ਨਵਜੋਤ ਸਿੱਧੂ ਦੇ ਸਾਹਮਣੇ ਚੱਲੀਆਂ ਕੁਰਸੀਆਂ, ਦੱਬ ਕੇ ਹੋਇਆ ਹੰਗਾਮਾਂ, ਪੁਲਿਸ ਨੂੰ ਪੈ ਗਈ ਹੱਥਾਂ ਪੈਰਾਂ ਦੀ

TeamGlobalPunjab
3 Min Read

ਦੇਵਾਸ (ਮੱਧ ਪ੍ਰਦੇਸ਼) : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇਸ਼ ਭਰ ਵਿੱਚ ਜਿੱਥੇ ਆਪਣੇ ਭਾਸ਼ਣ ਅਤੇ ਬਿਆਨ ਦੇਣ ਦੇ ਤਰੀਕੇ ਨਾਲ ਵੱਡੇ ਪੱਧਰ ‘ਤੇ ਲੋਕਾਂ ਦੀ ਭੀੜ ਖਿੱਚਣ ਵਿੱਚ ਕਾਮਯਾਬ ਹੋ ਰਹੇ ਹਨ, ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਉਨ੍ਹਾਂ ਖਿਲਾਫ ਇਸ ਬੁਰੀ ਤਰ੍ਹਾਂ ਗੁੱਸਾ ਕੱਢ ਰਹੇ ਹਨ ਕਿ ਕਿਤੇ ਉਨ੍ਹਾਂ ‘ਤੇ ਜੁੱਤੀ ਸੁੱਟੀ ਜਾਂਦੀ ਹੈ, ਤੇ ਕਿਤੇ ਉਨ੍ਹਾਂ ਦੇ ਚੋਣ ਜਲਸੇ ਵਿੱਚ ਭਾਜਪਾਈਆਂ ਵੱਲੋਂ ਨਾਅਰੇਬਾਜੀ ਕਰਦਿਆਂ ਦੱਬ ਕੇ ਹੰਗਾਮਾ ਕੀਤਾ ਜਾਂਦਾ ਹੈ। ਭਾਵੇਂ ਕਿ ਹਰ ਵਾਰ ਮੌਕੇ ‘ਤੇ ਮੌਜੂਦ ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਕਾਮਯਾਬ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਇਹ ਹੰਗਾਮਾਂ ਜਿੱਥੇ ਮੀਡੀਆ ਵਾਲਿਆਂ ਨੂੰ ਮਸਾਲੇਦਾਰ ਖ਼ਬਰਾਂ ਦੇ ਜਾਂਦਾ ਹੈ, ਉੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਸਿਆਸੀ ਫਾਇਦਾ ਵੀ ਹੋ ਰਿਹਾ ਹੈ। ਅਜਿਹੀ ਇੱਕ ਘਟਨਾ ਇੱਥੇ ਪਹੁੰਚੇ ਨਵਜੋਤ ਸਿੰਘ ਸਿੱਧੂ ਦੇ ਚੋਣ ਜਲਸੇ ਵਿੱਚ ਉਸ ਵੇਲੇ ਵਾਪਰ ਗਈ ਜਦੋਂ ਸਟੇਜ਼ ਤੋਂ ਬੋਲਦਿਆਂ ਸਿੱਧੂ ਨੇ ਇਹ ਕਹਿ ਦਿੱਤਾ ਕਿ, “ਕਿਸ ਖੁੱਡ ਵਿੱਚ ਵੜ ਗਏ ਓ ਮੋਦੀ ਭਗਤੋ?” ਇੰਨਾ ਸੁਣਦਿਆਂ ਹੀ ਸਟੇਜ਼ ਦੇ ਲੋਕਾਂ ਦੀ ਭੀੜ ਦੇ ਪਿੱਛੋਂ ਦੀ 4 ਭਾਜਪਾ ਵਰਕਰਾਂ ਨੇ ਮੋਦੀ ਮੋਦੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸੁਣਦਿਆਂ ਹੀ ਉੱਥੇ ਕੁਰਸੀਆਂ ‘ਤੇ ਬੈਠੇ ਕਾਂਗਰਸੀ ਵਰਕਰ ਭੜਕ ਗਏ ਤੇ ਗੱਲ ਲੜਾਈ ਝਗੜੇ ਤੱਕ ਪਹੁੰਚ ਗਈ।

ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹੀ ਮੋਦੀ ਮੋਦੀ ਦੇ ਨਾਅਰੇ ਲਾਉਣ ‘ਤੇ ਉੱਥੇ ਬੈਠੇ ਕਾਂਗਰਸੀਆਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਉੱਥੇ ਪਈਆਂ ਲਾਲ ਰੰਗ ਦੀਆਂ ਪਲਾਸਟਿਕ ਦੀਆਂ ਕੁਰਸੀਆਂ ਚੁੱਕ ਚੁੱਕ ਕੇ ਮੋਦੀ ਮੋਦੀ ਚੀਕਦੇ ਭਾਜਪਾ ਵਰਕਰਾਂ ‘ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਕਿ ਪੁਲਿਸ ਨੂੰ ਕੁਝ ਸਮਝ ਆਉਂਦਾ ਮਾਮਲਾ ਵਧ ਗਿਆ, ਪਰ ਗਨੀਮਤ ਇਹ ਰਹੀ ਕਿ ਜਿਹੜੇ ਚਾਰ ਭਾਜਪਾ ਵਰਕਰ ਛਾਤੀ ਚੌੜੀ ਕਰਕੇ ਮੋਦੀ ਮੋਦੀ ਚੀਕਦੇ ਸਟੇਜ ਵੱਲ ਵਧ ਰਹੇ ਸਨ, ਆਪਣੇ ਉੱਤੇ ਕੁਰਸੀਆਂ ਦਾ ਮੀਂਹ ਪੈਂਦਾ ਦੇਖ ਇਹ ਲੋਕ ਉੱਥੋਂ ਇੰਝ ਗਾਇਬ ਹੋ ਗਏ ਜਿਵੇਂ ਕਿ ਤੁਹਾਨੂੰ ਪਤਾ ਹੀ ਐ…।

ਮੌਕੇ ‘ਤੇ ਮੌਜੂਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਇਸ ਤੋਂ ਪਹਿਲਾਂ ਕਿ ਕਾਂਗਰਸੀ ਵਰਕਰ ਲਾਲ ਰੰਗ ਦੀਆਂ ਪਲਾਸਟਿਕ ਦੀਆਂ ਕੁਰਸੀਆਂ ਲੈ ਕੇ ਭਾਜਪਾਈਆਂ ਨੂੰ ਲੱਭਦੇ ਹੋਏ, ਉਨ੍ਹਾਂ ਦੇ ਪਿੱਛੇ ਗਲੀਆਂ ‘ਚ ਦੌੜ ਪੈਂਦੇ ਪੁਲਿਸ ਉਨ੍ਹਾਂ ਦੋਵਾਂ ਧਿਰਾਂ ਵਿਚਕਾਰ ਕਿਸੇ ਦੀਵਾਰ ਵਾਂਗ ਖੜ੍ਹੀ ਹੋ ਗਈ ਤੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਭਾਜਪਾਈਆਂ ਵੱਲ ਵਧਣ ਤੋਂ ਰੋਕ ਦਿੱਤਾ।

https://youtu.be/HaFkeXtPP3M

- Advertisement -

Share this Article
Leave a comment