Home / ਸਿਆਸਤ / ਜਗਮੀਤ ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵੰਤ ਮਾਨ..

ਜਗਮੀਤ ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵੰਤ ਮਾਨ..

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਕਿਊਰਟੀ ਵਿੰਗ ਸਤਰਕ ਹੋ ਜਾਵੇਗਾ। ਮਾਨ ਅਨੁਸਾਰ ਹੁਣੇ ਹੁਣੇ ਅਕਾਲੀ ਦਲ ‘ਚ ਸ਼ਾਮਲ ਹੋਏ ਜਗਮੀਤ ਬਰਾੜ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਇਹ ਕਦਮ ਚੁੱਕਿਆ ਹੋ ਸਕਦਾ ਹੈ। ਭਗਵੰਤ ਮਾਨ ਵੱਲੋਂ ਅਚਾਨਕ ਦਿੱਤੇ ਇਸ ਬਿਆਨ ਨਾਲ ਸਿਆਸੀ ਹਲਕਿਆਂ ਵਿੱਚ ਭੂਚਾਲ ਆ ਗਿਆ ਹੈ, ਤੇ ਹਰ ਕੋਈ ਜਗਮੀਤ ਬਰਾੜ ਵੱਲੋਂ ਆਪਣੇ ਪਿਤਾ ਦੀ ਮੌਤ ਸਬੰਧੀ ਬਾਦਲਾਂ ਖਿਲਾਫ ਪਹਿਲਾਂ ਦਿੱਤੇ ਗਏ ਬਿਆਨਾਂ ਦਾ ਰਿਕਾਰਡ ਛਾਣਨ ਲੱਗਿਆ ਹੋਇਆ ਹੈ।

ਇਹ ਰੌਲਾ ਉਦੋਂ ਪਿਆ ਜਦੋਂ ਇੱਕ ਬਿਆਨ ਵਿੱਚ ਭਗਵੰਤ ਮਾਨ ਨੇ ਇਹ ਸਵਾਲ ਕੀਤਾ, ਕਿ ਉਹ ਜਗਮੀਤ ਬਰਾੜ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਹਨ? ਉਨ੍ਹਾਂ ਕਿਹਾ ਕਿ ਕੋਈ ਵੇਲਾ ਸੀ ਜਦੋਂ ਜਗਮੀਤ ਬਰਾੜ ਇਹ ਕਹਿ ਕੇ ਸੁਖਬੀਰ ਖਿਲਾਫ ਚੋਣ ਲੜੇ ਸਨ, ਕਿ ਉਹ ਆਪਣੇ ਪਿਤਾ ਦੇ ਕਾਤਲਾਂ ਦੇ ਖਿਲਾਫ ਚੋਣ ਲੜ ਰਹੇ ਹਨ, ਤੇ ਅੱਜ ਉਹੋ ਜਗਮੀਤ ਬਰਾੜ ਉਸੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਗਏ ਹਨ। ਮਾਨ ਨੇ ਕਿਹਾ ਕਿ ਹੋ ਸਕਦਾ ਹੈ ਬਰਾੜ ਇਸ ਲਈ ਅਕਾਲੀ ਦਲ ‘ਚ ਸ਼ਾਮਲ ਹੋਏ ਹੋਣ ਤਾਂ ਕਿ ਉਹ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਸਕਣ।

ਦੱਸ ਦਈਏ ਕਿ ਜਿਸ ਵੇਲੇ ਜਗਮੀਤ ਬਰਾੜ ਦੇ ਪਿਤਾ ਦੀ ਮੌਤ ਹੋਈ ਸੀ, ਤਾਂ ਉਸ ਵੇਲੇ ਬਰਾੜ ਨੇ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਕਾਤਲ ਕੌਣ ਹਨ। ਉਸ ਤੋਂ ਬਾਅਦ 1999 ‘ਚ ਸੁਖਬੀਰ ਦੇ ਖਿਲਾਫ ਚੋਣ ਲੜਦਿਆਂ ਤਾਂ ਜਗਮੀਤ ਬਰਾੜ ਨੇ ਸਟੇਜਾਂ ਤੋਂ ਲੋਕਾਂ ਨੂੰ ਭਾਵੁਕ ਕਰਦੇ ਭਾਸ਼ਣ ਦਿੰਦਿਆਂ ਸ਼ਰੇਆਮ ਇੱਥੋਂ ਤੱਕ ਕਹਿ ਦਿੱਤਾ ਸੀ ਕਿ, “ਸੁਖਬੀਰ ਸਿੰਘ ਬਾਦਲ ਦਾ ਪਿਓ ਮੇਰੇ ਪਿਤਾ ਦਾ ਕਾਤਲ ਹੈ, ਤੇ ਤੁਸੀਂ ਮੇਰੇ ਪਿਓ ਦੇ ਕਾਤਲਾਂ ਨੂੰ ਹਰਾਓ।”

ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਨੀਅਰ ਆਗੂ ਵੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਹਿੰਦਾ ਹੈ, ਕਿ ਜਗਮੀਤ ਬਰਾੜ ਦੇ ਪਿਤਾ ਗੁਰਮੀਤ ਸਿੰਘ ਬਰਾੜ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਸਨ ਤੇ ਉਹ ਉਸ ਵੇਲੇ ਫ਼ਰੀਦਕੋਟ ਤੋਂ ਟਿਕਟ ਦੀ ਮੰਗ ਕਰ ਰਹੇ ਸਨ, ਜਦੋਂ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਅਸੈਂਬਲੀ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣਨ ਜਾ ਰਹੇ ਸਨ, ਤੇ ਫ਼ਰੀਦਕੋਟ ਦੀ ਸੀਟ ਖਾਲੀ ਹੋ ਗਈ ਸੀ। ਇਸ ਆਗੂ ਅਨੁਸਾਰ ਉਸ ਵੇਲੇ ਅਕਾਲੀ ਦਲ ਨੇ ਗੁਰਮੀਤ ਸਿੰਘ ਬਰਾੜ ਨੂੰ ਟਿਕਟ ਨਾ ਦੇ ਕੇ ਬਲਵੰਤ ਸਿੰਘ ਰਾਮੂਵਾਲੀਆ ‘ਤੇ ਭਰੋਸਾ ਕੀਤਾ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਬਰਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਇੱਧਰ ਦੂਜੇ ਪਾਸੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ, ਕਿ ਗੁਰਮੀਤ ਸਿੰਘ ਬਰਾੜ ਫ਼ਰੀਦਕੋਟ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨਾ ਚਾਹੁੰਦੇ ਸਨ, ਤੇ ਇਹ ਮੰਨਿਆ ਜਾਂਦਾ ਹੈ ਕਿ ਟਿਕਟ ਨਾ ਮਿਲਣ ਕਾਰਨ ਗੁਰਮੀਤ ਸਿੰਘ ਬਰਾੜ ਨੇ ਇਹ ਗੱਲ ਦਿਲ ‘ਤੇ ਲਾ ਲਈ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ, ਕਿ ਚੋਣ ਪ੍ਰਚਾਰ ਦੌਰਾਨ ਜਗਮੀਤ ਬਰਾੜ ਅਕਸਰ ਇਹ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਪਿਤਾ ਦੀ ਮੌਤ ਲਈ ਜਿੰਮੇਵਾਰ ਹੈ। ਜਿਸ ਗੱਲ ਨੂੰ ਜਗਮੀਤ ਬਰਾੜ ਨੇ ਇਹ ਕਹਿੰਦਿਆਂ ਨਕਾਰ ਦਿੱਤਾ ਸੀ ਕਿ,” ਇਹ ਮਾੜੀ ਮੋਟੀ ਗੱਲ ਹੈ, ਮੈ ਇਹ ਕਿਤੇ ਨਹੀਂ ਕਿਹਾ।”

 

Check Also

ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਦੇਖੋ ਕਿਹੜੀ ਗੱਲੋਂ ਕੀਤੀ ਕੋਰੀ ਨਾਂਹ, ਬੱਲੇ ਓਏ! ਐਤਕੀਂ ਤਗੜਾ ਹੋ ਕੇ ਆਇਐ ਜਾਖੜ ..

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਉਨ੍ਹਾਂ ਕਿਆਸ ਅਰਾਈਆਂ ‘ਤੇ …

Leave a Reply

Your email address will not be published. Required fields are marked *