ਪਾਕਿਸਤਾਨ : ਅਗਵਾ ਪੱਤਰਕਾਰ ਮਤਿਉੱਲਾ 12 ਘੰਟਿਆਂ ਬਾਅਦ ਪਹੁੰਚਿਆ ਘਰ

TeamGlobalPunjab
2 Min Read

ਇਸਲਾਮਾਬਾਦ : ਪਾਕਿਸਤਾਨੀ ਪੱਤਰਕਾਰ ਮਤਿਉੱਲਾ ਜਾਨ ਨੂੰ ਇਸਲਾਮਾਬਾਦ ਦੇ ਇਕ ਪਬਲਿਕ ਸਕੂਲ ਦੇ ਬਾਹਰੋਂ ਅਗਵਾ ਕੀਤੇ ਜਾਣ ਤੋਂ 12 ਘੰਟੇ ਬਾਅਦ ਮੰਗਲਵਾਰ ਦੀ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਘਟਨਾ ਕਾਰਨ ਅਦਾਲਤ, ਮੀਡੀਆ, ਅਧਿਕਾਰ ਸਮੂਹਾਂ ਅਤੇ ਕੂਟਨੀਤਕ ਭਾਈਚਾਰੇ ਵਿੱਚ ਭਾਰੀ ਰੋਸ ਸੀ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਸਖ਼ਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਸ ਨੇ ਅਤੇ ਕਿਉਂ ਅਗਵਾ ਕੀਤਾ ਸੀ। ਸਾਰਿਆਂ ਦਾ ਮੰਨਣਾ ਹੈ ਕਿ ਇਸ ਕੰਮ ਪਿੱਛੇ ਪਾਕਿਸਤਾਨੀ ਜਾਸੂਸ ਏਜੰਸੀ ਆਈਐਸਆਈ ਦਾ ਹੱਥ ਹੋ ਸਕਦਾ ਹੈ। ਮਤਿਉੱਲਾ ਜਾਨ ਨੂੰ ਰਿਹਾਅ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਸਲਾਮਾਬਾਦ ਹਾਈ ਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ।

ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਰ ਮਿਨਲਾਹ ਨੇ ਮਤਿਉੱਲਾ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪਾਇਆ ਕਿ ਅਗਵਾ ਕਰਨ ਵਾਲਿਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਸਟਿਸ ਮਿਨੱਲਾਹ ਨੇ ਕਿਹਾ ਕਿ ਪੁਲਿਸ ਦੀ ਵਰਦੀ ਪਾ ਕੇ ਇਹ ਕੰਮ ਕਰਨਾ ਕਿਸੇ ਵਿਅਕਤੀ ਲਈ ਇਹ ਮਾਣ ਵਾਲੀ ਗੱਲ ਕਿਵੇਂ ਹੋ ਸਕਦੀ ਹੈ। ਕੀ ਲੋਕ ਇਹ ਨਹੀਂ ਮਹਿਸੂਸ ਕਰਨਗੇ ਕਿ ਪੁਲਿਸ ਦੀ ਵਰਦੀ ਪਹਿਨਣ ਨਾਲ ਕੁਝ ਵੀ ਕਰਨ ਦੀ ਆਜ਼ਾਦੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਅਗਵਾ ਕਰਨ ਵਾਲੇ ਦੇ ਵਾਹਨ ‘ਤੇ ਪੁਲਿਸ ਦੀ ਹੈਡਲਾਈਟ ਲੱਗੀ ਸੀ। ਅਦਾਲਤ ਨੇ ਵੀ ਇਸ ਮੁੱਦੇ ਨੂੰ ਲੈ ਕੇ ਪੁਲਿਸ ਨੂੰ ਝਾੜ ਪਾਈ ਅਤੇ ਅਮਨ-ਕਾਨੂੰਨ ‘ਤੇ ਚਿੰਤਾ ਜ਼ਾਹਰ ਕੀਤੀ।

Share this Article
Leave a comment