ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਅੰਦਰ ਜੇਕਰ ਕੋਈ ਸਿਆਸੀ ਮੁੱਦਾ ਸਭ ਤੋਂ ਭਾਰੂ ਹੈ ਤਾਂ ਉਹ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਪਸੀ ਵਿਵਾਦ। ਜਿਸ ਦੀ ਅੱਗ ਤਾਂ ਉਦੋਂ ਤੋਂ ਹੀ ਸੁਲਗ ਰਹੀ ਸੀ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ, ਪਰ ਇਸ ਅੱਗ ਨੇ ਭਾਂਬੜ ਦਾ ਰੂਪ ਧਾਰਨ ਕੀਤਾ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੇ ਅਖੀਰਲੇ ਦਿਨ। ਜਦੋ ਸਿੱਧੂ ਨੇ ਬਠਿੰਡਾ ਹਲਕੇ ‘ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ, ਉਨ੍ਹਾਂ ਨੂੰ ਠੋਕ ਦਿਓ, ਤੇ ਉਨ੍ਹਾਂ ਨੂੰ ਵੀ ਠੋਕ ਦਿਓ ਜਿਹੜੇ 75-25 ਵਾਲੀ ਸਾਂਝੇਦਾਰੀ ਦੇ ਦੋਸ਼ਾਂ ਹੇਠ ਘਿਰੇ ਹੋਏ ਹਨ। ਸਿੱਧੂ ਦਾ ਇੰਨਾ ਕਹਿਣਾ ਸੀ ਕਿ ਪੰਜਾਬ ਦੀ ਸਿਆਸਤ ਅੰਦਰ ਵੱਡਾ ਭੂਚਾਲ ਆ ਗਿਆ ਤੇ ਗਲੀ ਗਲੀ ਖੂੰਜੇ ਖੂੰਜੇ ਵਿੱਚ ਖੜ੍ਹੇ ਕੇ ਲੋਕ ਇਹ ਸਿਆਸੀ ਚੁਗਲੀਆਂ ਕਰਦੇ ਆਪਸ ਵਿੱਚ ਇੱਕ ਦੂਜੇ ਨੂੰ ਇਹ ਪੁੱਛਦੇ ਆਮ ਨਜ਼ਰ ਆਏ ਕਿ ਆਖਰ ਇਹ 75-25 ਵਾਲੀ ਸਾਂਝੇਦਾਰੀ ਵਾਲੇ ਕੌਣ ਹਨ?
ਇਸ ਗੱਲ ਦਾ ਜਵਾਬ ਤਾਂ ਲੋਕਾਂ ਨੂੰ ਅਜੇ ਤੱਕ ਨਹੀਂ ਮਿਲਿਆ ਪਰ ਇੰਨਾ ਜਰੂਰ ਹੈ ਕਿ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਪਤਾ ਨਹੀਂ ਕਿਹੜੇ ਪਾਸੋਂ ਇੰਨੀ ਚੁਭ ਗਈ ਕਿ ਉਨ੍ਹਾਂ ਨੇ ਉਸ ਦਿਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮੀਡੀਆ ਅੱਗੇ ਦੱਬ ਕੇ ਭੜਾਸ ਕੱਢ ਦਿੱਤੀ ਜਿਸ ਦਿਨ ਲੋਕ ਵੋਟਾਂ ਪਾ ਕੇ ਆਪੋ ਆਪਣੇ ਉਮੀਦਵਾਰ ਚੁਣ ਰਹੇ ਸਨ। ਕੈਪਟਨ ਨੇ ਉਸੇ ਦਿਨ ਸੰਕੇਤ ਦੇ ਦਿੱਤੇ ਸਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿੱਧੂ ਖਿਲਾਫ ਵੱਡਾ ਐਕਸ਼ਨ ਲੈਣ ਜਾ ਰਹੇ ਹਨ ਤੇ ਇਹ ਐਕਸ਼ਨ ਉਨ੍ਹਾਂ ਨੇ ਚੋਣਾਂ ਖਤਮ ਹੁੰਦਿਆਂ ਹੀ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਲੈ ਵੀ ਲਿਆ। ਇੱਥੇ ਹੀ ਆ ਕੇ ਦੋਵਾਂ ਸਿਆਸਤਦਾਨਾਂ ਵਿੱਚਕਾਰ ਸਿਆਸੀ ਸਿੰਙ ਫਸ ਗਏ ਤੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾਂ ਦਿੱਤੇ ਜਾਣ ਦੇ ਬਾਵਜੂਦ ਆਪਣੇ ਕੈਪਟਨ ਨਾਲ ਅਕਸਰ ਮੱਥਾ ਲਾ ਬੈਠਣ ਵਾਲੇ ਸਿੱਧੂ ਨੇ ਪੰਜਾਬ ਦੇ ਕੈਪਟਨ, ਅਮਰਿੰਦਰ ਸਿੰਘ ਹੁਰਾਂ ਨਾਲ ਵੀ ਘੁੰਡੀ ਫਸਾ ਲਈ ਤੇ ਮਹਿਕਮਾਂ ਸਥਾਨਕ ਸਰਕਾਰਾਂ ਖੋਹ ਲਏ ਜਾਣ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਨਾ ਸਿਰਫ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣਾ ਵਿਰੋਧ ਦਰਜ਼ ਕਰਵਾ ਦਿੱਤਾ ਬਲਕਿ ਉਨ੍ਹਾਂ ਨੇ ਅੱਜ 10 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਬਿਜਲੀ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ।
ਇੱਧਰ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਵੀ ਸਿੱਧੂ ਦੇ ਬਿਜਲੀ ਮਹਿਕਮਾਂ ਨਾ ਸੰਭਾਲਣ ‘ਤੇ ਨਰਾਜ਼ਗੀ ਜ਼ਾਹਰ ਕੀਤੀ ਹੈ ਤੇ ਇਨ੍ਹਾਂ ਦੋਵਾਂ ਆਗੂਆਂ ਦੇ ਵਿਚਕਾਰ ਖੜ੍ਹਾ ਹੋਇਆ ਇਹ ਅਪ੍ਰਤੱਖ ਝਗੜਾ ਕੈਪਟਨ-ਸਿੱਧੂ ਵਿਵਾਦ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਹੁਣ ਹਾਲਾਤ ਇਹ ਹਨ ਕਿ ਨਾ ਸਿੱਧੂ ਝੁਕਣ ਨੂੰ ਤਿਆਰ ਹਨ ਤੇ ਨਾ ਕੈਪਟਨ। ਉੱਤੋਂ ਇਹ ਹਲਾਤ ਉਸ ਵੇਲੇ ਬਣੇ ਜਦੋਂ ਕੁੱਲ ਹਿੰਦ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲੰਘੀਆਂ ਚੋਣਾਂ ‘ਚ ਮਿਲੀ ਵੱਡੀ ਹਾਰ ਮਗਰੋਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਅਜਿਹੇ ਵਿੱਚ ਕੈਪਟਨ-ਸਿੱਧੂ ਦੇ ਚੱਲ ਰਹੇ ਵਿਵਾਦ ਦੌਰਾਨ ਪਾਰਟੀ ਨੇ ਰਾਹੁਲ ਗਾਂਧੀ ਦੇ ਪ੍ਰਧਾਨਗੀ ਵਿਕਲਪ ਦੀ ਤਲਾਸ਼ ਵੀ ਕਰਨੀ ਹੈ ਤੇ ਕਾਂਗਰਸ ਦੇ ਵੱਡੇ ਦਿਮਾਗਾਂ ਨੇ ਪੂਰੀ ਤਰ੍ਹਾਂ ਸੋਚਣ ਤੋਂ ਬਾਅਦ ਇਸ ਦਾ ਫਾਰਮੂਲਾ ਇਹ ਕੱਢਿਆ ਹੈ ਕਿ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਜਿੰਮੇਵਾਰੀ ਚਾਰ ਹਿੱਸਿਆਂ ‘ਚ ਵੰਡ ਕੇ ਚਾਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ। ਸੂਤਰਾਂ ਅਨੁਸਾਰ ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੇ ਨਾਂ ‘ਤੇ ਚਰਚਾ ਚੱਲ ਰਹੀ ਹੈ, ਤੇ ਰਾਹੁਲ ਗਾਂਧੀ ਸਿੱਧੂ ਨੇ ਇੱਕ ਸਿੱਖ ਚਿਹਰਾ ਅਤੇ ਵੱਡਾ ਨਾਂ ਹੋਣ ਦੇ ਨਾਤੇ ਆਪਣੀ ਟੀਮ ਦਾ ਹਿੱਸਾ ਬਣਾਉਣਾ ਲੋਚਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੁੱਲ ਮਿਲਾ ਕੇ ਇਸ ਨੂੰ ਕੁੱਬੇ ਨੂੰ ਵੱਜੀ ਰਾਸ ਆਈ ਲੱਤ ਕਿਹਾ ਜਾ ਸਕਦਾ ਹੈ।