ਨਵਜੋਤ ਸਿੱਧੂ ਨੂੰ ਕੁੱਬੇ ਦੇ ਮਾਰੀ ਲੱਤ ਵਾਂਗ ਰਾਸ ਆ ਰਿਹਾ ਹੈ, ਸੂਬਾ ਕਾਂਗਰਸੀਆਂ ਵੱਲੋਂ ਚੋਣਾਂ ‘ਚ ਨਕਾਰਨਾ, ਦੇਸ਼ ‘ਚ ਸਿਆਸੀ ਕੱਦ ਹੋਰ ਉੱਚਾ ਹੋਇਆ

TeamGlobalPunjab
4 Min Read

ਕੁਲਵੰਤ ਸਿੰਘ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਵਾਉਣ ਵਾਲੇ ਬਿਆਨ ਤੇ ਭਾਰਤੀ ਜਨਤਾ ਪਾਰਟੀ ਵਾਲੇ ਭੜਕ ਗਏ ਹਨ।  ਭਾਜਪਾ ਨੇ ਇਸ ਬਿਆਨ ਨੂੰ ਮੋਦੀ ਨਾਲ ਜੋੜ ਕੇ ਦੇਖਦਿਆਂ ਕਿਹਾ ਹੈ ਕਿ ਮੋਦੀ ਕਾਲੇ ਜਰੂਰ ਹਨ, ਪਰ ਹਨ ਗਰੀਬਾਂ ਦੇ ਰਖਵਾਲੇ। 

 ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਇੰਦੌਰ ਅੰਦਰ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੌਲਾਨਾ ਆਜ਼ਾਦ ਤੇ ਮਹਾਤਮਾਂ ਗਾਂਧੀ ਨੇ ਹਿੰਦੁਸਤਾਨ ਚੋਂ ਗੋਰੇ ਅੰਗਰੇਜ਼ਾ ਨੂੰ ਭਜਾਇਆ ਸੀ, ਅਸੀਂ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਵਾਵਾਂਗੇ। ਇਸ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਬਿਦ ਪਾਤਰਾ ਵੱਲੋਂ ਅੱਜ ਇੱਕ ਭਰਵਾਂ ਪੱਤਰਕਾਰ ਸੰਮੇਲਨ ਕਰਕੇ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਮੰਨਣ ਵਾਲੇ ਜਿਹੜੇ ਨਵਜੋਤ ਸਿੰਘ ਸਿੱਧੂ ਮੋਦੀ ਨੂੰ ਕਾਲਾ ਅੰਗਰੇਜ਼ ਦੱਸ ਰਹੇ ਹਨ ਤੇ ਸੋਨੀਆਂ ਗਾਂਧੀ ਨੂੰ ਪੂਰਾ ਹਿੰਦੁਸਤਾਨੀ ਮੰਨਦੇ ਹਨ। ਸੰਬਿਦ ਪਾਤਰਾ ਨੇ ਕਿਹਾ ਕਿ ਮੋਦੀ ਕਾਲੇ ਹਨ ਤਾਂ ਕੀ ਹੋਇਆ? ਉਹ ਦੇਸ਼ ਦੇ ਰਖਵਾਲੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਲਾ ਕਹਿ ਕੇ ਮੋਦੀ ਦਾ ਨਹੀਂ ਬਲਕਿ ਹਿੰਦੁਸਤਾਨ ਦੀ ਬੇਇੱਜ਼ਤੀ ਕੀਤੀ ਹੈ।

ਇੱਧਰ ਨਵਜੋਤ ਸਿੱਧੂ ਅਜੇ ਵੀ ਨਹੀਂ ਟਲ ਰਹੇ, ਤੇ ਉਨ੍ਹਾਂ ਨੇ ਇੰਦੋਰ ਵਿੱਚ ਕਾਂਗਰਸ ਉਮੀਦਵਾਰ ਪੰਕਜ ਸੰਘਵੀ ਦੇ ਪੱਖ ਵਿੱਚ ਕੀਤੀ ਗਈ ਰੈਲੀ ਦੌਰਾਨ ਮੋਦੀ ਖਿਲਾਫ ਫਿਰ ਭੜਕਾਉ ਬਿਆਨ ਦਿੰਦਿਆਂ ਕਿਹਾ ਕਿ ਮੋਦੀ ਉਸ ਦੁਲਹਨ ਵਾਂਗ ਹਨ ਜੋ ਰੋਟੀਆਂ ਘੱਟ ਵੇਲਦੀ ਹੈ ਤੇ ਚੂੜੀਆਂ ਜਿਆਦਾ ਖੜਕਾਉਂਦੀ ਹੈ, ਤਾਂ ਕਿ ਮੁਹੱਲੇ ਵਾਲਿਆਂ ਨੂੰ ਇਹ ਪਤਾ ਲੱਗ ਜਾਵੇ ਕਿ ਵਹੁਟੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿੱਚ ਇਹੋ ਕੁਝ ਹੋਇਆ ਹੈ। ਜਿਸ ਨੇ ਕੰਮ ਘੱਟ ਕੀਤਾ ਹੈ ਤੇ ਰੌਲਾ ਜਿਆਦਾ ਪਾਇਆ ਹੈ। ਸਿੱਧੂ ਨੇ ਸਵਾਲ ਕੀਤਾ ਕਿ ਮੋਦੀ ਆਪਣੀਆਂ ਪ੍ਰਾਪਤੀਆਂ ਦੱਸਣ ਜਿਸ ਨੋਟਬੰਦੀ ‘ਤੇ ਜੀਐਸਟੀ ਨੂੰ ਮੋਦੀ ਆਪਣੀ ਪ੍ਰਾਪਤੀ ਦਸਦੇ ਨਹੀਂ ਥੱਕਦੇ ਜੇ ਇਹ ਇੰਨੇ ਹੀ ਵਧੀਆਂ ਕੰਮ ਹਨ ਤਾਂ ਉਹ ਇਸ ਮੁੱਦੇ ‘ਤੇ ਚੋਣ ਕਿਉਂ ਨਹੀਂ ਲੜਦੇ? ਉਨ੍ਹਾਂ ਕਿਹਾ ਕਿ ਮੋਦੀ ਦੇ ਰਾਜ ਵਿੱਚ ਕੀ ਨੌਜਵਾਨ, ਕੀ ਕਿਸਾਨ ਤੇ ਕੀ ਛੋਟੇ ਦੁਕਾਨਦਾਰਾਂ ਨੂੰ ਝੂਠੇ ਵਾਅਦੇ ਹੀ ਮਿਲੇ ਹਨ, ਜਦਕਿ ਕੰਮ ਸਿਰਫ ਵੱਡੇ ਉਦਯੋਗਪਤੀਆਂ ਲਈ ਹੀ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਤਾਂ ਸਰਕਾਰੀ ਬੈਂਕਾਂ ਨੂੰ ਵੀ ਖਤਮ ਕਰ ਦਿੱਤਾ ਹੈ।

- Advertisement -

ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਵਾਇਡਰ ਇਨ ਚੀਫ(ਫੁੱਟ ਪਾਉਣ ਵਾਲਿਆਂ ਦਾ ਮੁਖੀ), ਲਾਇਰ ਇਨ ਚੀਫ(ਝੂਠ ਬੋਲਣ ਵਾਲਿਆਂ ਦਾ ਮੁਖੀ) ਅਤੇ ਅਡਾਨੀ, ਅੰਬਾਨੀ ਵਰਗੇ ਕਾਰੋਬਾਰੀਆਂ ਦਾ ਮੈਨੇਜਰ ਦੱਸਿਆ। ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ, ਕਿ ਸਿੱਧੂ ਨੇ ਮੋਦੀ ਵਿਰੁੱਧ ਬਿਆਨ ਦੇ ਕੇ ਕਾਂਗਰਸ ਦੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਮੋਦੀ ਦੀ ਤੁਲਨਾ ਘਰ ਵਿੱਚ ਖਾਣਾ ਬਣਾਉਣ ਵਾਲੀ ਅਤੇ ਚੂੜੀਆਂ ਪਹਿਨਣ ਵਾਲੀ ਵਹੁਟੀ ਕਰਨਾ ਬੇਹੱਦ ਨਿੰਦਣਯੋਗ ਹੈ।

ਕੁੱਲ ਮਿਲਾ ਕਿ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਕਾਂਗਰਸ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਲਈ ਸਟਾਰ ਪ੍ਰਚਾਰਕ ਨਾ ਮੰਨਿਆ ਹੋਵੇ, ਸ਼ਾਇਦ ਇਸੇ ਲਈ ਉਨ੍ਹਾਂ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਸੱਦਾ ਨਹੀਂ ਦਿੱਤਾ ਗਿਆ, ਪਰ ਇੰਨਾ ਜਰੂਰ ਹੈ ਕਿ ਦੇਸ਼ ਭਰ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਕੀਤੇ ਜਾ ਰਹੇ ਪ੍ਰਚਾਰ ਨੇ ਭਾਜਪਾਈਆਂ ਨੂੰ ਜਰੂਰ ਭੜਥੂ ਪਾ ਰੱਖਿਆ ਹੈ। ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਵਿੱਚ ਦੇਸ਼ ਭਰ ਅੰਦਰ ਪ੍ਰਚਾਰ ਕਰਨ ਨਾਲ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਿਆ ਹੀ ਹੈ ਤੇ ਇਸ ਨੂੰ ਕੁੱਬੇ ਦੇ ਮਾਰੀ ਲੱਤ ਵਾਂਗ ਜੇ ਰਾਸ ਆਇਆ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

Share this Article
Leave a comment