ਪਟਿਆਲਾ ‘ਚ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼, 5 ਕੁੜੀਆਂ ਸਣੇ 6 ਕਾਬੂ, ਪੁਲਿਸ ਨੇ ਓਮੈਕਸ ਮਾਲ ‘ਚੋਂ ਮੂੰਹ ਸਿਰ ਢਕਾ ਕੇ ਬਾਹਰ ਕੱਢੀਆਂ

TeamGlobalPunjab
7 Min Read

ਪਟਿਆਲਾ : ਪਟਿਆਲਾ ਪੁਲਿਸ ਨੇ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਬਹੁ ਕਰੋੜੀ ਮਾਲ ਅੰਦਰ ਚੱਲ ਰਹੇ ਹਾਈ ਪ੍ਰੋਫਾਇਲ ਦੇਹ ਵਪਾਰ ਦੇ ਧੰਦੇ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਅੱਜ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੋਂ 5 ਲੜਕੀਆਂ ਤੇ ਇੱਕ ਲੜਕੇ ਸਣੇ ਕੁੱਲ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਇਹ ਲੋਕ ਇਸ ਧੰਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੱਗੇ ਹੋਏ ਸਨ। ਦੱਸ ਦਈਏ ਕਿ ਦੇਹ ਵਪਾਰ ਦੇ ਇਸ ਧੰਦੇ ਸਬੰਧੀ ਡੀ5 ਚੈਨਲ ਪੰਜਾਬੀ ਨੇ ਇੱਕ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਰੇਡ ਕਰਕੇ ਉਕਤ ਲੋਕਾਂ ‘ਤੇ ਇਹ ਕਾਰਵਾਈ ਕੀਤੀ ਹੈ।

ਇਸ ਸਬੰਧੀ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਉਸ ਨੂੰ ਵੇਖ ਸੁਣ ਕੇ ਸਾਰਿਆਂ ਦੇ ਨਾ ਸਿਰਫ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਦਿਲ ਦੀਆਂ ਧੜਕਣਾ ਤੇਜ਼ ਹੋ ਜਾਂਦੀਆਂ ਹਨ, ਬਲਕਿ ਘਰ ਬੈਠੇ ਹੀ ਇੰਝ ਜਾਪਣ ਲੱਗ ਪੈਂਦਾ ਹੈ, ਅਸੀਂ ਥਾਈਲੈਂਡ ਆ ਗਏ ਹਾਂ ।

ਇਨ੍ਹਾਂ ਤਸਵੀਰਾਂ ‘ਚ ਪਟਿਆਲਾ ਦੇ ਓਮੈਕਸ ਮਾਲ ਅੰਦਰ ਬਣੇ ਇੱਕ ਸਪਾ ਸੈਂਟਰ ਦਾ ਅਜਿਹਾ ਸੱਚ ਜ਼ਾਹਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਲੋਕ ਵਾਕਫ ਤਾਂ ਕਈ ਚਿਰਾਂ ਤੋਂ ਸਨ ਪਰ ਇਸ ਸੱਚ ਤੋਂ ਪਰਦਾ ਚੁੱਕਣ ਦੀ ਹਿੰਮਤ ਕੋਈ ਨਹੀਂ ਕਰ ਪਾ ਰਿਹਾ ਸੀ । ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ, ਕਿ ਇੱਥੇ ਮਸਾਜ ਤੇ ਸਪਾ ਸੈਂਟਰ ਦੇ ਨਾਮ ‘ਤੇ ਦੇਹ ਵਪਾਰ ਦਾ ਧੰਦਾ ਸ਼ਰੇਆਮ ਵਧ-ਫੁੱਲ ਰਿਹਾ ਸੀ। ਜਿੱਥੇ ਜਾਣ ਵਾਲਾ ਕੋਈ ਵੀ ਅਜਿਹਾ ਵਿਅਕਤੀ ਜਿਸਦੀ ਜੇਬ੍ਹ ‘ਚ ਪੈਸੇ ਜਾਂ ਏਟੀਐਮ ਕਾਰਡ ਹੋਵੇ 800 ਤੋਂ 3500 ਰੁਪਏ ਦੀ ਰਸੀਦ ਕਟਾ ਕੇ ਥਾਈਲੈਂਡ ਜਾ ਬੈਂਕੋਕ ਦੇ ਮਸਾਜ ਸੈਂਟਰਾਂ ਵਾਂਗ ਰੰਗੀਨੀਆਂ ਮਾਣ ਸਕਦਾ ਸੀ। ਹਾਲਾਤ ਇਹ ਸਨ ਚੰਦ ਸਿੱਕਿਆਂ ਦੀ ਖਣਕ ਸੁਣਦਿਆਂ ਹੀ ਇੱਥੇ ਮੌਜੂਦ ਅਣਜਾਣ ਲੜਕੀਆਂ ਗ੍ਰਾਹਕਾਂ ਲਈ ਉਹ ਕੁਝ ਕਰ ਗੁਜ਼ਰਦੀਆਂ ਹਨ ਜਿਸ ਦੀ ਯਾਦ ਮਾਤਰ ਹੀ ਉਨ੍ਹਾਂ ਗ੍ਰਾਹਕਾਂ ਉਥੇ ਵਾਰ ਵਾਰ ਖਿੱਚ ਕੇ ਲੈ ਆਉਂਦੀ ਸੀ।

ਇਨ੍ਹਾਂ ਤਸਵੀਰਾਂ ਨੂੰ ਚਲਾ ਕੇ ਦੇਖਣ ‘ਤੇ ਇਹ ਸਾਫ ਦਿਖਾਈ ਦਿੰਦਾ ਹੈ ਕਿ ਚੈਨਲ ਦਾ ਪੱਤਰਕਾਰ ਕਿਸ ਤਰ੍ਹਾਂ ਬਿਨਾਂ ਰੋਕ-ਟੋਕ ਓਮੈਕਸ ਮਾਲ ਦੇ ਅੰਦਰ ਬਣੇ ਸਪਾ ਸੈਂਟਰ ‘ਚ ਜਾਂਦਾ ਹੈ। ਅੰਦਰ ਵੜਦਿਆਂ ਹੀ ਕੈਸ਼ ਕਾਊਂਟਰ ਤੇ ਬੈਠਾ ਵਿਅਕਤੀ ਪੱਤਰਕਾਰ ਨਾਲ ਇੰਝ ਵਿਹਾਰ ਕਰਦਾ ਹੈ ਜਿਵੇਂ ਉਹ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ। ਅੱਖ ਦੇ ਫੋਰ ਵਿੱਚ ਹੀ ਕੈਸ਼ ਕਾਊਂਟਰ ਵਾਲਾ ਵਿਅਕਤੀ ਪੱਤਰਕਾਰ ਦੇ ਲਈ ਲੁੜੀਂਦੀ ਅੱਠ ਸੌ ਰੁਪਏ ਦੀ ਰਸੀਦ ਹੱਥ ਵਿੱਚ ਫੜੀ ਛੋਟੀ ਜਿਹੀ ਇੱਕ ਮਸ਼ੀਨ ਨਾਲੋਂ ਫਾੜ ਕੇ ਪੱਤਰਕਾਰ ਦੇ ਹਵਾਲੇ ਕਰ ਦਿੰਦਾ ਹੈ। ਇਸ ਰਸੀਦ ‘ਤੇ ਦਾ ਨਿਊ ਏਰਾ ਸਪਾ, ਸੈਕਟਰ 7, ਗੈਲੈਕਸੀ ਮਾਲ ਅੰਬਾਲਾ ਸਿਟੀ ਛਪਿਆ ਹੋਇਆ ਦਿਖਾਈ ਦਿੰਦਾ ਹੈ।

- Advertisement -

ਵੀਡੀਓ ਅੱਗੇ ਚਲਦੀ ਹੈ ਤਾਂ ਦਿਖਾਈ ਦਿੰਦਾ ਹੈ ਕਿ ਰਸੀਦ ਲੈਕੇ ਪੱਤਰਕਾਰ ਅੱਗੇ ਵਧਦਾ ਹੈ। ਇੰਨੇ ਨੂੰ ਦਰਵਾਜਾ ਖੁੱਲ੍ਹਣ ਤੇ ਬੰਦ ਹੋਣ ਦੀ ਆਵਾਜ਼ ਆਉਂਦੀ ਹੈ, ਤੇ ਕੁਝ ਸਕਿੰਟਾਂ ਦੀ ਚੁੱਪੀ ਤੋਂ ਬਾਅਦ ਇੱਕ ਲੜਕੀ ਦੀ ਆਵਾਜ਼ ਸੁਣਾਈ ਪੈਂਦੀ ਹੈ। ਫਿਰ ਸ਼ੁਰੂ ਹੁੰਦੀ ਹੈ ਅਸਲ ਖੇਡ। ਤਸਵੀਰਾਂ ਵਿੱਚ ਦਿਖਾਈ ਦਿੰਦੀ ਹੈ ਉਹ ਆਵਾਜ਼ ਵਾਲੀ ਲੜਕੀ ਜੋ ਪੱਤਰਕਾਰ ਨੂੰ ਹਿੰਦੀ ਭਾਸ਼ਾ ‘ਚ ਕਹਿੰਦੀ ਹੈ ਲੇਟ ਜਾਓ। ਪਹਿਲਾਂ ਗੱਲ ਸ਼ੁਰੂ ਹੁੰਦੀ ਮਸਾਜ ਤੋਂ, ਤੇ ਦੇਖਦੇ ਹੀ ਦੇਖਦੇ ਮਾਮਲਾ ਕੱਚੇ ‘ਚ ਕਦੋਂ ਉਤਰ ਜਾਂਦਾ ਹੈ ਪਤਾ ਹੀ ਨਹੀਂ ਲਗਦਾ। ਵੀਡੀਓ ‘ਚ ਪੱਤਰਕਾਰ ਪੁੱਛਦਾ ਹੈ ਕਿ, ਕੀ ਕੋਈ ਐਕਸਟ੍ਰਾ ਸਰਵਿਸ ਵੀ ਦਿੰਦੇ ਹੋ ? ਅੱਗੋਂ ਲੜਕੀ ਕਹਿੰਦੀ ਹੈ ਕਿ ਹੋ ਜਾਏਗੀ। ਪੱਤਰਕਾਰ ਕਹਿੰਦਾ ਹੈ ਉਹ 500 ਰੁਪਏ ਦੇਣ ਲਈ ਤਿਆਰ ਹੈ। ਜਿਸ ‘ਤੇ ਉਹ ਲੜਕੀ ਸਾਫ ਨਾਂਹ ਕਰਦਿਆਂ ਕਹਿ ਦਿੰਦੀ ਹੈ ਕਿ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ। ਪੱਤਰਕਾਰ ਕਹਿੰਦਾ ਹੈ ਕਿ ਤੁਸੀਂ ਕਿੰਨਾ ਲਓਗੇ। ਉਹ ਔਰਤ ਉਸੇ ਕੰਮ ਦੇ 1000 ਰੁਪਏ ਮੰਗਦੀ ਹੈ। ਸੌਦਾ ਤਹਿ ਹੋ ਜਾਂਦਾ ਹੈ, ਤੇ ਫਿਰ ਇਹ ਤੈਅ ਹੁੰਦਾ ਹੈ ਕਿ ਇਸ ਤੋਂ ਇਲਾਵਾ ਉਹ ਲੜਕੀ ਪੱਤਰਕਾਰ ਲਈ ਹੋਰ ਕੀ-ਕੀ ਕਰ ਸਕਦੀ ਹੈ, ਤੇ ਉਸਦੇ ਉਹ ਕਿੰਨੇ ਰੁਪਏ ਵਸੂਲੇਗੀ ।

ਫਿਰ ਸ਼ੁਰੂ ਹੁੰਦਾ ਹੈ ਵੱਧ ਰੇਟ ਮੰਗ ਰਹੀ ਲੜਕੀ ਤੋਂ ਪੈਸੇ ਘਟਾਉਣ ਦਾ ਸਿਲਸਿਲਾ। ਇਸ ਤੋਂ ਬਾਅਦ ਗੱਲਾਂ ਹੀ ਗੱਲਾਂ ਵਿੱਚ ਲੜਕੀ ਪੇਟੀਐਮ ਰਾਹੀਂ ਪੈਸੇ ਵਸੂਲਣ ਦੀ ਗੱਲ ਕਰਦੀ ਹੈ। ਸੌਦਾ ਤਹਿ ਹੁੰਦਾ ਹੈ, ਤੇ ਲੜਕੀ ਪੱਤਰਕਾਰ ਕੋਲੋਂ ਉਸ ਦਾ ਏਟੀਐਮ ਕਾਰਡ ਲੈ ਕੇ ਬਾਹਰ ਕੈਸ਼ ਕਾਉਂਟਰ ‘ਤੇ ਪੈਸੇ ਕਟਾ ਕੇ ਵਾਪਸ ਮੁੜ ਆਉਂਦੀ ਹੈ। ਵੀਡੀਓ ਦੇਖਣ ‘ਤੇ ਪਤਾ ਲਗਦਾ ਹੈ ਕਿ ਪੱਤਰਕਾਰ ਇਸ ਬਹਿਸ ਨੂੰ ਥੋੜੀ ਹੋਰ ਲਾਮਕਾ ਕੇ ਇਹ ਪਤਾ ਲਗਾ ਲੈਂਦਾ ਹੈ ਕਿ ਲੜਕੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਹ ਉੱਥੇ ਖੁਸ਼ ਨਹੀਂ ਹੈ, ਕਿਉਂਕਿ ਉਸਦੇ ਮਾਲਕ ਉਸਨੂੰ ਖਾਣਾ ਵੀ ਸਮੇ ਸਿਰ ਨਹੀਂ ਦਿੰਦੇ। ਇਸ ਲਈ ਉਹ ਉਥੋਂ ਜਲਦ ਵਾਪਸ ਜਾ ਰਹੀ ਹੈ।

ਇਹ ਤਾਂ ਸੀ ਉਸ ਵੀਡੀਓ ਵਿਚਲੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਹੂ-ਬ-ਹੂ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਜ ਜਿਸ ਵੇਲੇ ਪੁਲਿਸ ਨੇ ਓਮੈਕਸ ਮਾਲ ਸਥਿਤ ਨਿਉ ਏਰਾ ਸਪਾ ਸੈਂਟਰ ਵਿਖੇ ਮੌਕੇ ‘ਤੇ ਰੇਡ ਕੀਤੀ ਤਾਂ ਉੱਥੇ ਪੁਲਿਸ ਨੂੰ ਸੈਂਟਰ ਅੰਦਰ 5 ਲੜਕੀਆਂ ਮਿਲੀਆਂ ਜਿਨ੍ਹਾਂ ਨੂੰ ਪੁਲਿਸ ਨੇ ਅੰਦਰ ਰਿਸ਼ੈਪਸ਼ਨ ‘ਤੇ ਖੜ੍ਹੇ ਕੈਸ਼ ਕਾਉਂਟਰ ਵਾਲੇ ਲੜਕੇ ਸਮੇਤ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਇਸ ਧੰਦੇ ਦੀਆਂ ਜੜਾਂ ਨਾ ਸਿਰਫ ਪਟਿਆਲਾ ਵਿੱਚ ਪਨਪ ਰਹੀਆਂ ਸਨ, ਬਲਕਿ ਅੰਬਾਲਾ ਦੀ ਰਸੀਦ ਅਤੇ ਵੀਡੀਓ ਅੰਦਰ ਲੜਕੀ ਦੇ ਦਿੱਲੀ ਦੀ ਹੋਣ ਵਾਲੀ ਗੱਲ ਇਹ ਚੀਕ ਚੀਕ ਕੇ ਕਹਿ ਰਹੀ ਸੀ ਕਿ ਇਹ ਧੰਦਾ ਉੱਤਰ ਭਾਰਤ ‘ਚ ਪੂਰੀ ਤਰ੍ਹਾਂ ਫੈਲ ਚੁੱਕਾ ਹੈ।

ਪੁਲਿਸ ਨੇ ਇੱਕ ਸਪਾ ਸੈਂਟਰ ਦਾ ਪਰਦਾ ਫਾਸ਼ ਕਰ ਦਿੱਤਾ ਹੈ, ਤੇ ਮੌਕੇ ‘ਤੋਂ ਇਸ ਧੰਦੇ ਵਿੱਚ ਲੱਗੀਆਂ ਲੜਕੀਆਂ ਤੇ ਇੱਕ ਵਿਅਕਤੀ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪਰ ਜਿਹੜੇ ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ ਉਨ੍ਹਾਂ ਦੀ ਜੜਾਂ ਹੋਰ ਕਿੱਥੇ ਕਿੱਥੇ ਲੱਗੀਆਂ ਹੋਈਆਂ ਸਨ? ਕੌਣ ਕੌਣ ਸਫੈਦ ਪੋਸ਼ ਚਿੱਟੇ ਦਿਨੀਂ ਇੱਥੇ ਆਪਣਾ ਕਾਲਾ ਮੂੰਹ ਕਰਨ ਆਉਂਦੇ ਹਨ? ਉਨ੍ਹਾਂ ਕਾਲੇ ਮੂੰਹ ਵਾਲਿਆਂ ਨੂੰ ਕਾਨੂੰਨ ਦੇ ਪੰਜੇ ‘ਤੋਂ ਬਚਾਉਣ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਦੀਆਂ ਕਿਹੜੀਆਂ ਕਾਲੀਆਂ ਭੇਡਾਂ ਚੰਦ ਸਿੱਕਿਆਂ ਦੀ ਖਣਕ ਸੁਣ ਕੇ ਬਚਾਉਣ ਵਿੱਚ ਲੱਗ ਜਾਂਦੀਆਂ ਸਨ ਇਹ ਸਭ ਅਜੇ ਜਾਂ ਤਾਂ ਉਨ੍ਹਾਂ ਨੂੰ ਪਤਾ ਹੈ ਜਿਹੜੇ ਲੋਕ ਇਨ੍ਹਾਂ ਕਾਰਵਾਈਆਂ ਵਿੱਚ ਸ਼ਾਮਲ ਸਨ ਤੇ ਜਾਂ ਫਿਰ ਇਨ੍ਹਾਂ ਨੂੰ ਬਚਾਇਆ ਸੀ। ਮੀਡੀਆ ਵਿੱਚ ਡੀ5 ਚੈਨਲ ਪੰਜਾਬੀ ਵੱਲੋਂ ਨਸ਼ਰ ਕੀਤੀ ਗਈ ਇਸ ਖ਼ਬਰ ਨੇ ਅਸਰ ਕੀਤਾ ਹੈ ਤੇ ਆਖਰਕਾਰ ਪੁਲਿਸ ਨੂੰ ਹਰਕਤ ‘ਚ ਆਉਣਾ ਹੀ ਪਿਆ ਹੈ। ਹੁਣ ਅੱਗੇ ਚੱਲ ਕੇ ਇਸ ਮਾਮਲੇ ਦੀ ਤਫਤੀਸ਼ ਕਿਨ੍ਹਾਂ ਸਫੈਦ ਪੋਸ਼ਾਂ ਦੇ ਮੂੰਹ ਤੋਂ ਖਿੱਚ ਕੇ ਸ਼ਰਾਫਤ ਦਾ ਨਕਾਬ ਲਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

- Advertisement -
Share this Article
Leave a comment