ਆਧਾਰ ਉਪਰੇਟਰਾਂ ਤੇ ਸੁਪਰਵਾਈਜ਼ਰਾਂ ਲਈ ਸਿਖਲਾਈ ਪ੍ਰੋਗਰਾਮ

TeamGlobalPunjab
2 Min Read

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਆਧਾਰ ਉਪਰੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਯੂ.ਆਈ.ਡੀ.ਏ.ਆਈ. ਦੇ ਨਵੇਂ ਗੁਣਵਤਾ ਮਾਪਦੰਡਾਂ ਅਤੇ ਆਧੁਨਿਕ ਸਾਫ਼ਟਵੇਅਰ ਅਤੇ ਤਾਜਾ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਲਈ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਮੌਕੇ 76 ਸੁਪਰਵਾਈਜ਼ਰ ਤੇ ਉਪਰੇਟਰ ਅਤੇ ਸੇਵਾ ਕੇਂਦਰਾਂ, ਡਾਕ ਵਿਭਾਗ ਤੇ ਬੈਂਕਾਂ ਦੇ ਮਾਸਟਰ ਟ੍ਰੇਨਰਾਂ ਨੇ ਹਿੱਸਾ ਲਿਆ।
ਯੂ.ਆਈ.ਡੀ.ਏ.ਆਈ. ਦੇ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਆਧਾਰ ਡਿਪਟੀ ਡਾਇਰੈਕਟਰ ਸ੍ਰੀ ਪ੍ਰੇਮ ਠਾਕੁਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਤੇ ਡਾਕ ਵਿਭਾਗ ਤੇ ਬੈਂਕਾਂ ਦੇ ਮਾਸਟਰ ਟ੍ਰੇਨਰਾਂ ਨੂੰ ਸਮੇਂ-ਸਮੇਂ ‘ਤੇ ਸਿਖਲਾਈ ਕਰਵਾਈ ਜਾਂਦੀ ਹੈ ਤਾਂ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਅਤੇ ਲੋਕਾਂ ਦੀ ਪ੍ਰਤੀਬੇਨਤੀ ਰੱਦ ਕਰਨ ਦੀ ਦਰ ਘੱਟ ਹੋ ਸਕੇ। ਸਿਖਲਾਈ ਸਮੇਂ ਸਾਰੇ ਭਾਗੀਦਾਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਯੂ.ਆਈ.ਡੀ.ਏ.ਆਈ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਲੋਕਾਂ ਦੀ ਆਧਾਰ ਇਨਰੋਲਮੈਂਟ, ਅਪਡੇਟ ਦੇ ਕੰਮ ਨੂੰ ਨੇਪਰੇ ਚੜ੍ਹਾਇਆ ਜਾਵੇ ਅਤੇ ਇਸ ਤਰ੍ਹਾਂ ਕੀਤੇ ਜਾਣ ਨਾਲ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਵੇਗੀ ਪ੍ਰੰਤੂ ਗ਼ਲਤ ਡਾਟਾ ਭਰਨ ਨਾਲ ਇਨਰੋਲਮੈਂਟ ਰੱਦ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਨਵੀ ਆਧਾਰ ਇਨਰੋਲਮੈਂਟ ਅਤੇ 5 ਸਾਲਾਂ ਤੱਕ ਦੇ ਬੱਚਿਆਂ ਲਈ ਬਾਇਉਮੀਟ੍ਰਿਕ ਅਪਡੇਟ ਮੁਫ਼ਤ ਹੁੰਦੀ ਹੈ ਜਦੋਂਕਿ 15 ਸਾਲ ਤੱਕ ਦੇ ਬੱਚਿਆਂ ਲਈ ਇਹ ਲਾਜਮੀ ਹੈ। ਕਿਸੇ ਵੀ ਅਪਡੇਸ਼ਨ, ਨਾਮ ‘ਚ ਸੋਧ, ਜਨਮ ਮਿਤੀ, ਐਡਰੈਸ, ਮੋਬਾਇਲ ਨੰਬਰ, ਫੋਟੋਗ੍ਰਾਫ਼ ‘ਚ ਤਬਦੀਲੀ, ਬਾਇਉਮੀਟ੍ਰਿਕ ਅਪਡੇਸ਼ਨ ਕਰਵਾਉਣ ਲਈ 50 ਰੁਪਏ ਦੀ ਫੀਸ (ਸਮੇਤ ਜੀ.ਐਸ.ਟੀ.) ਵਸੂਲੀ ਜਾਵੇਗੀ। ਆਧਾਰ ਉਮਰ ਭਰ ਲਈ ਇੱਕ ਯੂਨੀਕ ਪਛਾਣ ਹੈ ਅਤੇ ਇਹ ਭਾਰਤ ਦੇ ਕਿਸੇ ਵੀ ਉਮਰ, ਲਿੰਗ ਦੇ ਨਾਗਰਿਕ ਲਈ ਯੂ.ਆਈ.ਡੀ.ਏ.ਆਈ. ਵੱਲੋਂ ਮੁਫ਼ਤ ਉਪਲਬਧ ਕਰਵਾਇਆ ਜਾ ਰਿਹਾ ਹੈ ਤੇ ਇਸਨੂੰ ਭਾਰਤ ਵਿੱਚ ਕਿਸੇ ਵੀ ਥਾਂ ਇਨਰੋਲ ਕਰਵਾਇਆ ਜਾ ਸਕਦਾ ਹੈ।
ਸ੍ਰੀ ਪ੍ਰੇਮ ਠਾਕੁਰ ਨੇ ਦੱਸਿਆ ਕਿ ਜੇਕਰ ਆਧਾਰ ਉਪਰੇਟਰ ਨਿਰਧਾਰਤ ਫੀਸ ਤੋਂ ਵਧੇਰੇ ਫੀਸ ਵਸੂਲ ਰਿਹਾ ਹੈ ਤਾਂ ਸਬੰਧਤ ਨਾਗਰਿਕ ਆਪਣੀ ਸ਼ਿਕਾਇਤ 1947 ਟੌਲ ਫ਼੍ਰੀ ਨੰਬਰ ਜਾਂ help@uidai.gov.in ‘ਤੇ ਦਰਜ ਕਰਵਾ ਸਕਦਾ ਹੈ।

Share this Article
Leave a comment