ਪਾਕਿਸਤਾਨ ਨੇ ਭਾਰਤੀ ਪੰਜਾਬ ‘ਤੇ ਕਰਤੀ ਗੋਲਾਬਾਰੀ, ਫਾਜ਼ਿਲਕਾ ‘ਚ ਘਰ ਦੀ ਛੱਤ ‘ਤੇ ਡਿੱਗਿਆ ਬੰਬ, ਸੁਰਾਖ ਕਰਕੇ ਅੰਦਰ ਵੜਿਆ

Prabhjot Kaur
2 Min Read

ਫਾਜ਼ਿਲਕਾ : ਜੰਮੂ ਕਸ਼ਮੀਰ ਤੋਂ ਬਾਅਦ ਪਾਕਿਸਤਾਨ ਨੇ ਹੁਣ ਪੰਜਾਬ ਦੇ ਇਲਾਕਿਆਂ ‘ਤੇ ਵੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਜਿਲ੍ਹੇ ਦੇ ਸਰਹੱਦੀ ਪਿੰਡ ਵੱਲ ਪਾਕਿਸਤਾਨ ਵਾਲੇ ਪਾਸਿਓਂ ਸੁੱਟਿਆ ਗਿਆ ਬੰਬ ਪਿੰਡ ਦੇ ਘਰ ਦੀ ਛੱਤ ‘ਤੇ ਜਾ ਡਿੱਗਾ। ਪਿੰਡ ਵਾਸੀਆਂ ਅਨੁਸਾਰ ਇਹ ਬੰਬ ਛੱਤ ‘ਤੇ ਡਿੱਗਣ ਸਾਰ ਡਰਿੱਲ ਵਾਂਗ ਸੁਰਾਖ ਕਰਕੇ ਛੱਤ ‘ਚੋਂ ਘਰ ਦੇ ਅੰਦਰ ਜਾ ਵੜਿਆ ਤੇ ਥੱਲੇ ਜਾ ਕੇ ਫਟ ਗਿਆ। ਪਤਾ ਲੱਗਾ ਹੈ ਕਿ ਇਸ ਧਮਾਕੇ ਨਾਲ ਕੋਈ ਜਾਨੀਂ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

ਸਾਡੇ ਫਿਰੋਜ਼ਪੁਰ ਦੇ ਪੱਤਰਕਾਰ ਪਰਮਜੀਤ ਪੰਮਾ ਦੇ ਦੱਸਣ ਅਨੁਸਾਰ ਭਾਰਤ ਪਾਕਿ ਸਰਹੱਦ ‘ਤੇ ਗੰਗਾਨਗਰ ਤੇ ਫਾਜ਼ਿਲਕਾ ਵਿਚਾਲੇ ਸਰਹੱਦ ਤੋਂ 3 ਕਿੱਲੋਮੀਟਰ ਅੰਦਰ ਪੈਂਦੇ ਪਿੰਡ ਕੱਲਰਖੇੜਾ ‘ਤੇ ਜਿਉਂ ਹੀ ਇਹ ਬੰਬ ਸੁੱਟਿਆ ਗਿਆ ਤਾਂ ਇਸ ਧਮਾਕੇ ਦੀ ਅਵਾਜ਼ ਆਲੇ ਦੁਆਲੇ ਦੇ ਕਈ ਕਿੱਲੋਮੀਟਰ ਤੱਕ ਸੁਣਾਈ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਇਲਾਕੇ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਸੁਰੱਖਿਆ ਘੇਰੇ ‘ਚ ਲੈਂਦਿਆਂ ਸਭ ਤੋਂ ਪਹਿਲਾ ਕੰਮ ਸਰਹੱਦੀ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਬੰਦ ਕਰਵਾਉਣ ਦਾ ਕੀਤਾ ਤਾਂ ਕਿ ਚਾਨਣ ਵਿੱਚ ਦੁਸ਼ਮਣ ਦੂਰੋਂ ਨਿਸ਼ਾਨਾਂ ਲਾ ਕੇ ਕੋਈ ਨੁਕਸਾਨ ਨਾ ਕਰ ਸਕੇ। ਸਾਡੇ ਸਹਿਯੋਗੀ ਅਨੁਸਾਰ ਪਾਕਿਸਤਾਨ ਵੱਲੋਂ ਕੀਤੇ ਗਏ ਇਸ ਹਮਲੇ ਦੀ ਸੂਚਨਾਂ ਮਿਲਦਿਆਂ ਹੀ ਪਿੰਡ ਕੱਲਰਖੇੜਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰਨ ਦੇ ਨਾਲ ਨਾਲ ਫੌਜ ਦੇ ਅਧਿਕਾਰੀਆਂ ਨੂੰ ਵੀ ਬਾਬਤ ਸੂਚਿਤ ਕਰ ਦਿੱਤਾ ਹੈ ਜਿਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਲਦ ਹੀ ਇਹ ਸਾਰੀ ਕਮਾਂਡ ਆਪਣੇ ਹੱਥ ਵਿੱਚ ਲੈਣ ਦੀ ਸੰਭਾਵਨਾ ਹੈ।

 

 

- Advertisement -

Share this Article
Leave a comment