ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਐਂਡਰਸ ਹੋਲਚ ਪੋਵਲਸਨ ਦੇ 3 ਬੱਚੀਆਂ ਦੀ ਵੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਸੋਮਵਾਰ ਨੂੰ ਪੋਵਲਸਨ ਦੀ ਫੈਸ਼ਨ ਫਰਮ ਦੇ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਡੈਨਿਸ਼ ਮੀਡੀਆ ਮੁਤਾਬਕ ਪੋਵਲਸਨ ਪਰਿਵਾਰ ਸ੍ਰੀਲੰਕਾ ‘ਚ ਛੁੱਟੀਆਂ ਮਨਾਉਣ ਗਿਆ ਸੀ। ਪੋਵਲਸਨ ਫੈਸ਼ਨ ਫਰਮ ਬੈਸਟਸੇਲਰ ਦੇ ਮਾਲਕ ਹਨ, ਜਿਸ ‘ਚ ਵੋਰਾ ਮੋਡਾ ਤੇ ਜੈਕ ਐਂਡ ਜੋਨਸ ਜਿਹੇ ਬ੍ਰਾਂਡ ਸ਼ਾਮਲ ਹਨ। ਇਸ ਤੋਂ ਇਲਾਵਾ ਐਂਡਰਸ ਹੋਲਚ ਪੋਵਲਸਨ ਦੀ ਜ਼ਾਲੈਂਡੋ ‘ਚ ਵੱਡੀ ਹਿੱਸੇਦਾਰੀ ਹੈ। ਉਹ ਆਨਲਾਈਨ ਰਿਟੇਲਰ ਅਸੋਸ ‘ਚ ਸਭ ਤੋਂ ਵੱਡੇ ਹਿੱਸੇਦਾਰ ਹਨ।
ਫੋਬਰਸ ਮੁਤਾਬਕ ਪੋਵਲਸਨ ਸਕਾਟਲੌਂਡ ‘ਚ ਇੱਕ ਫੀਸਦ ਤੋਂ ਜ਼ਿਆਦਾ ਜ਼ਮੀਨ ਦੇ ਮਾਲਕ ਹਨ। ਐਤਵਾਰ ਨੂੰ ਸ੍ਰੀਲੰਕਾ ‘ਚ ਅੱਠ ਵੱਖ-ਵੱਖ ਥਾਂਵਾਂ ‘ਤੇ ਧਮਾਕਿਆਂ ‘ਚ 290 ਲੋਕਾਂ ਦੀ ਮੌਤ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋਏ ਸੀ। ਜਿਨ੍ਹਾਂ ‘ਚ ਕੁਝ ਭਾਰਤੀ ਵੀ ਸ਼ਾਮਲ ਸੀ। ਧਮਾਕਿਆਂ ‘ਚ ਹੁਣ ਤਕ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
