ਜੇ ਅਸੀਂ ਗੁਰੂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਵਾ ਸਕੇ ਤਾਂ ਲੱਖ ਲਾਹਨਤ ਹੈ ਸਾਡੇ ‘ਤੇ : ਨਵਜੋਤ ਸਿੱਧੂ

TeamGlobalPunjab
2 Min Read

ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਐਸਆਈਟੀ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਮਾਮਲਾ ਸਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਮਾਮਲੇ ਵਿੱਚ ਮੀਡੀਆ ਵੱਲੋਂ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਭਾਵੇਂ ਕਿ ਐਸਆਈਟੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ, ਪਰ ਇਸ ਦੇ ਬਾਵਜੂਦ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖ਼ਬਰਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਨੇ ਸਵਾਲ ਕੀਤਾ ਹੈ, ਕਿ ਜੋ ਸਰਕਾਰ ਗੁਰੂ ਦੇ ਦੋਸ਼ੀਆਂ ਨੂੰ ਸਜ਼ਾ ਹੀ ਨਹੀਂ ਦੇ ਸਕੇ ਉਹ ਸਰਕਾਰ ਕਾਹਦੀ ਹੈ? ਨਵਜੋਤ ਸਿੱਧੂ ਅਨੁਸਾਰ ਉਨ੍ਹਾਂ ਲਈ ਗੁਰੂ ਸਭ ਤੋਂ ਪਹਿਲਾਂ ਤੇ ਰਾਜਨੀਤੀ ਬਾਅਦ ਵਿੱਚ। ਉਹ ਇਨ੍ਹਾਂ ਦੋਨਾਂ ਵਿੱਚੋਂ ਆਪਣੇ ਗੁਰੂ ਦੇ ਨਾਲ ਹਨ, ਤੇ ਰਾਜਨੀਤੀ ਜਾਂਦੀ ਹੈ ਤਾਂ ਜਾਵੇ ਢੱਠੇ ਖੂਹ ਵਿੱਚ।

ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇੱਕ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹਨ, ਤੇ ਜੇਕਰ ਸਰਕਾਰ ਸਾਡੇ ਗੁਰੂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕਦੀ ਤਾਂ ਫਿਰ ਉਹ ਸਰਕਾਰ ਕਾਹਦੀ ਹੈ। ਜੇਕਰ ਅਸੀਂ ਗੁਰੂ ਲਈ ਹੀ ਕੁਝ ਨਹੀਂ ਕਰ ਸਕਦੇ ਤਾਂ ਫਿਰ ਨਾ ਅਸੀਂ ਪੰਜਾਬੀ ਹਾਂ, ਤੇ ਨਾ ਸਿੱਖ। ਉਨ੍ਹਾਂ ਕਿਹਾ ਕਿ ਮੇਰੀ ਰਗ-ਰਗ ‘ਚ ਗੁਰੂ ਦਾ ਲਹੂ ਹੈ, ਤੇ ਮੈਂ ਸਭ ਤੋਂ ਪਹਿਲਾਂ ਆਪਣੇ ਗੁਰੂ ਨਾਲ ਹਾਂ ਤੇ ਰਾਜਨੀਤੀ ਬਾਅਦ ਵਿੱਚ ਹੈ। ਇਸ ਲਈ ਜੇਕਰ ਅਸੀਂ ਗੁਰੂ ਲਈ ਕੁਝ ਨਾ ਕਰ ਸਕੇ ਤਾਂ ਲੱਖ ਲਾਹਨਤ ਹੈ ਸਾਡੇ ‘ਤੇ।

Share this Article
Leave a comment