ਪਦਾਰਥਾਂ ਦਾ ਪ੍ਰਯੋਗ ਕਰੋ।
• ਤਰਲ ਪਦਾਰਥਾਂ ਦੀ ਕਮੀ ਨਾਲ ਥਕਾਵਟ ਅਤੇ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਭੋਜਨ ਵਿੱਚ ਤਰਲ ਪਦਾਰਥ ਉਚਿਤ ਮਾਤਰਾ ਵਿੱਚ ਸ਼ਮਿਲ ਕਰੋ। ਨਾਸ਼ਤੇ ਵਿੱਚ ਬੱਚੇ ਨੂੰ ਜੂਸ ਵੀ ਦਿੱਤਾ ਜਾ ਸਕਦਾ ਹੈ, ਪਰ ਜੂਸ ਤਾਜ਼ਾ ਘਰੇ ਬਣਾ ਕੇ ਦਿਉ, ਬਜ਼ਾਰੀ ਨਾ ਵਰਤੋਂ, ਉਸ ਵਿੱਚ ਜ਼ਿਆਦਾ ਮਾਤਰਾ ਵਿੱਚ ਖੰਡ ਹੁੰਦੀ ਹੈ।
ਬੱਚਿਆਂ ਨੂੰ ਸਿਹਤਮੰਦ, ਪੌਸ਼ਟਿਕ ਅਤੇ ਸੰਤੁਲਿਤ ਨਾਸ਼ਤਾ ਦੇਣ ਨਾਲ ਨਾ ਕੇਵਲ ਉਨ੍ਹਾਂ ਦੀ ਸਿਹਤ ਦੀ ਵਧੀਆ ਨੀਂਹ ਰੱਖੀ ਜਾਂਦੀ ਹੈ ਸਗੋਂ ਇਸ ਆਦਤ ਨੂੰ ਅਪਨਾ ਕੇ ਉਹ ਮੋਟਾਪੇ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਸ਼ੱਕਰ ਰੋਗ ਤੋਂ ਵੀ ਬੱਚ ਸਕਦੇ ਹਨ।

 

* ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ.ਵੀਕੇ. ਬਾਹੋਵਾਲ

Share this Article
Leave a comment